ਤਖਤ ਸ੍ਰੀ ਕੇਸਗਡ਼੍ਹ ਸਾਹਿਬ ਜਾਂਦੇ ਰਸਤੇ ’ਚ ਖਡ਼੍ਹਦੀਆਂ ਨਾਜਾਇਜ਼ ਰੇਹਡ਼ੀਆਂ ਵਾਲਿਆਂ ਤੇ ਕੀਤੀ ਪੁਲਸ ਨੇ ਸਖਤੀ

02/12/2019 4:19:04 AM

ਰੋਪੜ (ਦਲਜੀਤ)-ਵੇਰਕਾ ਚੌਂਕ ਤੋਂ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਜਾਂਦੇ ਰਸਤੇ ’ਚ ਖਡ਼੍ਹਦੀਆਂ ਨਾਜਾਇਜ਼ ਰੇਹਡ਼ੀਆਂ ਵਾਲਿਆਂ ਤੇ ਅੱਜ ਸਥਾਨਕ ਪੁਲਸ ਵਲੋਂ ਸਖਤੀ ਵਰਤਦਿਆਂ ਰੇਹਡ਼ੀਆਂ ਆਪਣੇ ਕਬਜ਼ੇ ’ਚ ਲੈ ਲਈਆਂ ਗਈਆਂ। ਸਿਟੀ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਕੁਲਗਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਸਤੇ ’ਚ ਰੁਕਾਵਟਾਂ ਪਾਉਂਦੇ ਇਨ੍ਹਾਂ ਰੇਹਡ਼ੀਆਂ ਵਾਲਿਆਂ ਨੂੰ ਅਸੀਂ ਕਈ ਵਾਰ ਚਿਤਾਵਨੀ ਦੇ ਚੁੱਕੇ ਸੀ ਪਰ ਇਨ੍ਹਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ ਸੀ, ਜਿਸ ਕਾਰਨ ਅੱਜ ਅਸੀਂ ਇਨ੍ਹਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਅਗਰ ਕੋਈ ਰੇਹਡ਼ੀ ਵਾਲਾ ਇਸ ਤਰ੍ਹਾਂ ਰਸਤੇ ’ਚ ਖੜ੍ਹ ਕੇ ਟ੍ਰੈਫਿਕ ’ਚ ਵਿਘਨ ਪਾਵੇਗਾ ਤਾਂ ਉਸ ਖਿਲਾਫ ਵੀ ਇਸੇ ਤਰ੍ਹਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ. ਐੱਸ. ਆਈ. ਸਤਵੰਤ ਸਿੰਘ ਸਮੇਤ ਸਮੂਹ ਮੁਲਾਜ਼ਮ ਹਾਜ਼ਰ ਸਨ। ਪੁਲਸ ਵਲੋਂ ਕੀਤੀ ਇਸ ਕਾਰਵਾਈ ਕਾਰਨ ਸ਼ਹਿਰ ਵਾਸੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ ਅਤੇ ਮੰਗ ਕੀਤੀ ਹੈ ਕਿ ਇਹ ਕਾਰਵਾਈ ਨਿਰੰਤਰ ਜਾਰੀ ਰਹਿਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਰੇਹਡ਼ੀਆਂ ਵਾਲਿਆਂ ਵਲੋਂ ਰਸਤੇ ’ਚ ਖਡ਼੍ਹਨ ਅਤੇ ਟ੍ਰੈਫਿਕ ’ਚ ਵਿਘਨ ਪਾਉਣ ਸਬੰਧੀ ਲੰਘੀ 21 ਦਸੰਬਰ ਨੂੰ ‘ਜਗ ਬਾਣੀ’ ਵਲੋਂ ਪ੍ਰਮੁੱਖਤਾ ਨਾਲ ਖਬਰ ਵੀ ਪ੍ਰਕਾਸ਼ਤ ਕੀਤੀ ਗਈ ਸੀ। ਲਾਈ ਖਬਰ ’ਚ ਸ਼੍ਰੋਮਣੀ ਕਮੇਟੀ ਵਲੋਂ ਆਪਣੀ ਠੇਕੇ ’ਤੇ ਦਿੱਤੀ ਜਮੀਨ ਨੂੰ ਅੱਗੋਂ ਸਬੰਧਿਤ ਠੇਕੇਦਾਰ ਵਲੋਂ ਆਰਜੀ ਦੁਕਾਨਾਂ ਲਾਉਣ ਲਈ ਦਿੱਤੇ ਜਾਣ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ ਸੀ ਅਤੇ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਦੇ ਮੈਨੇਜਰ ਸ. ਜਸਬੀਰ ਸਿੰਘ ਦੇ ਧਿਆਨ ’ਚ ਵੀ ਇਹ ਮਾਮਲਾ ਲਿਆਂਦਾ ਗਿਆ ਸੀ ।