ਮੁੱਖ ਮੰਤਰੀ ਦੇ ਦੌਰੇ ਕਾਰਨ ਟੁੱਟੀਆਂ ਸਡ਼ਕਾਂ ਦੇ ਭਾਗ ਜਾਗੇ

02/18/2019 3:52:45 AM

ਰੋਪੜ (ਭੰਡਾਰੀ)-ਮੁੱਖ ਮੰਤਰੀ ਪੰਜਾਬ ਕੈਪ. ਅਮਰਿੰਦਰ ਸਿੰਘ ਦੇ ਅੱਜ ਨੂਰਪੁਰਬੇਦੀ ਦੌਰੇ ਨੂੰ ਲੈ ਕੇ ਲੰਬੇ ਸਮੇਂ ਤੋਂ ਚੁੱਪ ਵੱਟ ਕੇ ਬੈਠੇ ਲੋਕ ਨਿਰਮਾਣ ਵਿਭਾਗ ਦੇ ਕਾਮੇ ਸਵੇਰ ਤੋਂ ਹੀ ਸਡ਼ਕਾਂ ਦੀ ਲੀਪਾ-ਪੋਚੀ ਕਰਨ ’ਚ ਜੁਟੇ ਦੇਖੇ ਗਏ। ਜ਼ਿਕਰਯੋਗ ਹੈ ਕਿ ਪਿੰਡ ਰੌਲੀ ਦੇ ਪੁਲਵਾਮਾ ਵਿਖੇ ਸ਼ਹੀਦ ਹੋਏ ਸੈਨਿਕ ਕੁਲਵਿੰਦਰ ਸਿੰਘ ਦੇ ਮਾਪਿਆਂ ਨਾਲ ਮੁੱਖ ਮੰਤਰੀ ਵੱਲੋਂ ਮੁਲਾਕਾਤ ਕਰਨ ਸਬੰਧੀ ਪ੍ਰੋਗਰਾਮ ਬਾਰੇ ਜਦੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਆਦੇਸ਼ ਹਾਸਿਲ ਹੋਇਆ ਤਾਂ ਬਿਨਾਂ ਦੇਰੀ ਕੀਤੇ ਵਿਭਾਗ ਵਲੋਂ ਸ਼ਹੀਦ ਦੇ ਘਰਾਂ ਤੱਕ ਜਾਣ ਵਾਲੇ ਮਾਰਗ ਦੀ ਦਸ਼ਾ ਸੁਧਾਰਨ ਲਈ ਭਾਰੀ ਸੰਖਿਆ ’ਚ ਮਜ਼ਦੂਰਾਂ ਨੂੰ ਕੰਮ ’ਤੇ ਲਗਾ ਦਿੱਤਾ ਗਿਆ। ਇਸ ਦੌਰਾਨ ਨਿਰਮਾਣ ਏਜੰਸੀ ਵਲੋਂ ਖੱਡਿਆਂ ਨੂੰ ਭਰਨ ਲਈ ਦੇਖਦੇ ਹੀ ਦੇਖਦੇ ਮਿੱਟੀ ਨਾਲ ਲੱਦੀਆਂ ਟ੍ਰਾਲੀਆਂ ਸਡ਼ਕਾਂ ’ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਪਹਿਲਾਂ ਹੀ ਤਾਇਨਾਤ ਕੀਤੀ ਲੇਬਰ ਵੱਲੋਂ ਮਿੰਟਾਂ ’ਚ ਹੀ ਖੱਡੇ ਭਰ ਦਿੱਤੇ ਗਏ। ਲੋਕਾਂ ਦਾ ਕਹਿਣਾ ਸੀ ਕਿ ਜਿਹਡ਼ਾ ਵਿਭਾਗ ਸਡ਼ਕਾਂ ਦੀ ਦਸ਼ਾ ਸੁਧਾਰਨ ਲਈ ਲੋਕਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਨੂੰ ਨਜ਼ਰਅੰਦਾਜ਼ ਕਰਦਾ ਆ ਰਿਹਾ ਸੀ ਅੱਜ ਮੁੱਖ ਮੰਤਰੀ ਦੀ ਆਮਦ ’ਤੇ ਸਡ਼ਕਾਂ ਦੀ ਹਾਲਤ ਸੁਧਾਰਨ ਲਈ ਪੱਬਾਂ ਭਾਰ ਹੋਇਆ ਪਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਦੇ ਅਧਿਕਾਰੀਆਂ ਨੇ ਪਹਿਲਾਂ ਆਪਣੀ ਜ਼ਰਾ ਵੀ ਜ਼ਿੰਮਵਾਰੀ ਸਮਝੀ ਹੁੰਦੀ ਤਾਂ ਅੱਜ ਮਿੰਟਾਂ ’ਚ ਕੰਮ ਮੁਕਾਉਣ ਲਈ ਜੋਸ਼ ਦਿਖਾਉਣ ਦੀ ਨੌਬਤ ਨਾ ਆਉਂਦੀ। ਜਲ ਸਪਲਾਈ ਕਾਮੇ ਵੀ ਲੀਕੇਜ ਦੂਰ ਕਰਨ ’ਚ ਜੁਟੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੇ ਵੀ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਆਪਣੀ ਸਰਗਰਮੀ ਦਿਖਾਈ। ਜ਼ਿਕਰਯੋਗ ਹੈ ਕਿ ਕੀਰਤਪੁਰ ਸਾਹਿਬ ਤੋਂ ਨੂਰਪੁਰਬੇਦੀ ਖੇਤਰ ਦੇ 50 ਤੋਂ ਵੀ ਵੱਧ ਪਿੰਡਾਂ ਨੂੰ ਬਹੁ-ਕਰੋਡ਼ੀ ਪ੍ਰੋਜੈਕਟ ਤਹਿਤ ਦਿੱਤੀ ਜਾਣ ਵਾਲੀ ਆਰ.ਓ. ਵਾਟਰ ਦੀ ਸਪਲਾਈ ਲਈ ਵਿਭਾਗ ਵੱਲੋਂ ਸਡ਼ਕਾਂ ਦੇ ਨਾਲ-ਨਾਲ ਪਾਈ ਗਈ ਪਾਈਪ ਲਾਈਨ ਦੇ ਕਈ ਸਥਾਨਾਂ ਤੋਂ ਟੁੱਟੇ ਹੋਣ ਕਰ ਕੇ ਲੀਕੇਜ ਦੇ ਕਾਰਨ ਵੱਖ-ਵੱਖ ਥਾਈਂ ਪਾਣੀ ਦਾ ਛੱਪਡ਼ ਲੱਗਿਆ ਹੋਇਆ ਸੀ। ਵਿਭਾਗ ਦੇ ਕਰਮਚਾਰੀ ਵੀ ਸਡ਼ਕਾਂ ’ਤੇ ਹੋ ਰਹੀ ਉਕਤ ਲੀਕੇਜ ਨੂੰ ਦੂਰ ਕਰਨ ’ਚ ਸਵੇਰ ਤੋਂ ਹੀ ਕੰਮ ’ਤੇ ਜੁਟੇ ਹੋਏ ਸਨ।