ਪੁਜਾਰੀ ਦੀ ਮੋਪੇਡ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਬਾਬਾ ਹੋਇਆ ਛੂ-ਮੰਤਰ

09/21/2017 11:47:03 AM

ਮਾਹਿਲਪੁਰ(ਜਸਵੀਰ)— ਮਾਤਾ ਚਿੰਤਪੂਰਨੀ ਮੰਦਰ ਠੁਆਣਾ ਵਿਖੇ ਇਕ ਬਾਬੇ ਵੱਲੋਂ ਮੰਦਰ ਦੇ ਪੁਜਾਰੀ ਦੀ ਪਲੇਜ਼ਰ ਸਕੂਟਰੀ ਅਤੇ ਪੈਸਿਆਂ ਵਾਲਾ ਬੈਗ ਚੋਰੀ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਜਾਰੀ ਮਹੰਤ ਗੋਪੀ ਨਾਥ ਨੇ ਸਾਬਕਾ ਸਰਪੰਚ ਮਸਤਾਨ ਸਿੰਘ ਠੁਆਣਾ, ਅਵਤਾਰ ਸਿੰਘ ਢਾਡਾ ਖੁਰਦ ਅਤੇ ਤਿਲਕ ਰਾਜ ਦੀ ਹਾਜ਼ਰੀ ਵਿਚ ਦੱਸਿਆ ਕਿ ਬੀਤੀ 1 ਅਗਸਤ ਨੂੰ ਮੰਦਰ ਵਿਖੇ ਸਾਲਾਨਾ ਮੇਲਾ ਸੀ ਅਤੇ ਮੇਲੇ ਵਾਲੇ ਦਿਨ ਤੋਂ ਬਾਬਾ ਸ਼ਿਵ ਨਾਥ ਸਾਡੇ ਕੋਲ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਬਾਬਾ ਬਾਲਕ ਨਾਥ ਮੰਦਰ ਕੋਟ ਫਤੂਹੀ ਦਾ ਬਾਬਾ ਧਾਰਗਿਰੀ ਆਪਣੀ ਪਲੇਜ਼ਰ ਸਕੂਟਰੀ ਲੈ ਕੇ ਸਾਡੇ ਕੋਲ ਆਇਆ ਹੋਇਆ ਸੀ। ਰਾਤ ਕਰੀਬ 12 ਵਜੇ ਬਾਬਾ ਸ਼ਿਵ ਨਾਥ ਜੋਕਿ ਆਪਣੇ-ਆਪ ਨੂੰ ਝਾਰਖੰਡ ਦਾ ਦੱਸਦਾ ਸੀ, ਬਾਬਾ ਧਾਰਗਿਰੀ ਦੀ ਸਕੂਟਰੀ ਅਤੇ ਮੇਰਾ ਪੈਸਿਆਂ ਵਾਲਾ ਬੈਗ, ਜਿਸ ਵਿਚ 17,000 ਰੁਪਏ ਸਨ, ਲੈ ਕੇ ਫਰਾਰ ਹੋ ਗਿਆ। ਅਸੀਂ ਕਾਫੀ ਦੌੜ-ਭੱਜ ਕਰਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। 
ਇਸ ਦੌਰਾਨ ਕੋਟ ਫਤੂਹੀ ਵਿਖੇ ਪੁਲਸ ਦਾ ਨਾਕਾ ਲੱਗਾ ਹੋਇਆ ਸੀ ਤੇ ਉਥੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਫਗਵਾੜਾ ਰੋਡ 'ਤੇ ਹੱਡਾਰੋੜੀ ਕੋਲ ਸੜਕ 'ਤੇ ਇਕ ਸਕੂਟਰੀ ਅਤੇ ਇਕ ਬੈਗ ਲਾਵਾਰਿਸ ਪਏ ਹੋਏ ਹਨ, ਜਿਸ 'ਤੇ ਤੁਰੰਤ ਪੁਲਸ ਨੇ ਜਾ ਕੇ ਸਕੂਟਰੀ ਅਤੇ ਬੈਗ ਜਿਸ ਵਿਚ 10 ਹਜ਼ਾਰ 300 ਰੁਪਏ ਸਨ, ਆਪਣੇ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਨੇ ਸਕੂਟਰੀ ਦੇ ਕਾਗਜ਼ਾਤ ਅਤੇ ਪੁਜਾਰੀ ਦਾ ਪਛਾਣ ਪੱਤਰ ਦੇਖ ਕੇ ਸਕੂਟਰੀ ਅਤੇ ਪੈਸੇ ਪੁਜਾਰੀ ਨੂੰ ਸੌਂਪ ਦਿੱਤੇ। ਉਨ੍ਹਾਂ ਦੱਸਿਆ ਕਿ ਬਾਕੀ ਪੈਸੇ ਬਾਬਾ ਸ਼ਿਵ ਨਾਥ ਲੈ ਕੇ ਫ਼ਰਾਰ ਹੋ ਗਿਆ ਹੈ। ਪੁਲਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।