ਲੋਹੜੀ ਮੰਗਣ ਦੇ ਬਹਾਨੇ ਦਾਖਲ ਹੋਏ ਲੁਟੇਰੇ ਕੀਤੀ ਲੱਖਾਂ ਦੀ ਲੁੱਟ

01/14/2018 6:53:49 AM

ਲੁਧਿਆਣਾ(ਰਾਮ, ਮੁਕੇਸ਼)-ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਐੱਮ. ਐੱਮ. ਬਲਾਕ ਵਿਖੇ ਲੋਹੜੀ ਮੰਗਣ ਦੇ ਬਹਾਨੇ ਅੱਧੀ ਦਰਜਨ ਦੇ ਕਰੀਬ ਘਰ ਅੰਦਰ ਦਾਖਲ ਹੋਏ ਨਕਾਬਪੋਸ਼ ਲੁਟੇਰੇ ਯਾਰਨ ਬ੍ਰੋਕਰ ਤੇ ਉਸ ਦੇ ਬੀਮਾਰ ਪੁੱਤਰ ਦੀ ਗੰਨ ਪੁਆਇੰਟ 'ਤੇ ਮਾਰਕੁੱਟ ਕਰਨ ਮਗਰੋਂ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਲੁੱਟ ਦਾ ਸ਼ਿਕਾਰ ਯਾਰਨ ਬ੍ਰੋਕਰ ਸ਼ਾਂਤੀ ਲਾਲ ਸਹਿਗਲ ਨੇ ਕਿਹਾ ਕਿ ਉਹ ਆਪਣੇ ਬੀਮਾਰ ਪੁੱਤਰ ਨਾਲ ਘਰ ਵਿਚ ਰਹਿੰਦਾ ਹੈ। ਸ਼ੁੱਕਰਵਾਰ ਰਾਤ ਕਰੀਬ 8.20 ਵਜੇ ਲੋਹੜੀ ਮੰਗਣ ਦੇ ਬਹਾਨੇ ਆਏ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਧੱਕਾ ਮਾਰ ਕੇ ਪਿਸਤੌਲ ਦੀ ਨੋਕ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਲੁਟੇਰਿਆਂ ਨੇ ਉਸਦੀ ਮਾਰਕੁੱਟ ਕਰ ਕੇ 10 ਲੱਖ ਮੰਗੇ। ਇਸ ਦੌਰਾਨ ਲੁਟੇਰਿਆਂ ਨੇ ਉਸ ਦੇ ਬੀਮਾਰ ਪੁੱਤਰ ਨਾਲ ਵੀ ਮਾਰਕੁੱਟ ਕੀਤੀ। ਆਪਣੇ ਪੁੱਤਰ ਦੀ ਮਾਰਕੁੱਟ ਹੁੰਦੀ ਦੇਖ ਸ਼ਾਂਤੀ ਲਾਲ ਨੇ ਘਰ ਦੀ ਅਲਮਾਰੀ ਵਿਚ ਪਈ 1.50 ਲੱਖ ਦੇ ਕਰੀਬ ਨਕਦੀ ਲੁਟੇਰਿਆਂ ਹਵਾਲੇ ਕਰ ਦਿੱਤੀ। ਇਸ ਤੋਂ ਬਾਅਦ ਲੁਟੇਰੇ ਉਸਦੇ ਪੁੱਤਰ ਦੀ ਮਿਹਨਤ ਦੀ ਕਮਾਈ ਦੇ ਪੈਸੇ, ਪਾਠ-ਪੂਜਾ ਕਰਨ ਦੌਰਾਨ ਰੱਬ ਨੂੰ ਚੜ੍ਹਾਏ ਪੈਸਿਆਂ ਤੋਂ ਇਲਾਵਾ ਚਾਂਦੀ ਦੀ ਭਗਵਾਨ ਦੀ ਮੂਰਤੀ ਤੇ ਚਾਂਦੀ ਦੇ ਸਿੱਕੇ ਲੁੱਟ ਕੇ ਲੈ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਪਵਨਜੀਤ ਨੇ ਕਿਹਾ ਕਿ ਪੁਲਸ ਹਰ ਐਂਗਲ ਤੋਂ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਕੈਮਰੇ ਵਿਚ ਲੁਟੇਰਿਆਂ ਦੀ ਤਸਵੀਰ ਕੈਦ ਹੋਈ ਹੈ।