ਗੁਰਦਾਸਪੁਰ : ਭਾਰੀ ਮੀਂਹ ਕਾਰਨ ਡਿੱਗੀ ਛੱਤ, ਮਲਬੇ ਹੇਠਾਂ ਦੱਬੇ ਚਾਚਾ-ਭਤੀਜਾ (ਵੀਡੀਓ)

07/29/2022 1:32:14 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਸ਼ਹਿਰ 'ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੈਣੀ ਗੈਸਟ ਹਾਊਸ ਵਾਲੀ ਗਲੀ ਵਿੱਚ ਸਥਿਤ ਇਕ ਮਕਾਨ ਦੇ ਕਮਰੇ ਦੀ ਛੱਤ ਡਿੱਗ ਪਈ। ਛੱਤ ਦੇ ਮਲਬੇ ਹੇਠ ਕਮਰੇ 'ਚ ਬੈਠੇ ਟੀ.ਵੀ. ਦੇਖ ਰਹੇ ਚਾਚਾ-ਭਤੀਜਾ ਜਿਨ੍ਹਾਂ 'ਚੋਂ ਭਤੀਜੇ ਦੀ ਉਮਰ ਸਿਰਫ 7 ਸਾਲ ਹੈ, ਦੱਬ ਗਏ ਪਰ ਗਨੀਮਤ ਇਹ ਰਹੀ ਕਿ ਮੁਹੱਲੇ ਦੀ ਐੱਮ.ਸੀ. ਸਵਿਤਾ ਸ਼ਰਮਾ ਦਾ ਬੇਟਾ ਵਰੁਣ ਸ਼ਰਮਾ ਤੇ ਹੋਰ ਮੁਹੱਲਾ ਨਿਵਾਸੀ ਮੌਕੇ 'ਤੇ ਪਹੁੰਚ ਗਏ‌, ਜਿਨ੍ਹਾਂ ਤੁਰੰਤ ਚਾਚਾ-ਭਤੀਜੇ ਨੂੰ ਮਲਬੇ ਹੇਠੋਂ ਕੱਢਿਆ। ਜ਼ਖਮੀ ਹਾਲਤ 'ਚ ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਲੱਕੜੀ ਦੇ ਬਾਲੇ ਅਤੇ ਲੋਹੇ ਦੇ ਗਾਰਡਰ ਛੱਤ ਵਿੱਚ ਹੋਣ ਕਾਰਨ ਚਾਚੇ ਦੇ ਚੂਲੇ 'ਚ ਫਰੈਕਚਰ ਆਇਆ ਹੈ, ਜਦਕਿ ਛੋਟੇ ਬੱਚੇ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਪੀੜਤ ਦਿਹਾੜੀ-ਦੱਪਾ ਕਰਨ ਵਾਲੇ ਗਰੀਬ ਪਰਿਵਾਰ ਨਾਲ ਸਬੰਧਿਤ ਹਨ।

ਖ਼ਬਰ ਇਹ ਵੀ : ਸੁਖਬੀਰ ਵੱਲੋਂ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ, ਉਥੇ ਕੈਬਨਿਟ ਮੀਟਿੰਗ 'ਚ ਅਹਿਮ ਫ਼ੈਸਲਿਆਂ 'ਤੇ ਮੋਹਰ, ਪੜ੍ਹੋ TOP 10

ਜਾਣਕਾਰੀ ਦਿੰਦਿਆਂ ਹੀਰਾ ਲਾਲ ਨੇ ਦੱਸਿਆ ਕਿ ਉਹ ਰੰਗ-ਰੋਗਨ ਦੀ ਮਜ਼ਦੂਰੀ ਦਾ ਕੰਮ ਕਰਦਾ ਹੈ, ਜਦ ਕਿ ਉਸ ਦਾ ਭਰਾ ਗੌਰਵ ਵੀ ਦਿਹਾੜੀ-ਦੱਪਾ ਕਰਦਾ ਹੈ। ਇਸ ਕਿਰਾਏ ਦੇ ਮਕਾਨ ਵਿੱਚ ਉਹ ਇਕੱਠੇ ਰਹਿੰਦੇ ਹਨ। ਅੱਜ ਜਦੋਂ ਉਸ ਦਾ ਭਰਾ ਗੌਰਵ ਤੇ ਬੇਟਾ 7 ਸਾਲਾ ਜੈਦੀਪ ਕਮਰੇ 'ਚ ਬੈਠੇ ਟੀ.ਵੀ. ਦੇਖ ਰਹੇ ਸਨ ਤਾਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅਚਾਨਕ ਕਮਰੇ ਦੀ ਛੱਤ ਡਿੱਗ ਪਈ ਅਤੇ ਦੋਵੇਂ ਚਾਚਾ-ਭਤੀਜਾ ਮਲਬੇ ਹੇਠ ਦੱਬ ਗਏ। ਹਫੜਾ-ਦਫੜੀ 'ਚ ਉਨ੍ਹਾਂ ਮੁਹੱਲੇ ਵਾਲਿਆਂ ਨੂੰ ਇਸ ਦੀ ਖ਼ਬਰ ਦਿੱਤੀ। ਮੌਕੇ 'ਤੇ ਮੁਹੱਲੇ ਦੀ ਐੱਮ.ਸੀ. ਸਵਿਤਾ ਸ਼ਰਮਾ ਦਾ ਬੇਟਾ ਵਰੁਣ ਵੀ ਪਹੁੰਚ ਗਿਆ ਅਤੇ ਤੁਰੰਤ ਦੋਵਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਦਿਹਾੜੀਦਾਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ, ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਜਲੇਬੀਆਂ ਖਾਣ ਨਾਲ ਪਰਿਵਾਰ ਦੇ 4 ਮੈਂਬਰਾਂ ਦੀ ਵਿਗੜੀ ਸਿਹਤ, ਇਕ ਦੀ ਮੌਤ

ਵਰੁਣ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੋਵੇਂ ਚਾਚਾ-ਭਤੀਜਾ ਮਲਬੇ ਹੇਠ ਪੂਰੀ ਤਰ੍ਹਾਂ ਦਬੇ ਹੋਏ ਸਨ ਅਤੇ ਉਨ੍ਹਾਂ ਦੇ ਸਿਰ ਦਾ ਕੁਝ ਹਿੱਸਾ ਹੀ ਨਜ਼ਰ ਆ ਰਿਹਾ ਸੀ। ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਮਲਬਾ ਹਟਾ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਤੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰ ਦੇ ਬੈੱਡ, ਟੀ.ਵੀ. ਤੇ ਹੋਰ ਸਾਮਾਨ ਇਸ ਦੁਰਘਟਨਾ ਕਾਰਨ ਮਲਬੇ ਹੇਠ ਦਬ ਕੇ ਖਰਾਬ ਹੋ ਗਏ ਹਨ, ਜਦ ਕਿ ਇਨ੍ਹਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ, ਇਸ ਲਈ ਪ੍ਰਸ਼ਾਸਨ ਤੋਂ ਇਨ੍ਹਾਂ ਨੂੰ ਮਦਦ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh