ਨਹਿਰਾਂ, ਕੱਸੀਆਂ ਤੇ ਡਰੇਨਾਂ ਦੀ ਸਫਾਈ ''ਤੇ ਖਰਚੇ ਜਾਣਗੇ 100 ਕਰੋੜ ਰੁਪਏ : ਰਾਣਾ ਗੁਰਜੀਤ ਸਿੰਘ

09/08/2017 12:47:53 PM


ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਪੰਜਾਬ 'ਚ ਪਿਛਲੇ ਲੰਮੇ ਸਮੇਂ ਤੋਂ ਨਹਿਰਾਂ, ਕੱਸੀਆਂ ਅਤੇ ਡਰੇਨਾਂ ਦੀ ਯੋਜਨਾਬੰਦ ਤਰੀਕੇ ਨਾਲ ਸਾਫ-ਸਫਾਈ ਨਹੀਂ ਹੋਈ ਹੈ ਕਿਉਂਕਿ ਪਿਛਲੇ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਪਾਸੇ ਉੱਕਾ ਹੀ ਧਿਆਨ ਨਹੀਂ ਦਿੱਤਾ। ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਲਈ ਸੂਬੇ ਦੀ ਕੈਪਟਨ ਸਰਕਾਰ ਨੇ 100 ਕਰੋੜ ਰੁਪਏ ਰਾਖਵੇਂ ਰੱਖੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਵਿਭਾਗ ਨੇ ਇਸ ਕਾਰਜ ਲਈ 10 ਕਰੋੜ ਹਰ ਮਹੀਨੇ ਜਾਰੀ ਕਰਨ ਦੀ ਰਣਨੀਤੀ ਘੜੀ ਹੈ।

ਸ਼੍ਰੀ ਰਾਣਾ ਨੇ ਕਿਹਾ ਕਿ ਸਰਕਾਰ ਨੇ ਸੂਬੇ ਭਰ 'ਚ ਨਵੀਂ ਇੰਡਸਟਰੀ ਦੀ ਸਥਾਪਨਾ ਲਈ ਉਦਯੋਗਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਦਾ ਪ੍ਰਣ ਲਿਆ ਹੈ, ਜਿਸ ਨਾਲ ਪੰਜਾਬ 'ਚ ਨਵੇਂ ਉਦਯੋਗਾਂ ਦਾ ਰਸਤਾ ਪੱਧਰਾ ਹੋ ਗਿਆ। ਉਨ੍ਹਾਂ ਕਿਹਾ ਕਿ ਸੂਬੇ 'ਚੋਂ ਬੇਰੋਜ਼ਗਾਰੀ ਦੇ ਖ਼ਾਤਮੇ ਲਈ ਇੰਡਸਟਰੀ ਦੀ ਪੰਜਾਬ ਨੂੰ ਬੇਹੱਦ ਜ਼ਰੂਰਤ ਹੈ। ਪੰਜਾਬ 'ਚ ਰੇਤ ਅਤੇ ਬਜਰੀ ਦੀਆਂ ਆਸਮਾਨ ਛੂਹਦੀਆਂ ਕੀਮਤਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ਤੋਂ ਬਾਅਦ ਨਵੀਆਂ ਖੱਡਾਂ ਸ਼ੁਰੂ ਹੋਣਗੀਆਂ, ਜਿਸ ਨਾਲ ਇਨ੍ਹਾਂ ਦੇ ਰੇਟ ਹਰ ਹਾਲ 'ਚ ਕੰਟਰੋਲ ਥੱਲੇ ਹੋਣਗੇ। ਉਨ੍ਹਾਂ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਮਾਮਲੇ 'ਤੇ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਤਾਂ ਕਾਨੂੰਨ ਆਪਣੀ ਕਾਰਵਾਈ ਕਰੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।

ਇਸ ਦੌਰਾਨ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ, ਡਾ. ਹਰਜੋਤ ਕਮਲ, ਸੁਖਜੀਤ ਸਿੰਘ ਕਾਕਾ (ਦੋਵੇਂ ਵਿਧਾਇਕ), ਸੂਬਾ ਜਨਰਲ ਸਕੱਤਰ ਡਾ. ਤਾਰਾ ਸਿੰਘ ਸੰਧੂ, ਜਾਟ ਮਹਾਸਭਾ ਦੇ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ, ਲੋਕ ਸਭਾ ਹਲਕਾ ਲੁਧਿਆਣਾ ਦੇ ਇੰਚਾਰਜ ਕਮਲਜੀਤ ਸਿੰਘ ਬਰਾੜ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਕਾਂਗਰਸੀ ਆਗੂ ਅਤੇ ਹੋਰ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ।