ਕੇਜਰੀਵਾਲ ਦਾ ਪੰਜਾਬ ਨਾਲ ਪਿਆਰ ਦਾ ਦਾਅਵਾ ਝੂਠਾ : ਆਰ. ਪੀ. ਸਿੰਘ

02/03/2022 11:48:26 AM

ਚੰਡੀਗੜ੍ਹ (ਰਮਨਜੀਤ) : ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਅਤੇ ਦਿੱਲੀ ਭਾਜਪਾ ਦੇ ਬੁਲਾਰੇ ਹਰੀਸ਼ ਖੁਰਾਣਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਦਿੱਲੀ ਦੇ ਸ਼ਰਾਬ ਮਾਫ਼ੀਆ ਨਾਲ ਮਿਲੀ ਹੋਈ ਹੈ ਅਤੇ ਦਿੱਲੀ ਦੀ ਸ਼ਰਾਬ ਦਾ ਪੈਸਾ ਪੰਜਾਬ ਚੋਣਾਂ ਵਿਚ ਵਰਤਿਆ ਗਿਆ ਹੈ। ਪੰਜਾਬ ਭਾਜਪਾ ਦਫ਼ਤਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਵਿਚ ਆਰ. ਪੀ. ਸਿੰਘ ਨੇ ਕਿਹਾ ਕਿ ਦਿੱਲੀ ਵਿਚ ਸਿਰਫ਼ 250 ਸ਼ਰਾਬ ਦੇ ਠੇਕੇ ਸਨ ਪਰ ਪਿਛਲੇ ਦੋ ਮਹੀਨਿਆਂ ਵਿਚ ਇਨ੍ਹਾਂ ਦੀ ਗਿਣਤੀ 849 ਹੋ ਗਈ ਹੈ। ਜਦੋਂ ਕਿ ਦਿੱਲੀ ਦੇ 3 ਹਜ਼ਾਰ ਬਾਰ ਅਤੇ ਪੱਬ ਇਨ੍ਹਾਂ ਤੋਂ ਵੱਖਰੇ ਹਨ।
ਆਰ. ਪੀ. ਸਿੰਘ ਅਤੇ ਹਰੀਸ਼ ਖੁਰਾਣਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 24 ਜਨਵਰੀ ਨੂੰ ਜਾਰੀ ਕੀਤੇ ਗਏ ਹੁਕਮ ਨੂੰ ਦਿਖਾਇਆ, ਜਿਸ ਵਿਚ ਦਿੱਲੀ ਦੇ ਸਲਾਨਾ ਕੈਲੰਡਰ ਵਿਚ 21 ਡ੍ਰਾਈ-ਡੇਅ ਦੀ ਗਿਣਤੀ ਘਟਾ ਕੇ ਸਿਰਫ਼ 3 ਕੀਤੀ ਗਈ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕੇਜਰੀਵਾਲ ਨੇ ਕਿਸੇ ਵੀ ਧਾਰਮਿਕ ਦਿਨ ਨੂੰ ਡ੍ਰਾਈ ਡੇਅ ਲਿਸਟ ’ਚ ਬਰਕਰਾਰ ਨਹੀਂ ਰੱਖਿਆ ਹੈ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਵੀ ਸ਼ਾਮਲ ਹਨ।

ਹਰੀਸ਼ ਖੁਰਾਣਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ-ਪੰਜਾਬੀਆਂ ਅਤੇ ਹੋਰਨਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਵੇ ਜਾਂ ਰਾਮ ਨੌਮੀ ਜਾਂ ਕੋਈ ਹੋਰ ਤਿਓਹਾਰ, ਹਰ ਕਿਸੇ ਨੂੰ ਦਿੱਲੀ ’ਚ ਸ਼ਰਾਬ ਪੀਣ ਦੀ ਇਜਾਜ਼ਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਰਾਬ ’ਤੇ 2 ਫ਼ੀਸਦੀ ਕਮਿਸ਼ਨ ਸੀ ਪਰ ਇਸ ਨੂੰ ਵਧਾ ਕੇ 12 ਫ਼ੀਸਦੀ ਕਰ ਦਿੱਤਾ ਗਿਆ ਹੈ ਅਤੇ ਠੇਕੇ ਦੇ ਲਾਇਸੈਂਸ ਦੀ ਮਿਆਦ ਵੀ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ।
 

Babita

This news is Content Editor Babita