ਜਦੋਂ ਗੱਡੀ ਛੱਡ ਕੇ ਖੇਤਾਂ ’ਚ ਲੁਕੇ ਅਣਪਛਾਤੇ ਵਿਅਕਤੀ ਨੂੰ ਪਿੰਡ ਦੇ ਨੌਜਵਾਨਾਂ ਨੇ ਫਡ਼ ਕੇ ਪੁਲਸ ਹਵਾਲੇ ਕੀਤਾ

02/18/2019 3:58:21 AM

ਰੋਪੜ (ਸ਼ਰਮਾ)-ਅੱਜ ਸ਼ਾਮ ਨਜ਼ਦੀਕੀ ਪਿੰਡ ਢੱਕੀ ਨੇਡ਼ੇ ਘਨੌਲਾ ਵਿਖੇ ਉਸ ਵੇਲੇ ਸਥਿਤੀ ਗੰਭੀਰ ਹੋ ਗਈ, ਜਦੋਂ ਇਕ ਕਾਰ ਦੇ ਪਿੱਛੇ ਪੁਲਸ ਦੀ ਗੱਡੀ ਲੱਗੀ ਹੋਣ ਕਾਰਨ ਕਾਰ ਸਵਾਰ ਆਪਣੀ ਕਾਰ ਛੱਡ ਕਣਕ ਦੇ ਖੇਤਾਂ ’ਚ ਲੁਕ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਕਾਰ ਜਿਸ ’ਤੇ ਦਿੱਲੀ ਨੰਬਰ ਦੀ ਪਲੇਟ ਲੱਗੀ ਹੋਈ ਸੀ ਉਸ ਪਿੱਛੇ ਘਨੌਲੀ ਪੁਲਸ ਦੀ ਗੱਡੀ ਲੱਗੀ ਹੋਈ ਸੀ। ਕਾਰ ਚਾਲਕ ਘਨੌਲਾ ਸਡ਼ਕ ’ਤੇ ਸੈਣੀ ਮਜਰਾ ਢੱਕੀ ਵੱਲ ਕਾਰ ਭਜਾ ਲਿਆਇਆ ਤੇ ਅੱਗੇ ਉਸਦੀ ਕਾਰ ਖੇਤ ’ਚ ਫਸ ਗਈ ਤੇ ਉਕਤ ਵਿਅਕਤੀ ਕਾਰ ਛੱਡ ਕੇ ਭੱਜ ਗਿਆ ਤੇ ਕਣਕ ਦੇ ਖੇਤਾਂ ’ਚ ਛਿਪ ਗਿਆ। ਜਿੰਨੀ ਦੇਰ ਨੂੰ ਪੁਲਸ ਕਾਰ ਦਾ ਮੁਆਇਨਾ ਕਰ ਰਹੀ ਸੀ ਤਾਂ ਪਿੰਡ ਦੇ ਨੌਜਵਾਨਾਂ ਨੇ ਖੇਤਾਂ ’ਚ ਛਿਪੇ ਉਕਤ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਉਕਤ ਵਿਅਕਤੀ ਨੂੰ ਇਕ ਖੇਤ ’ਚੋਂ ਨੌਜਵਾਨਾਂ ਨੇ ਫਡ਼ ਕੇ ਘਨੌਲੀ ਪੁਲਸ ਦੇ ਹਵਾਲੇ ਕਰ ਦਿੱਤਾ। ਕੀ ਕਹਿਣੈ ਪੁਲਸ ਚੌਕੀ ਘਨੌਲੀ ਦੇ ਇੰਚਾਰਜ ਦਾ-ਇਸ ਸਬੰਧੀ ਪੁਲਸ ਚੌਕੀ ਘਨੌਲੀ ਦੇ ਇੰਚਾਰਜ ਸਬ ਇੰਸਪੈਕਟਰ ਬਲਬੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੁਲਸ ਨੂੰ ਇਕ ਸੂਚਨਾ ਮਿਲੀ ਸੀ ਕਿ ਉਕਤ ਕਾਰ ਨੰਬਰ ਦਾ ਸਵਾਰ ਊਨਾ ਹਿਮਾਚਲ ਵਿਖੇ ਇਕ ਕਾਰ ਦੀ ਲੁੱਟ ਕਰਨ ਉਪਰੰਤ ਰੋਪਡ਼ ਵੱਲ ਭੱਜਿਆ ਹੈ। ਸੁਚਨਾ ਦੇ ਆਧਾਰ ’ਤੇ ਉਨ੍ਹਾਂ ਦੀ ਪਾਰਟੀ ਵੱਲੋਂ ਜ਼ਿਲਾ ਪੁਲਸ ਮੁਖੀ ਤੇ ਡੀ. ਅੈੱਸ. ਐੱਸ. ਪੀ.(ਆਰ) ਦੇ ਨਿਰਦੇਸ਼ਾਂ ਮੁਤਾਬਕ ਨਾਕਾਬੰਦੀ ਕਰ ਦਿੱਤੀ। ਪੁਲਸ ਦੀ ਨਾਕਾਬੰਦੀ ਨੂੰ ਦੇਖ ਕੇ ਉਕਤ ਵਿਅਕਤੀ ਕਾਰ ਨੂੰ ਘਨੌਲਾ ਵੱਲ ਭਜਾ ਕੇ ਲੈ ਗਿਆ ਤੇ ਉਕਤ ਥਾਂ ’ਤੇ ਉਸਦੀ ਕਾਰ ਫਸ ਗਈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੂੰ ਫਡ਼ ਕੇ ਕਾਰਵਾਈ ਕਰ ਦਿੱਤੀ ਹੈ ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਉਕਤ ਵਿਅਕਤੀ ਆਪਣਾ ਨਾਂ ਰਾਜੂ ਦੱਸਦਾ ਹੈ ਤੇ ਆਪਣੇ ਆਪ ਨੂੰ ਪਟਿਆਲਾ ਦਾ ਰਹਿਣ ਵਾਲਾ ਦੱਸਦਾ ਹੈ। ਦੂਜੇ ਪਾਸੇ ਕਾਰ ’ਤੇ ਲੱਗੀ ਨੰਬਰ ਪਲੇਟ ਵੀ ਕਿਸੇ ਹੋਰ ਕਾਰ ਦੀ ਹੈ। ਕੀ ਕਹਿਣਾ ਹੈ ਡੀ. ਐੱਸ. ਐੱਸ. ਪੀ. (ਆਰ) ਦਾ-ਇਸ ਸਬੰਧੀ ਰੂਪਨਗਰ ਦੇ ਡੀ.ਐੱਸ.ਐੱਸ.ਪੀ. (ਆਰ) ਗੁਰਵਿੰਦਰ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਕਾਰਵਾਈ ’ਚ ਲੱਗੀ ਹੋਈ ਹੈ ਤੇ ਪੂਰਾ ਮਾਮਲਾ ਪਡ਼ਤਾਲ ਤੋਂ ਬਾਅਦ ਹੀ ਸਾਹਮਣੇ ਆਵੇਗਾ। ਦੂਜੇ ਪਾਸੇ ਇਲਾਕੇ ’ਚ ਜਿਥੇ ਉਕਤ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਹੀ ਨੌਜਵਾਨਾਂ ਦੀ ਬਹਾਦਰੀ ਦੀ ਵੀ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।