ਦੀਨਾਨਗਰ ਅੱਤਵਾਦੀਆਂ ਤੋਂ ਬਰਾਮਦ ਰਾਕੇਟ ਲਾਂਚਰ ਨੂੰ ਫੌਜ ਦੀ ਮਦਦ ਨਾਲ ਕੀਤਾ ਨਸ਼ਟ (ਵੀਡੀਓ)

08/03/2015 6:22:42 PM

ਗੁਰਦਾਸਪੁਰ  (ਵਿਨੋਦ) - ਦੀਨਾਨਗਰ ਵਿਚ 27 ਜੁਲਾਈ ਨੂੰ ਪੁਲਸ ਦੇ ਨਾਲ ਮੁਕਾਬਲੇ ਵਿਚ ਮਾਰੇ ਗਏ ਅੱਤਵਾਦੀਆਂ ਤੋਂ ਜੋ ਡਿਸਪੋਜ਼ਲ ਰਾਕੇਟ ਲਾਂਚਰ ਮਿਲਿਆ ਸੀ, ਉਹ ਇੰਨਾ ਖਤਰਨਾਕ ਸੀ ਕਿ ਉਸ ਨਾਲ ਇਕ ਵਿਸ਼ਾਲ ਇਮਾਰਤ ਨੂੰ ਉਡਾਇਆ ਜਾ ਸਕਦਾ ਹੈ ਅਤੇ ਉਸ ਵਿਚ ਲਗਾਇਆ ਗਿਆ ਰਾਕੇਟ ਅਤੇ ਕੁਝ ਡਿਵਾਈਸਿਜ਼ ਕਾਰਨ ਉਸ ਨੂੰ ਭਾਰਤੀ ਫੌਜ ਦੀ ਮਦਦ ਨਾਲ ਅੱਜ ਮਕੌੜਾ ਪੱਤਣ ''ਤੇ ਲਿਜਾ ਕੇ ਨਸ਼ਟ ਕਰਨਾ ਪਿਆ।  ਇਹ ਪ੍ਰਗਟਾਵਾ ਪੰਜਾਬ ਪੁਲਸ ਦੇ ਬਾਰਡਰ ਰੇਂਜ ਦੇ ਇੰਸਪੈਕਟਰ ਜਨਰਲ ਪੁਲਸ ਈਸ਼ਵਰ ਚੰਦਰ ਨੇ ਅੱਜ ਗੁਰਦਾਸਪੁਰ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ। ਆਈ. ਜੀ. ਨੇ ਦੱਸਿਆ ਕਿ ਇਹ ਡੀ. ਐੱਲ. ਆਰ. ਹਥਿਆਰ ਨੂੰ 27 ਜੁਲਾਈ ਤੋਂ ਹੀ ਬਹੁਤ ਸਾਵਧਾਨੀ ਨਾਲ ਏ. ਐੱਸ. ਪੀ. ਅਖਿਲ ਚੌਧਰੀ ਦੀ ਦੇਖ-ਰੇਖ ਵਿਚ ਰੱਖਿਆ ਗਿਆ ਸੀ। 2 ਦਿਨ ਤੱਕ ਭਾਰਤੀ ਫੌਜ ਵਲੋਂ ਇਸ ਹਥਿਆਰ ਦਾ ਨਿਰੀਖਣ ਕੀਤਾ ਗਿਆ।  
ਆਈ. ਜੀ. ਈਸ਼ਵਰ ਚੰਦਰ ਨੇ ਦੱਸਿਆ ਕਿ ਤਿੰਨਾਂ ਅੱਤਵਾਦੀਆਂ ਨੇ ਇਕ-ਇਕ ਹੱਥ ''ਤੇ ਦਸਤਾਨਾ ਪਾ ਕੇ ਰੱਖਿਆ ਸੀ ਅਤੇ ਇਹ ਦਸਤਾਨੇ ਏਡਿਆਸ ਕੰਪਨੀ ਦੇ ਪਾਕਿਸਤਾਨ ਵਿਚ ਬਣੇ ਸੀ। ਉਨ੍ਹਾਂ ਕਿਹਾ ਕਿ ਜੋ ਹਥਿਆਰ ਬਰਾਮਦ ਕੀਤੇ ਗਏ ਸੀ, ਉਨ੍ਹਾਂ ''ਚ ਡੀ. ਐੱਲ. ਆਰ.-1, ਏ. ਕੇ. 56 ਰਾਈਫ਼ਲ-3, ਮੈਗਜ਼ੀਨ-21, ਜਿਊਂਦਾ ਕਾਰਤੂਸ-89, ਚੱਲੇ ਹੋਏ ਕਾਰਤੂਸ ਦੇ ਖੋਲ-305, ਜੀ. ਪੀ. ਐੱਸ. ਸਿਸਟਮ-2, ਰਾਤ ਨੂੰ ਵੇਖਣ ਵਾਲੀ ਦੂਰਬੀਨ-1, ਕੁਝ ਗ੍ਰੇਡ ਸ਼ਾਮਲ ਹਨ। ਉਨ੍ਹਾਂ ਨੇ ਸਪਸ਼ੱਟ ਕੀਤਾ ਕਿ ਜਿਵੇਂ ਕਿ ਕੁਝ ਸਮਾਚਾਰ ਪੱਤਰ ਲਿਖ ਰਹੇ ਹਨ ਕਿ ਮੌਕੇ ਤੋਂ ਦੁੱਧ ਦੀ ਬੋਤਲ ਮਿਲੀ ਸੀ ਤੇ ਕੁਝ ਹੋਰ ਸਾਮਾਨ ਮਿਲਿਆ ਸੀ, ਉਹ ਇਕ ਗਲਤ ਸੂਚਨਾ ਹੈ।
 ਈਸ਼ਵਰ ਚੰਦਰ ਨੇ ਦੱਸਿਆ ਕਿ ਰੇਲ ਟ੍ਰੈਕ ''ਤੇ ਰੱਖੇ ਬੰਬ ਕਿਉਂ ਨਹੀਂ ਚੱਲੇ ਇਸ ਸੰਬੰਧੀ ਰੇਲਵੇ ਪੁਲਸ ਜਾਂਚ ਕਰ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਕਿ ਜੋ ਜੀ. ਪੀ. ਐੱਸ. ਸਿਸਟਮ ਅੱਤਵਾਦੀਆਂ ਤੋਂ ਮਿਲੇ ਸੀ ਉਨ੍ਹਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਭਾਰਤੀ ਇਲਾਕੇ ਦੇ ਦੀਨਾਨਗਰ ਸ਼ਹਿਰ ਨੂੰ 21 ਜੁਲਾਈ ਨੂੰ ਲੋਡ ਕੀਤਾ ਗਿਆ ਸੀ, ਜਿਸ ਤੋਂ ਸਪਸ਼ੱਟ ਹੁੰਦਾ ਹੈ ਕਿ ਅੱਤਵਾਦੀਆਂ ਨੇ ਇਸ ਹਮਲੇ ਦੀ ਯੋਜਨਾ ''ਤੇ ਕੰਮ 21 ਜੁਲਾਈ ਨੂੰ ਹੀ ਸ਼ੁਰੂ ਕਰ ਦਿੱਤਾ ਸੀ ਪਰ 21 ਜੁਲਾਈ ਤੋਂ ਲੈ ਕੇ 27 ਜੁਲਾਈ ਤੱਕ ਉਹ ਕਿਥੇ ਰਹੇ ਇਸ ਸੰਬੰਧੀ ਜਾਂਚ ਚੱਲ ਰਹੀ ਹੈ।  ਉਨ੍ਹਾਂ ਕਿਹਾ ਕਿ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਅੱਤਵਾਦੀ ਬਮਿਆਲ ਦੇ ਆਸ-ਪਾਸ ਦੇ ਇਲਾਕੇ ਤੋਂ ਭਾਰਤ ਵਿਚ ਪ੍ਰਵੇਸ਼ ਕਰਨ ਵਿਚ ਸਫ਼ਲ ਹੋਏ ਸਨ।  ਮਾਰੇ ਗਏ ਅੱਤਵਾਦੀਆਂ ਦੇ ਅੰਤਿਮ ਸੰਸਕਾਰ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਵੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਇਸ ਸੰਬੰਧੀ ਅਜੇ ਕੋਈ ਆਦੇਸ਼ ਉੱਚ ਅਧਿਕਾਰੀਆਂ ਤੋਂ ਮਿਲਿਆ ਹੈ।