ਯਾਰਨ ਬ੍ਰੋਕਰ ਦੀ ਪਤਨੀ ਨੂੰ ਬੇਹੋਸ਼ ਕਰ ਕੇ ਲੈ ਉੱਡੇ 15 ਤੋਲੇ ਸੋਨਾ ਤੇ ਕੈਸ਼

02/10/2018 6:34:17 AM

ਲੁਧਿਆਣਾ(ਰਿਸ਼ੀ)-ਸਿਵਲ ਸਿਟੀ ਗਲੀ ਨੰ.3 ਵਿਚ ਦਿਨ-ਦਿਹਾੜੇ ਬਾਈਕ ਸਵਾਰ ਦੋ ਲੁਟੇਰੇ ਯਾਰਨ ਬ੍ਰੋਕਰ ਦੀ ਪਤਨੀ ਨੂੰ ਬੇਹੋਸ਼ ਕਰ ਕੇ 15 ਤੋਲੇ ਸੋਨਾ ਅਤੇ 1 ਲੱਖ 50 ਹਜ਼ਾਰ ਕੈਸ਼, ਮੋਬਾਇਲ ਫੋਨ ਅਤੇ ਹੋਰ ਸਾਮਾਨ ਲੈ ਉੱਡੇ। ਸੂਚਨਾ ਮਿਲਣ 'ਤੇ ਘਟਨਾ ਵਾਲੀ ਜਗ੍ਹਾ 'ਤੇ ਪੁੱਜੀ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਜਾਂਚ ਵਿਚ ਜੁਟ ਗਈ। ਜਾਣਕਾਰੀ ਦਿੰਦੇ ਹੋਏ ਕਾਰੋਬਾਰੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ 10 ਸਾਲਾਂ ਤੋਂ ਆਪਣੀ ਪਤਨੀ ਸੰਗੀਤਾ (47) ਨਾਲ ਰਹਿ ਰਿਹਾ ਹੈ। ਬੇਟਾ ਹਿਮਾਂਸ਼ੂ ਇੰਦੌਰ 'ਚ ਰਹਿੰਦਾ ਹੈ ਅਤੇ ਬੇਟੀ ਸ਼ਾਦੀਸ਼ੁਦਾ ਹੈ। ਹਰ ਰੋਜ਼ ਵਾਂਗ ਸ਼ੁੱਕਰਵਾਰ ਸਵੇਰ 9.30 ਵਿਜੇ ਘਰੋਂ ਕੰਮ 'ਤੇ ਚਲਾ ਗਿਆ। ਸ਼ਾਮ 6.15 ਵਜੇ ਘਰ ਵਾਪਸ ਆ ਕੇ ਦੇਖਿਆ ਤਾਂ ਮੇਨ ਗੇਟ ਬਾਹਰੋਂ ਲਾਕ ਸੀ। ਪਤਨੀ ਨੂੰ ਫੋਨ ਕਰਨ 'ਤੇ ਨੰਬਰ ਬੰਦ ਆ ਰਿਹਾ ਸੀ। ਉਸੇ ਸਮੇਂ ਗੁਆਂਢ 'ਚ ਰਹਿਣ ਵਾਲਿਆਂ ਨਾਲ ਗੱਲ ਕਰਨ 'ਤੇ ਵੀ ਕੁੱਝ ਪਤਾ ਨਾ ਲੱਗਾ। ਡੁਪਲੀਕੇਟ ਚਾਬੀ ਨਾਲ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਗਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਪਤਨੀ ਲਾਬੀ 'ਚ ਬੇਹੋਸ਼ ਪਈ ਸੀ, ਜਿਸ ਤੋਂ ਬਾਅਦ ਤੁਰੰਤ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ।
ਪਤੀ ਦਾ ਐਕਸੀਡੈਂਟ ਹੋਣ ਦਾ ਕਹਿ ਕੇ ਘਰ 'ਚ ਹੋਏ ਦਾਖਲ
ਪੁਲਸ ਮੁਤਾਬਕ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੁਟੇਰਿਆਂ ਨੂੰ ਪਤਾ ਸੀ ਕਿ ਔਰਤ ਘਰ ਵਿਚ ਦਿਨ ਸਮੇਂ ਇਕੱਲੀ ਹੁੰਦੀ ਹੈ। ਇਸੇ ਦਾ ਫਾਇਦਾ ਲੈ ਕੇ ਉਹ ਆਏ ਅਤੇ ਔਰਤ ਨੂੰ ਉਸ ਦੇ ਪਤੀ ਦੇ ਸੜਕ ਦੁਰਘਟਨਾ ਵਿਚ ਜ਼ਖਮੀ ਹੋਣ ਦੀ ਗੱਲ ਕਹਿ ਕੇ ਘਰ 'ਚ ਦਾਖਲ ਹੋਏ, ਜਿਸ ਤੋਂ ਬਾਅਦ ਉਸ ਨੂੰ ਬੇਹੋਸ਼ ਕਰ ਕੇ ਆਰਾਮ ਨਾਲ 2 ਤੋਂ 3 ਘੰਟੇ ਵਿਚ ਘਰ ਵਿਚ ਹਰ ਚੀਜ਼ ਨੂੰ ਚੰਗੀ ਤਰ੍ਹਾਂ ਚੈੱਕ ਕਰ ਕੇ ਗਏ।
ਕੈਮਰੇ 'ਚ ਕੈਦ ਹੋਏ ਲੁਟੇਰੇ
ਜਾਂਚ ਸ਼ੁਰੂ ਕਰਨ 'ਤੇ ਘਰ ਤੋਂ ਕੁਝ ਕਦਮ ਦੂਰ ਲੱਗੇ ਕੈਮਰਿਆਂ 'ਚ ਲੁਟੇਰੇ ਕੈਦ ਹੋ ਗਏ। ਸ਼ਾਮ ਲਗਭਗ 6 ਵਜੇ ਦੋ ਨੌਜਵਾਨ ਬਾਈਕ 'ਤੇ ਘਰੋਂ ਬਾਹਰ ਨਿਕਲ ਰਹੇ ਹਨ। ਉਹੀ ਦੇਰ ਰਾਤ ਤੱਕ ਔਰਤ ਦੇ ਬੇਸੁੱਧ ਹੋਣ ਕਾਰਨ ਪੁਲਸ ਬਿਆਨ ਨੋਟ ਨਹੀਂ ਕਰ ਸਕਦੀ ਹੈ। ਪੁਲਸ ਮੁਤਾਬਕ ਔਰਤ ਦੇ ਹੋਸ਼ 'ਚ ਆਉਣ ਤੋਂ ਬਾਅਦ ਕਾਫੀ ਕੁੱਝ ਪਤਾ ਲੱਗ ਸਕੇਗਾ।