35 ਨਾਜਾਇਜ਼ ਕਾਲੋਨੀਆਂ ''ਤੇ ਚਲਾਇਆ ਬੁਲਡੋਜ਼ਰ

10/09/2017 7:32:30 AM

ਲੁਧਿਆਣਾ, (ਹਿਤੇਸ਼)- ਨਾਜਾਇਜ਼ ਕਾਲੋਨੀਆਂ ਵਿਕਸਿਤ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਮਾਮਲੇ 'ਚ ਗਲਾਡਾ ਨੇ ਜਿਥੇ ਉਨ੍ਹਾਂ ਦੀਆਂ ਰਜਿਸਟਰੀਆਂ 'ਤੇ ਰੋਕ ਲਾਉਣ 'ਚ ਕਾਮਯਾਬੀ ਹਾਸਲ ਕਰ ਲਈ ਹੈ, ਉਥੇ ਐਤਵਾਰ ਨੂੰ ਉਨ੍ਹਾਂ 'ਤੇ ਤਾਬੜ-ਤੋੜ ਐਕਸ਼ਨ ਵੀ ਕੀਤਾ, ਜਿਸ ਤਹਿਤ ਵੱਖ-ਵੱਖ ਇਲਾਕਿਆਂ 'ਚ ਕਾਰਵਾਈ ਕਰਦਿਆਂ 35 ਨਾਜਾਇਜ਼ ਕਾਲੋਨੀਆਂ 'ਤੇ ਬੁਲਡੋਜ਼ਰ ਚਲਾਇਆ ਗਿਆ।
ਗਲਾਡਾ ਅਫਸਰਾਂ ਮੁਤਾਬਕ ਬਾਹਰੀ ਇਲਾਕਿਆਂ 'ਚ ਨਵੀਆਂ ਨਾਜਾਇਜ਼ ਕਾਲੋਨੀਆਂ ਬਣਨ ਬਾਰੇ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਥੇ ਛੋਟੇ ਪਲਾਟ ਕੱਟ ਕੇ ਗਰੀਬ ਲੋਕਾਂ ਨੂੰ ਵੇਚੇ ਜਾ ਰਹੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਝਾਂਸੇ 'ਚ ਲੈਣ ਲਈ ਬਕਾਇਦਾ ਐਤਵਾਰ ਨੂੰ ਲੰਗਰ ਵੀ ਲਾਏ ਜਾਂਦੇ ਹਨ। ਇਸ ਦੇ ਮੱਦੇਨਜ਼ਰ ਕਾਰਵਾਈ ਲਈ ਐਤਵਾਰ ਦਾ ਦਿਨ ਹੀ ਚੁਣਿਆ ਗਿਆ, ਜਿਸ ਦੇ ਤਹਿਤ ਭਾਰੀ ਪੁਲਸ ਫੋਰਸ ਨਾਲ ਧਾਵਾ ਬੋਲਿਆ ਗਿਆ, ਜਿਥੇ ਪਲਾਟ ਵੇਚਣ ਲਈ ਟੈਂਟ ਲਾ ਕੇ ਹੋ ਰਹੇ ਸਮਾਰੋਹਾਂ ਨੂੰ ਖਦੇੜ ਦਿੱਤਾ ਗਿਆ ਅਤੇ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਗਲਾਡਾ ਟੀਮ ਨੇ ਕਈ ਜਗ੍ਹਾ ਨਾਜਾਇਜ਼ ਕਾਲੋਨੀਆਂ 'ਚ ਬਣੀਆਂ ਸੜਕਾਂ, ਵਾਟਰ ਸਪਲਾਈ, ਸੀਵਰੇਜ ਦੀਆਂ ਪਾਈਪਾਂ, ਫੁੱਟਪਾਥ ਅਤੇ ਸਟ੍ਰੀਟ ਲਾਈਟਾਂ ਦੇ ਖੰਭੇ ਵੀ ਤੋੜ ਦਿੱਤੇ।