ਨਵ-ਵਿਆਹੀ ਜੋੜੀ ਨੇ ਰਿਸੈਪਸ਼ਨ ਪਾਰਟੀ ਦੀ ਥਾਂ ਲਾਇਆ ਖੂਨ ਦਾਨ ਕੈਂਪ

01/20/2019 11:49:48 AM

ਰੋਪੜ (ਮਨੋਰੰਜਨ)- ਖਰਚੀਲੇ ਵਿਆਹ ਦੀ ਜਗ੍ਹਾ ਪਿੰਡ ਭੀਣ ਦੇ ਅਮਰਜੋਤ ਸਿੰਘ ਨੇ ਆਪਣੀ ਲਾਡ਼ੀ ਅਮਨ ਸਹੋਤਾ ਦੀ ਡੋਲੀ ਰੋਡਵੇਜ਼ ਦੀ ਬੱਸ ’ਚ ਲਿਆ ਕੇ ਜੋ ਸਮਾਜ ਨੂੰ ਸਾਦਗੀ ਦਾ ਸੰਦੇਸ਼ ਦਿੱਤਾ ਹੈ ਉਸ ਨੂੰ ਅੱਗੇ ਵਧਾਉਂਦੇ ਹੋਏ ਵਿਆਹ ਦੇ ਦੂਸਰੇ ਦਿਨ ਜਿਥੇ ਲੋਕ ਰਿਸੈਪਸ਼ਨ ਪਾਰਟੀ ਕਰਦੇ ਹਨ ਉਥੇ ਇਸ ਜੋਡ਼ੀ ਨੇ ਆਪਣੇ ਵਿਹਡ਼ੇ ਵਿਚ ਖੂਨ ਦਾਨ ਕੈਂਪ ਲਾ ਕੇ ਇਨਸਾਨੀਅਤ ਦੀ ਸੇਵਾ ਦੇ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਲਿਆ। ਇਸ ਤਰ੍ਹਾਂ ਅਮਰਜੋਤ ਤੇ ਅਮਨ ਨੇ ਆਪਣੇ ਵਿਵਾਹਿਕ ਜ਼ਿੰਦਗੀ ਦੀ ਸ਼ੁਰੂਆਤ ਖੂਨ ਦਾਨ ਕਰ ਕੇ ਕੀਤੀ। ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਦੇ ਨੌਜਵਾਨਾਂ ਵਲੋਂ ਏਕ ਰਿਸ਼ਤਾ ਇਸਾਨੀਅਤ ਵੈੱਲਫੇਅਰ ਸੋਸਾਇਟੀ ਦਾ ਗਠਨ ਕੀਤਾ ਹੈ। ਜਿਸ ਦਾ ਮੁੱਖ ਮਕਸਦ ਇਨਸਾਨਾਂ ਦੀ ਸਾਦਗੀ ਦਿਖਾਉਂਦੇ ਹੋਏ ਏਕਤਾ ਕਾਇਮ ਕਰ ਕੇ ਸਮਾਜ ਦੀ ਸੇਵਾ ਕਰਨਾ ਹੈ। ਇਸ ਸੰਸਥਾ ਦੇ ਸਕੱਤਰ ਅਮਰਜੋਤ ਸਿੰਘ ਨੇ ਸ਼ਨੀਵਾਰ ਨੂੰ ਪਿੰਡ ਭੀਣ ਵਿਚ ਆਪਣੇ ਘਰ ਬਲੱਡ ਡੋਨਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਸਵੈ-ਇਛੁੱਕ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ। ਜਿਸ ਵਿਚ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੇ ਖੂਨ ਦਾਨ ਕੀਤਾ। ਰਿਟਾਇਰਡ ਸਿਵਲ ਸਰਜਨ ਤੇ ਸਮਾਜ ਸੇਵੀ ਡਾ. ਅਜੇ ਬੱਗਾ ਨੇ ਲਾਡ਼ੇ ਤੇ ਲਾਡ਼ੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਦੌਰਾਨ ਡਾਕਟਰ ਅਜੇ ਬੱਗਾ ਨੇ ਕਿਹਾ ਕਿ ਨਵ-ਵਿਆਹੀ ਜੋਡ਼ੀ ਨੇ ਖੂਨ ਦਾਨ ਕਰ ਕੇ ਪ੍ਰਮਾਤਮਾ ਤੋਂ ਜੋ ਆਸ਼ੀਰਵਾਦ ਲਿਆ ਉਹ ਉਨ੍ਹਾਂ ਨੂੰ ਸਮਾਜ ਸੇਵਾ ਦੇ ਲਈ ਹੋਰ ਪ੍ਰੇਰਿਤ ਕਰੇਗਾ। ਅੱਜ ਖੂਨ ਦਾਨ ਕੈਂਪ ਦੇ ਮੌਕੇ ਬੀ.ਡੀ.ਸੀ. ਦੇ ਪ੍ਰਧਾਨ ਪੁਸ਼ਪ ਰਾਜ ਕਾਲੀਆ, ਏਕ ਰਿਸ਼ਤਾ ਇਨਸਾਨੀਅਤ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ, ਜੋਗਾ ਸਿੰਘ ਸਾਦਡ਼ਾ, ਅਭੀ ਗੋਇਲ ਆਦਿ ਹਾਜ਼ਰ ਸਨ।