ਮਹਾਨਗਰ ’ਚ ਲੁਟੇਰਿਆਂ ਦਾ ਖੌਫ ਬਰਕਰਾਰ

07/17/2018 3:12:34 AM

ਲੁਧਿਆਣਾ(ਤਰੁਣ)-ਮਹਾਨਗਰ ’ਚ ਲੁਟੇਰਿਆਂ ਦਾ ਆਤੰਕ ਲਗਾਤਾਰ ਜਾਰੀ ਹੈ। ਲੁਟੇਰਿਆਂ ਨੇ ਮਹਾਨਗਰ ਵਿਚ ਕੁਲ 5 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪਹਿਲੀ ਵਾਰਦਾਤ ਵਿਚ ਫਿਰੋਜ਼ਪੁਰ ਰੋਡ ਦੇ ਕੋਲ ਮਿਲਟਰੀ ਦੇ ਇਕ ਕਰਨਲ ਦੀ ਪਤਨੀ ਦੇ ਹੱਥੋਂ ਲੁਟੇਰਿਆਂ ਨੇ ਪਰਸ ਖੋਹ ਲਿਆ। ਪਰਸ ਵਿਚ 13 ਹਜ਼ਾਰ ਦੀ ਨਕਦੀ, ਇਕ ਕੀਮਤੀ ਮੋਬਾਇਲ, ਡੈਬਿਟ ਅਤੇ ਕ੍ਰੈਡਿਟ ਕਾਰਡ ਸਮੇਤ ਜ਼ਰੂਰੀ ਕਾਗਜ਼ ਸਨ। ਆਰਮੀ ਅਫਸਰ ਦੀ ਪਤਨੀ ਨਾਲ ਹੋਈ ਲੁੱਟ-ਖੋਹ ਦੀ ਵਾਰਦਾਤ ਤੋਂ  ਤੁਰੰਤ ਬਾਅਦ ਸਰਾਭਾ ਨਗਰ ਦੀ ਪੁਲਸ ਹਰਕਤ ਵਿਚ ਆਈ ਪਰ ਪੁਲਸ ਦੇ ਹੱਥ ਲੁਟੇਰਿਆਂ ਨਾਲ ਸਬੰਧਤ ਕੋਈ ਸੁਰਾਗ ਨਾ ਲੱਗਾ। ਕਰਨਲ ਨੇ ਦੱਸਿਆ ਕਿ ਫਿਰੋਜ਼ਪੁਰ ਰੋਡ ਸਥਿਤ ਇਕ ਸ਼ੋਅਰੂਮ ਦੇ ਅੰਦਰ ਜਾ ਰਿਹਾ ਸੀ। ਉਸ ਦੀ ਪਤਨੀ ਉਸ ਤੋਂ ਥੋੜ੍ਹਾ ਪਿੱਛੇ  ਸੀ। ਸਡ਼ਕ ’ਤੇ ਅਣਪਛਾਤੇ ਲੁਟੇਰਿਆਂ ਨੇ ਉਸ ਦੀ ਪਤਨੀ ਦੇ ਹੱਥੋਂ ਪਰਸ ਖੋਹ ਲਿਆ। ਪਰਸ ਵਿਚ 13 ਹਜ਼ਾਰ ਦੀ ਨਕਦੀ ਸਮੇਤ ਬੈਂਕ ਦੇ ਏ. ਟੀ. ਐੱਮ. ਕਾਰਡਾਂ ਸਮੇਤ ਜ਼ਰੂਰੀ ਕਾਗਜ਼ ਸਨ।
 ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੀ ਵਾਰਦਾਤ ਵਿਚ ਫੋਕਲ ਪੁਆਇੰਟ ਇਲਾਕੇ ਦੇ ਰਹਿਣ ਵਾਲੇ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਡਿਊਟੀ ਖਤਮ ਕਰ ਕੇ ਘਰ ਵੱਲ ਜਾ ਰਿਹਾ ਸੀ। ਰਸਤੇ ਵਿਚ ਮੋਟਰਸਾਈਕਲ ਸਵਾਰ ਲੁਟੇਰੇ ਸਵਿੰਦਰ ਕੁਮਾਰ, ਟੋਨੀ ਤੇ ਬਿੱਲਾ ਨੇ ਉਸ ਦਾ ਰਸਤਾ ਰੋਕਿਆ ਅਤੇ ਉਸ ਦੀ ਜੇਬ ਵਿਚ ਪਈ 17 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਫੋਨ ਖੋਹ ਲਿਆ। ਜਾਂਚ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ 3 ਵਿਅਕਤੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸੂਚਨਾ ਦੇ ਆਧਾਰ ’ਤੇ ਸਵਿੰਦਰ ਨੂੰ ਕਾਬੂ ਕਰ ਲਿਆ ਗਿਆ ਹੈ। ਹੋਰਨਾਂ 2 ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਸ ਨੇ 3 ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਤੀਜੀ ਵਾਰਦਾਤ   ਸ਼ਹਿਰ ਦੇ ਪਾਸ਼ ਇਲਾਕੇ ਰਾਣੀ ਝਾਂਸੀ ਰੋਡ ਵਿਖੇ ਵਿਧਾਇਕ ਸੁਰਿੰਦਰ ਡਾਬਰ ਦੀ ਕੋਠੀ ਦੇ ਨੇਡ਼ੇ ਕਾਰ ਸਵਾਰ ਲੁਟੇਰਿਆਂ ਨੇ ਇਕ ਅੌਰਤ ਦੀ ਬਾਂਹ ਖਿੱਚ ਕੇ ਉਸ ਨੂੰ ਕਾਰ ਵਿਚ ਬਿਠਾ ਲਿਆ। ਪੀਡ਼ਤ ਅੌਰਤ ਵੀਨਾ ਸੋਨੀ ਨਿਵਾਸੀ ਪੱਖੋਵਾਲ ਰੋਡ ਦੇ ਮੁਤਾਬਕ ਕਾਰ ਵਿਚ 2 ਅੌਰਤਾਂ ਬੈਠੀਆਂ ਸਨ, ਜਿਨ੍ਹਾਂ ਨੇ ਉਸ ਦੇ ਹੱਥ ਵਿਚ ਪਹਿਨੀਆਂ ਸੋਨੇ ਦੀਆਂ ਚੂਡ਼ੀਆਂ ਉਤਰਵਾ ਲਈਆਂ ਅਤੇ ਕਾਰ ਤੋਂ ਥੱਲੇ ਉਤਾਰ ਦਿੱਤਾ। ਪੀਡ਼ਤ ਅੌਰਤ ਕਾਰ ਦਾ ਨੰਬਰ ਜਾਂ ਹੋਰ ਜਾਣਕਾਰੀ ਹਾਸਲ ਕਰਨ ਵਿਚ ਅਸਫਲ ਰਹੀ। ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦਾ ਪਤਾ ਜੁਟਾਉਣ ’ਚ ਲੱਗੀ ਹੋਈ ਹੈ। ਚੌਥੀ ਵਾਰਦਾਤ  ਦੁੱਗਰੀ ਪੁਲ ਦੇ ਨੇਡ਼ੇ ਆਟੋ ਦੀ ਉਡੀਕ ਕਰ ਰਹੀ ਮੋਨਿਕਾ ਨਾਮੀ ਅੌਰਤ ਦੇ ਹੱਥੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਲੁਟੇਰਿਆਂ ਨੇ ਮੂੰਹ  ਰੁਮਾਲ ਨਾਲ ਢੱਕੇ ਹੋਏ ਸਨ। ਪੁਲਸ ਨੇ ਸਾਰੇ ਕੇਸਾਂ ਵਿਚ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੰਜਵੀਂ ਵਾਰਦਾਤ 3 ਲੁਟੇਰਿਆਂ ਨੇ ਥਾਣਾ ਸਦਰ ਦੇ ਇਲਾਕੇ ਫਲਾਵਰ ਚੌਕ ਨੇਡ਼ੇ ਮਾਰ-ਕੁੱਟ ਕਰ ਕੇ ਅਰਸ਼ਦੀਪ ਸਿੰਘ ਨਿਵਾਸੀ ਲਲਤੋਂ ਕਲਾਂ ਦੇ ਹੱਥੋਂ ਮੋਬਾਇਲ ਤੇ ਨਕਦੀ ਖੋਹ ਲਈ। ਥਾਣਾ ਸਦਰ ਦੀ ਪੁਲਸ ਨੇ ਸਾਗਰ ਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਰ-ਕੁੱਟ ਤੇ ਲੁੱਟ-ਖੋਹ ਕਰ ਕੇ ਨਕਦੀ ਖੋਹਣ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ।