ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਾਜਰਾ ਵਿਖੇ ਬੱਚਿਆਂ ਦੇ ਇਲਾਜ ਲਈ ਵਿਭਾਗ ਸ਼ੁਰੂ

01/23/2019 9:23:24 AM

ਰੋਪੜ (ਬ੍ਰਹਮਪੁਰੀ)-ਕੰਢੀ ਬੀਤ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਦੇ ਰਹੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਾਜਰਾ ਵਿਖੇ ਇਲਾਕੇ ਦੀ ਲੋੜ ਨੂੰ ਸਮਝਦਿਆਂ ਬੱਚਿਆਂ ਦੇ ਇਲਾਜ ਲਈ ਵਿਭਾਗ ਸ਼ੁਰੂ ਕੀਤਾ ਗਿਆ ਹੈ। ਇਸ ਵਾਸਤੇ ਬੱਚਿਆਂ ਦੇ ਮਾਹਿਰ ਡਾ. ਆਰ. ਕੇ. ਬੈਂਸ (ਐੱਮ. ਡੀ.) ਨੇ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਟਰੱਸਟ ਦੀ ਪ੍ਰਧਾਨ ਬੀਬੀ ਸੁਸ਼ੀਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਬੁੱਧ ਸਿੰਘ ਜੀ ਢਾਹਾਂ ਵੱਲੋਂ ਦੇਸ਼-ਵਿਦੇਸ਼ਾਂ ’ਚ ਬੈਠੀਆਂ ਇਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਨਾਲ ਬਣਾਏ ਚੈਰੀਟੇਬਲ ਹਸਪਤਾਲ ’ਚ ਸਮੇਂ-ਸਮੇਂ ’ਤੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਹਰ ਤਰ੍ਹਾਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੈਰੀਟੇਬਲ ਹਸਪਤਾਲ ’ਚ ਪਹਿਲਾਂ ਜਿੱਥੇ ਮੈਡੀਸਨ ਦੇ ਮਾਹਿਰ, ਗਾਇਨੀ, ਅੱਖਾਂ, ਦੰਦਾਂ ਦੇ ਰੋਗਾਂ ਦੇ ਮਾਹਿਰ, ਜਨਰਲ ਅਤੇ ਦੂਰਬੀਨ ਨਾਲ ਹਰ ਤਰ੍ਹਾਂ ਦੀ ਸਰਜਰੀ ਤੋਂ ਇਲਾਵਾ ਬਹੁਤ ਘੱਟ ਖਰਚੇ ’ਤੇ ਕਿਡਨੀ ਰੋਗਾਂ ਨਾਲ ਪੀੜਤਾਂ ਦਾ ਡਾਇਲਸਿਸ ਕੀਤਾ ਜਾਂਦਾ ਹੈ, ਉੱਥੇ ਹੀ ਹੁਣ ਬੱਚਿਆਂ ਦਾ ਨਵਾਂ ਵਿਭਾਗ ਬਣਾ ਕੇ ਹਰ ਰੋਜ਼ ਸਵੇਰੇ 9:00 ਤੋਂ 3:00 ਵਜੇ ਤੱਕ ਓ. ਪੀ. ਡੀ., ਐਮਰਜੈਂਸੀ 2 ਘੰਟੇ, ਬੱਚਿਆਂ ਦੀ ਹਰ ਤਰ੍ਹਾਂ ਦੀ ਬੀਮਾਰੀ ਤੋਂ ਨਿਜਾਤ ਦਿਵਾਉਣ ਲਈ ਮਾਹਿਰ ਡਾਕਟਰ ਦੀਆਂ ਸੇਵਾਵਾਂ, ਬੱਚਿਆਂ ਦਾ ਹਰ ਤਰ੍ਹਾਂ ਦਾ ਟੀਕਾਕਰਨ, ਐੱਨ. ਆਈ. ਸੀ. ਯੂ. ਦੀ ਸੁਵਿਧਾ, ਫੋਟੋਥੈਰੇਪੀ, ਵਾਰਮਰ ਆਦਿ ਸਮੇਤ ਬੱਚਿਆਂ ਲਈ ਬਹੁਤ ਘੱਟ ਖਰਚ ’ਤੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ, ਜਿਸ ਦਾ ਕੰਢੀ ਬੀਤ ਦੇ ਲੋਕਾਂ ਨੂੰ ਵਧੇਰੇ ਲਾਭ ਲੈਣਾ ਚਾਹੀਦਾ ਹੈ।