ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ 1 ਵਿਅਕਤੀ ਦੀ ਮੌਤ

01/23/2019 9:24:30 AM

ਰੋਪੜ (ਰਾਜੇਸ਼)- ਬਲਾਚੌਰ-ਰੋਪਡ਼ ਰਾਜ ਮਾਰਗ ’ਤੇ ਪੈਂਦੇ ਪਿੰਡ ਪਨਿਆਲੀ ਖੁਰਦ ਕੋਲ ਤੇਜ਼ ਰਫ਼ਤਾਰ ਕਿਸੇ ਅਣਪਛਾਤੇ ਵਾਹਨ ਦੇ ਚਾਲਕ ਨੇ ਇਕ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਠਗਡ਼੍ਹ ਦੇ ਐੱਸ. ਐੱਚ. ਓ. ਜਾਗਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਵਾ 8 ਵਜੇ ਦੇ ਕਰੀਬ ਉਨ੍ਹਾਂ ਨੂੰ ਪਨਿਆਲੀ ਖੁਰਦ ਕੋਲ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਏ. ਐੱਸ. ਆਈ. ਪਲਵਿੰਦਰ ਸਿੰਘ ਅਤੇ ਹੌਲਦਾਰ ਜੁਝਾਰ ਸਿੰਘ ਨੂੰ ਘਟਨਾ ਸਥਾਨ ’ਤੇ ਭੇਜਿਆ ਅਤੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਪੈਦਲ ਜਾ ਰਿਹਾ ਸੀ, ਜਿਸ ਨੂੰ ਕੋਈ ਤੇਜ਼ ਰਫਤਾਰ ਵਾਹਨ ਦਾ ਚਾਲਕ ਬੁਰੀ ਤਰ੍ਹਾਂ ਕੁਚਲ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਦੀ ਪਛਾਣ ਲਈ ਉਸ ਨੂੰ ਬਲਾਚੌਰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ, ਇਸ ਹਾਦਸੇ ਸਬੰਧੀ ਜਦੋਂ ਥਾਣਾ ਕਾਠਗਡ਼੍ਹ ਤੋਂ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਤਾਂ ਉੱਥੇ ਉਕਤ ਮ੍ਰਿਤਕ ਵਿਅਕਤੀ ਦੇ ਪਿੰਡ ਬੱਛੂਆਂ ਦੇ ਕੁਝ ਮੋਹਤਬਰ ਵਿਅਕਤੀ ਮੌਜੂਦ ਸਨ, ਜਿਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਬੱਲੂ (55) ਪੁੱਤਰ ਅਮਰ ਸਿੰਘ ਉਨ੍ਹਾਂ ਦੇ ਪਿੰਡ ਦਾ ਵਸਨੀਕ ਹੈ।