ਰਾਇਲ ਮੈਡੀਕਲ ਹਾਲ ਦੇ ਮਾਲਕ 'ਤੇ ਲੁਟੇਰਿਆਂ ਨੇ ਕੀਤਾ ਹਮਲਾ, ਲੁੱਟੀ ਨਕਦੀ

07/24/2019 2:11:47 AM

ਜਲੰਧਰ (ਸੁਧੀਰ,ਕਮਲੇਸ਼)–ਜੇਲ ਰੋਡ 'ਤੇ ਰਾਇਲ ਮੈਡੀਕਲ ਹਾਲ ਦੇ ਮਾਲਕ 65 ਸਾਲਾ ਰਮੇਸ਼ ਕੁਮਾਰ ਤੋਂ ਬਾਈਕ ਸਵਾਰ ਲੁਟੇਰੇ 2 ਲੱਖ ਰੁਪਏ ਨਕਦੀ ਅਤੇ ਉਸ ਦੀ ਐਕਟਿਵਾ ਖੋਹ ਕੇ ਫਰਾਰ ਹੋ ਗਏ। ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੋਂ ਆਪਣੀ ਲੜਕੀ ਨਾਲ ਨਿਕਲੇ ਸਨ ਅਤੇ ਲੜਕੀ ਨੂੰ ਉਸ ਦੇ ਸਹੁਰੇ ਅਵਤਾਰ ਨਗਰ ਛੱਡ ਕੇ ਉਹ ਆਪਣੇ ਘਰ ਵਲ ਜਾ ਰਹੇ ਸਨ ਕਿ ਜਿਉਂ ਹੀ ਜੇਲ ਰੋਡ 'ਤੇ ਮਿਸ਼ਨ ਕੰਪਾਊਂਡ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ 4 ਲੁਟੇਰੇ ਉਨ੍ਹਾਂ ਨੂੰ ਓਵਰਟੇਕ ਕਰਨ ਲੱਗੇ, ਜਿੰਨੀ ਦੇਰ ਵਿਚ ਉਹ ਕੁੱਝ ਸਮਝ ਸਕਦੇ। ਇਕ ਨੌਜਵਾਨ ਨੇ ਉਸ ਦੇ ਸੱਜੇ ਹੱਥ 'ਤੇ ਦਾਤਰ ਨਾਲ ਵਾਰ ਕਰ ਦਿੱਤਾ, ਜਿਸ ਕਾਰਣ ਉਹ ਐਕਟਿਵਾ ਤੋਂ ਆਪਣਾ ਕੰਟਰੋਲ ਗੁਆ ਬੈਠੇ ਅਤੇ ਐਕਟਿਵਾ ਸਮੇਤ ਹੇਠਾਂ ਡਿੱਗ ਗਏ। ਜਿਉਂ ਹੀ ਉਹ ਹੇਠਾਂ ਡਿੱਗੇ, ਮੋਟਰਸਾਈਕਲ 'ਤੇ ਬੈਠੇ ਦੋ ਨੌਜਵਾਨ ਗੰਨ ਕੱਢ ਕੇ ਉਨ੍ਹਾਂ ਵੱਲ ਆਏ। ਇਸੇ ਦੌਰਾਨ ਇਕ ਨੌਜਵਾਨ ਰਮੇਸ਼ ਦੀ ਮਦਦ ਲਈ ਆਇਆ, ਜਿਸ ਦੀ ਗਰਦਨ 'ਤੇ ਲੁਟੇਰਿਆਂ ਨੇ ਦਾਤਰ ਨਾਲ ਵਾਰ ਕਰ ਦਿੱਤਾ।

ਦਾਤਰ ਲੱਗਣ ਤੋਂ ਬਾਅਦ ਘਬਰਾਇਆ ਨੌਜਵਾਨ ਮੌਕੇ 'ਤੇ ਫਰਾਰ ਹੋ ਗਿਆ ਅਤੇ ਲੁਟੇਰੇ ਉਨ੍ਹਾਂ ਦੀ ਐਕਟਿਵਾ ਲੈ ਕੇ ਫਰਾਰ ਹੋ ਗਏ। ਐਕਟਿਵਾ 'ਚ ਦੁਕਾਨ ਦਾ 2 ਲੱਖ ਰੁਪਏ ਨਕਦ ਸੀ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਨੰਬਰ 2 ਦੀ ਪੁਲਸ ਰਮੇਸ਼ ਕੁਮਾਰ ਨੂੰ ਬਿਆਨ ਦਰਜ ਕਰਨ ਲਈ ਥਾਣੇ ਲੈ ਗਈ। ਐੱਸ. ਐੱਚ. ਓ. ਨੇ ਆਪਣੇ ਕਮਰੇ ਨੂੰ ਅੰਦਰੋਂ ਬੰਦ ਕਰ ਕੇ ਰਮੇਸ਼ ਕੁਮਾਰ ਦੇ ਬਿਆਨ ਲਏ। ਰਮੇਸ਼ ਕੁਮਾਰ ਨਾਲ ਆਏ ਲੋਕਾਂ ਨੇ ਪੁਲਸ ਦੇ ਇਸ ਰਵੱਈਏ ਦਾ ਕਾਫੀ ਵਿਰੋਧ ਕੀਤਾ। ਪੁਲਸ ਨੇ ਮੀਡੀਆ ਨੂੰ ਵੀ ਅੰਦਰ ਜਾਣ ਤੋ ਰੋਕਣ ਦੀ ਕੋਸ਼ਿਸ਼ ਕੀਤੀ। ਥਾਣੇ'ਚ ਪਹੁੰਚੇ ਏ. ਡੀ. ਸੀ. ਪੀ.-2 ਪੀ. ਐੱਸ. ਭੰਡਾਲ ਨੇ ਵੀ ਰਮੇਸ਼ ਕੁਮਾਰ ਤੋਂ ਪੁੱਛਗਿੱਛ ਕੀਤੀ। ਭੰਡਾਲ ਨੇ ਕਿਹਾ ਕਿ ਪੁਲਸ ਇਲਾਕੇ ਦੀ ਸੀ. ਸੀ. ਟੀ. ਵੀ. ਖੰਗਾਲ ਰਹੀ ਹੈ। ਪੁਲਸ ਨੇ ਲੁਟੇਰਿਆਂ ਦਾ ਦਾਤਰ ਵੀ ਬਰਾਮਦ ਕਰ ਲਿਆ ਹੈ। ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਏਗਾ।

ਪਲਾਨਿੰਗ ਨਾਲ ਹੋਈ ਲੁੱਟ-ਖੋਹ
ਲੋਕਾਂ ਦਾ ਕਹਿਣਾ ਸੀ ਕਿ ਲੁੱਟ-ਖੋਹ ਨੂੰ ਪੂਰੀ ਪਲਾਨਿੰਗ ਨਾਲ ਅੰਜ਼ਾਮ ਦਿੱਤਾ ਗਿਆ ਹੈ। ਲੁਟੇਰੇ ਪੂਰੀ ਤਿਆਰੀ ਨਾਲ ਆਏ ਸਨ। ਲੁਟੇਰੇ ਇਹ ਜਾਣਦੇ ਸਨ ਕਿ ਰਮੇਸ਼ ਕੁਮਾਰ ਆਪਣੇ ਨਾਲ ਕੈਸ਼ ਰੱਖਦੇ ਹਨ, ਇਸ ਲਈ ਉਨ੍ਹਾਂ ਨੇ ਸਕੂਟੀ ਦੇ ਅੰਦਰ ਕੈਸ਼ ਚੈੱਕ ਨਹੀਂ ਕੀਤਾ ਅਤੇ ਸਿੱਧਾ ਸਕੂਟੀ ਨਾਲ ਫਰਾਰ ਹੋ ਗਏ।

Karan Kumar

This news is Content Editor Karan Kumar