ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਡਲਿਵਰੀ ਦੌਰਾਨ ਬੱਚੇ ਦੀ ਮੌਤ

01/16/2019 9:23:07 AM

ਰੋਪੜ (ਗੁਰਭਾਗ)-ਨੰਗਲ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਨਜ਼ਦੀਕੀ ਪਿੰਡ ਢੇਰ ਦੀ ਗਰਭਵਤੀ ਔਰਤ ਦੀ ਡਲਿਵਰੀ ਦੌਰਾਨ ਬੱਚੇ ਦੀ ਮੌਤ ਹੋਣ ਜਾਣ ਦੇ ਸਮਾਚਾਰ ਨੇ ਸ਼ਹਿਰ ਅਤੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਡ਼ਕੀ ਦੇ ਪਰਿਵਾਰਕ ਮੈਂਬਰ ਸਿਕੰਦਰ ਸਿੰਘ ਸੂਰੇਵਾਲ (ਸਾਬਕਾ ਇੰਸਪੈਕਟਰ ਸਹਿਕਾਰੀ ਵਿਭਾਗ), ਮਨਪ੍ਰੀਤ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਢੇਰ, ਮੌਜੂਦਾ ਸਰਪੰਚ ਰਜਿੰਦਰ ਸਿੰਘ ਡੋਡ, ਨੰਗਲ ਟਰੱਕ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਾਨ ਸਿੰਘ, ਸਰਬਜੀਤ ਸਿੰਘ, ਅਮਰਿੰਦਰ ਸਿੰਘ ਨੇ ਕਿਹਾ ਕਿ ਪਿੰਡ ਸੂਰੇਵਾਲ ਦੀ ਅਮਨਪ੍ਰੀਤ ਕੌਰ (25) ਦਾ ਮਨਪ੍ਰੀਤ ਸਿੰਘ (ਫੌਜੀ) ਪੁੱਤਰ ਦਰਸ਼ਨ ਸਿੰਘ, ਵਾਸੀ ਪਿੰਡ ਢੇਰ ਨਾਲ ਕੁਝ ਅਰਸਾ ਪਹਿਲਾਂ ਵਿਆਹ ਹੋਇਆ ਸੀ। ਜਿਸ ਨੇ ਆਪਣੀ ਡਲਿਵਰੀ ਕਰਵਾਉਣ ਲਈ ਭਾਖਡ਼ਾ ਰੋਡ ’ਤੇ ਸਥਿਤ ਨਿੱਜੀ ਹਸਪਤਾਲ ’ਚ ਆਪਣੇ ਇਲਾਜ ਲਈ ਕਾਰਡ ਬਣਾਇਆ ਸੀ। ਲੰਘੀ 11 ਜਨਵਰੀ ਨੂੰ ਇਹ ਲਡ਼ਕੀ ਇਸ ਨਿੱਜੀ ਹਸਪਤਾਲ ਵਿਚ ਦਾਖ਼ਲ ਹੋ ਗਈ। ਔਰਤਾਂ ਦੀ ਮਾਹਿਰ ਡਾਕਟਰ ਦੀ ਦੇਖ-ਰੇਖ ਵਿਚ ਚੈੱਕਅਪ ਕਰਨ ਤੋਂ ਬਾਅਦ ਉਸ ਵਲੋਂ ਪੀਡ਼ਤ ਲਡ਼ਕੀ ਨੂੰ ਦੇਰ ਰਾਤ ਵਾਪਿਸ ਘਰ ਭੇਜ ਦਿੱਤਾ ਗਿਆ ਤੇ ਸਵੇਰੇ ਦੁਬਾਰਾ ਆਉਣ ਲਈ ਕਿਹਾ ਗਿਆ। ਪੀਡ਼ਤ ਲਡ਼ਕੀ 12 ਜਨਵਰੀ ਨੂੰ 9 ਵਜੇ ਦੇ ਕਰੀਬ ਹਸਪਤਾਲ ਦਾਖਲ ਹੋ ਗਈ, ਕੁਝ ਸਮਾਂ ਬਾਅਦ ਉਸ ਦੇ ਦਰਦਾਂ ਸ਼ੁਰੂ ਹੋ ਗਈਆਂ। ਸਬੰਧਤ ਹਸਪਤਾਲ ਦੀਆਂ ਕੁਝ ਨਰਸਾਂ ਨੇ ਡਾਕਟਰ ਨੂੰ ਫੋਨ ’ਤੇ ਜਲਦੀ ਆਉਣ ਦਾ ਸੁਨੇਹਾ ਦਿੱਤਾ। ਅੱਧੀ ਰਾਤ ਨੂੰ ਜਦੋਂ ਮਹਿਲਾ ਡਾਕਟਰ ਨੇ ਆ ਕੇ ਸਿਜੇਰੀਅਨ ਕੀਤਾ ਤਾਂ ਲਡ਼ਕੀ ਦੇ ਪੇਟ ਵਿਚੋਂ ਮਰਿਆ ਹੋਇਆ ਬੱਚਾ ਨਿਕਲਿਆ। ਇਸ ਸਮੇਂ ਪੀਡ਼ਤ ਦੇ ਪਰਿਵਾਰਕ ਮੈਂਬਰਾਂ ’ਚ ਰੋਸ ਪਾਇਆ ਜਾ ਰਿਹਾ ਸੀ, ਜਿਨ੍ਹਾਂ ਨੂੰ ਗੇਟ ਤੋਂ ਬਾਹਰ ਹੀ ਠੰਡ ’ਚ ਰਾਤ ਨੂੰ ਖਡ਼੍ਹੇ ਰਹਿਣ ਲਈ ਮਜਬੂਰ ਕੀਤਾ ਗਿਆ। ਜੇਕਰ ਲੇਡੀਜ਼ ਡਾਕਟਰ ਇਸ ਤੋਂ ਹੋਰ ਕੁਝ ਦੇਰੀ ਨਾਲ ਆਉਂਦੀ ਤਾਂ ਪੀਡ਼ਤ ਲਡ਼ਕੀ ਦੇ ਪੇਟ ਵਿਚ ਇਨਫੈਕਸ਼ਨ ਹੋਣ ਨਾਲ ਉਸ ਦੀ ਮੌਤ ਵੀ ਹੋ ਸਕਦੀ ਸੀ । ਪਰਿਵਾਰਕ ਮੈਂਬਰਾਂ ਵਲੋਂ ਇਸ ਘਟਨਾ ਦੀ ਸੂਚਨਾ ਨੰਗਲ ਪੁਲਸ ਨੂੰ 14 ਜਨਵਰੀ ਨੂੰ ਦਿੱਤੀ ਗਈ। ਪੁਲਸ ਨੇ ਪੀਡ਼ਤ ਲਡ਼ਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪੀਡ਼ਤ ਪਰਿਵਾਰਕ ਨੇ ਮੈਡੀਕਲ ਨੰਗਲ ਬੀ.ਬੀ.ਐੱਮ.ਬੀ. ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੋਂ ਨਾ ਕਰਵਾਉਣ ਦੀ ਬਜਾਏ, ਜ਼ਿਲੇ ਦੇ ਹੋਰ ਡਾਕਟਰਾਂ ਤੋਂ ਮੈਡੀਕਲ ਕਰਵਾਉਣ ਨੂੰ ਤਰਜੀਹ ਦਿੱਤੀ। ਪੁਲਸ ਵਲੋਂ ਬੀ.ਬੀ.ਐੱਮ.ਬੀ. ਹਸਪਤਾਲ ਨੂੰ ਦਿੱਤੀ ਗਈ ਅਰਜ਼ੀ ਤੋਂ ਬਾਅਦ ਸਿਵਲ ਸਰਜਨ ਰੂਪਨਗਰ ਤੋਂ ਮੈਡੀਕਲ ਕਰਵਾਉਣ ਲਈ ਅੱਜ ਟੀਮ ਨੰਗਲ ਤੋਂ ਰੂਪਨਗਰ ਲਈ ਰਵਾਨਾ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ ਕਾਰਵਾਈ : ਐੱਸ. ਐੱਚ. ਓ. ਇਸ ਸਬੰਧੀ ਜਦੋਂ ਨੰਗਲ ਥਾਣਾ ਮੁਖੀ ਪਵਨ ਚੌਧਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਪੀਡ਼ਤ ਲਡ਼ਕੀ ਦੇ ਵਾਰਿਸਾਂ ਦੀ ਸ਼ਿਕਾਇਤ ਮਿਲ ਚੁੱਕੀ ਹੈ, ਪੀਡ਼ਤ ਲਡ਼ਕੀ ਦਾ ਬੋਰਡ ਵਲੋਂ ਮੈਡੀਕਲ ਕਰਵਾਉਣ ਤੋਂ ਬਾਅਦ ਜੋ ਵੀ ਰਿਪੋਰਟ ਆਉਂਦੀ ਹੈ ਉਸ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਹਰ ਮਾਹਿਰ ਦੀ ਤਰਜੀਹ ਜੱਚਾ-ਬੱਚਾ ਨੂੰ ਸੁਰੱਖਿਅਤ ਬਚਾਉਣਾ ਹੁੰਦੈ : ਡਾਕਟਰ ਜਦੋਂ ਇਸ ਸਬੰਧੀ ਪੱਖ ਜਾਣਨ ਲਈ ਸਬੰਧਤ ਹਸਪਤਾਲ ਦੀ ਔਰਤ ਰੋਗਾਂ ਦੀ ਮਾਹਿਰ ਡਾਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ, ਉਨ੍ਹਾਂ ਕਿਹਾ ਕਿ ਹਰ ਮਾਹਿਰ ਡਾਕਟਰ ਦੀ ਤਰਜੀਹ ਜੱਚਾ ਤੇ ਬੱਚਾ ਨੂੰ ਸੁਰੱਖਿਅਤ ਬਚਾਉਣ ਦੀ ਹੁੰਦੀ ਹੈ ਤੇ ਮੇਰੇ ਵਲੋਂ ਵੀ ਜੱਚਾ-ਬੱਚਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਬਾਕੀ ਰੱਬ ਦੇ ਹੱਥ ਹੈ।