ਪਟਾਕਾ ਕਾਰੋਬਾਰੀ ''ਤੇ ਹਮਲਾ ਕਰ ਕੇ 2.31 ਲੱਖ ਦੀ ਨਕਦੀ ਲੁੱਟੀ

10/09/2017 7:28:58 AM

ਲੁਧਿਆਣਾ, (ਮਹੇਸ਼)- ਕਾਰਾਬਾਰਾ ਇਲਾਕੇ 'ਚ ਸ਼ਨੀਵਾਰ ਰਾਤ ਨੂੰ ਅੱਧਾ ਦਰਜਨ ਤੋਂ ਜ਼ਿਆਦਾ ਬਦਮਾਸ਼ਾਂ ਨੇ ਪਟਾਕਾ ਕਾਰੋਬਾਰੀ 'ਤੇ ਹਮਲਾ ਕਰ ਕੇ 2.31 ਲੱਖ ਰੁਪਏ ਦੀ ਨਕਦੀ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਲੁਟੇਰੇ ਫਰਾਰ ਹੋ ਗਏ ਜਦਕਿ ਪੁਲਸ ਨੇ ਲੁੱਟ ਦੀ ਗੱਲ ਤੋਂ ਸਾਫ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ 'ਚ ਕੇਵਲ ਕੁੱਟਮਾਰ ਕੀਤੀ ਹੈ, ਜਿਸ ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਦਾਂ ਮੁਹੱਲਾ ਦੇ ਸੰਜੇ ਕੁਮਾਰ ਚਿੜੀ ਨੇ ਦੱਸਿਆ ਕਿ ਦਾਣਾ ਮੰਡੀ 'ਚ ਉਸ ਨੇ ਆਪਣੇ ਇਕ ਭਾਗੀਦਾਰ ਅਸ਼ੋਕ ਕੁਮਾਰ ਨਾਲ ਪਟਾਕਿਆਂ ਦੀ ਦੁਕਾਨ ਲਾਈ ਹੋਈ ਹੈ। ਸ਼ਨੀਵਾਰ ਰਾਤ 10.30 ਵਜੇ ਜਦੋਂ ਉਹ ਦੁਕਾਨ ਬੰਦ ਕਰ ਕੇ ਹਰਵਿੰਦਰ ਸਿੰਘ ਅਤੇ ਸੁਰੇਸ਼ ਕੁਮਾਰ ਨਾਲ ਕਾਰ 'ਚ ਘਰ ਮੁੜ ਰਿਹਾ ਸੀ ਤਾਂ ਕਾਰਾਬਾਰਾ ਇਲਾਕੇ 'ਚ ਪਿੱਛੇ ਤੋਂ ਅਲੱਗ-ਅਲੱਗ ਮੋਟਰਸਾਈਕਲਾਂ 'ਤੇ ਅੱਧਾ ਦਰਜਨ ਤੋਂ ਜ਼ਿਆਦਾ ਬਦਮਾਸ਼ ਆਏ ਜਿਨ੍ਹਾਂ ਮੋਟਰਸਾਈਕਲ ਅੱਗੇ ਲਾ ਕੇ ਉਸ ਦੀ ਕਾਰ ਰੁਕਵਾ ਲਈ। ਜਦੋਂ ਉਸ ਨੇ ਕਾਰਨ ਜਾਣਨਾ ਚਾਹਿਆ ਤਾਂ ਕੁਝ ਬਦਮਾਸ਼ ਉਸ 'ਤੇ ਹਮਲਾ ਕਰਨ ਲੱਗੇ ਅਤੇ ਬਾਕੀਆਂ ਨੇ ਉਸ ਦੇ ਸਾਥੀਆਂ ਨੂੰ ਦਬੋਚ ਕੇ ਗੱਡੀ ਤੋਂ ਬਾਹਰ ਕੱਢ ਲਿਆ। ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕਰਦੇ ਹੋਏ ਉਸ ਦਾ ਮੋਬਾਇਲ ਤੋੜ ਦਿੱਤਾ ਅਤੇ ਉਸ ਤੋਂ 2.31 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਸੰਜੇ ਨੇ ਦੱਸਿਆ ਕਿ ਇਸ ਦੌਰਨ ਇਕ ਬਜ਼ੁਰਗ ਸਿੱਖ ਨੇ ਜਦੋਂ ਉਸ ਦੀ ਮਦਦ ਕਰਨੀ ਚਾਹੀ ਤਾਂ ਬਦਮਾਸ਼ਾਂ ਨੇ ਉਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦੇ ਕੇ ਧੱਕਾ ਮਾਰਿਆ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਥਾਣਾ ਇੰਚਾਰਜ ਅਮਨਦੀਪ ਸਿੰਘ ਬਰਾੜ ਸਮੇਤ ਕਈ ਉੱਚ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਜਾਂਚ ਅਧਿਕਾਰੀ ਏ. ਐੱਸ. ਆਈ. ਜਨਕ ਰਾਜ ਨੇ ਦੱਸਿਆ ਕਿ ਹੁਣ ਤੱਕ ਨਕਦੀ ਲੁੱਟਣ ਦੀ ਗੱਲ ਸਾਫ ਨਹੀਂ ਹੋਈ। ਅਧਿਕਾਰੀ ਖੁਦ ਜਾਂਚ ਕਰ ਰਹੇ ਹਨ। ਜੇਕਰ ਲੁੱਟ ਸਾਬਤ ਹੋ ਜਾਂਦੀ ਹੈ ਤਾਂ ਮਾਮਲੇ 'ਚ ਜੁਰਮ ਦਾ ਵਾਧਾ ਕਰ ਦਿੱਤਾ ਜਾਵੇਗਾ।