ਜਲਾਲਾਬਾਦ ''ਚ ਬੇਖੌਫ ਲੁਟੇਰੇ, ਇਕ ਹਫਤੇ ''ਚ 5-6 ਲੁੱਟ ਦੀਆਂ ਵਾਰਦਾਤਾਂ

03/30/2018 7:25:30 PM

ਜਲਾਲਾਬਾਦ (ਸੇਤੀਆ) : ਸ਼ਹਿਰ ਵਿਚ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਗਾਂਧੀ ਨਗਰ ਦੀਆਂ ਰਹਿਣ ਵਾਲੀ ਪੂਜਾ ਅਤੇ ਪ੍ਰਿਅੰਕਾ ਨਾਮਕ ਔਰਤਾਂ ਘਰੋਂ ਬਾਜ਼ਾਰ ਕੁਝ ਸਮਾਨ ਲੈਣ ਨਿਕਲੀਆਂ ਸਨ। ਜਿਵੇਂ ਹੀ ਉਹ ਛਾਬੜਾ ਸਟਰੀਟ ਕੋਲ ਪਹੁੰਚੀਆਂ ਤਾਂ ਨੀਲੇ ਰੰਗ ਦੇ ਸਪਲੈਂਡਰ 'ਤੇ ਆਏ ਦੋ ਨੌਜਵਾਨ ਉਨ੍ਹਾਂ ਦਾ ਪਰਸ ਝਪਟ ਕੇ ਫਰਾਰ ਹੋ ਗਏ। ਪਰਸ ਵਿਚ ਮੋਬਾਇਲ, ਪੰਜ ਹਜ਼ਾਰ ਰੁਪਏ ਅਤੇ ਲਾਕਰ ਦੀ ਚਾਬੀ ਸੀ। ਲੁਟੇਰਿਆਂ ਦੇ ਮੋਟਰਸਾਈਕਲ ਦਾ ਅਧੂਰਾ ਨੰਬਰ 6263 ਹੀ ਨੋਟ ਹੋ ਸਕਿਆ। ਸਿਰਫ ਇਹ ਹੀ ਲੁੱਟ ਦੀਆਂ ਵਾਰਦਾਤ ਨਹੀਂ ਹੋਈ ਸਗੋਂ ਵੀਰਵਾਰ ਨੂੰ ਸਥਾਨਕ ਜੋਤੀ ਹਸਪਤਾਲ ਨੇੜੇ ਸਬਜੀ ਮੰਡੀ ਦੀ ਆੜ੍ਹਤ ਤੇ ਕੰਮ ਕਰਨ ਵਾਲਾ ਮੁਨੀਮ ਕਮਲ ਕਮੀਰੀਆ ਪੁੱਤਰ ਗੁਲਸ਼ਨ ਕੁਮਾਰ ਸਵੇਰੇ ਕਰੀਬ 4 ਵਜੇ ਸਬਜੀ ਮੰਡੀ ਵਿਚ ਆਪਣਾ ਉਗਰਾਹੀ ਵਾਲਾ ਬੈਗ ਲੈ ਕੇ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਜੋਤੀ ਹਸਪਤਾਲ ਨਜ਼ੀਦਕ ਲੁਟੇਰਿਆਂ ਨੇ ਉਸਦੀਆਂ ਅੱਖਾਂ ਵਿਚ ਮਿਰਚਾ ਪਾ ਕੇ ਪੈਸਿਆਂ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਜਿਸ ਵਿਚ ਕਰੀਬ 18 ਹਜ਼ਾਰ ਰੁਪਏ ਦੀ ਨਗਦੀ ਸੀ।
ਇਸ ਤੋਂ ਇਲਾਵਾ 27 ਮਾਰਚ ਨੂੰ ਚੰਦ ਕੌਰ ਪਤਨੀ ਮਲਕੀਤ ਸਿੰਘ ਨਜਦੀਕ ਹਾਈ ਸਕੂਲ (ਲੜਕੇ) ਬਾਹਮਣੀ ਚੁੰਗੀ ਨੇੜੇ ਪੈਦਲ ਜਾ ਰਹੀ ਸੀ ਤਾਂ ਲੁਟੇਰਿਆਂ ਨੇ ਝਪਟਾ ਮਾਰ ਕੰਨ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਇਸੇ ਤਰ੍ਹਾਂ 28 ਮਾਰਚ ਨੂੰ ਬਜਾਜਾਂ ਵਾਲੀ ਗਲੀ ਵਾਸੀ ਆਯੂਸ਼ ਕੁਮਾਰ ਪੁੱਤਰ ਰਾਕੇਸ਼ ਕੁਮਾਰ ਸ਼ਾਮ ਕਰੀਬ 6 ਵਜੇ ਆਪਣੇ ਨਿੱਜੀ ਕੰਮ ਲਈ ਜਾ ਰਿਹਾ ਸੀ ਅਤੇ ਮੋਬਾਇਲ ਤੇ ਗੱਲ ਕਰਦੇ ਸਮੇਂ ਪਿੱਛੋਂ ਦੀ ਮੋਟਰਸਾਇਕਲ ਸਵਾਰ ਲੁਟੇਰੇ ਨੇ ਝਪਟਾ ਮਾਰ ਕੇ ਉਸਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਿਆ।

ਇਸੇ ਤਰ੍ਹਾਂ 15 ਮਾਰਚ ਨੂੰ ਭਗਵਾਨਪੁਰਾ ਵਾਸੀ ਅਸ਼ਵਨੀ ਕੁਮਾਰ ਦੀ ਬੇਟੀ ਸਕੂਲ ਤੋਂ ਘਰ ਵਾਪਿਸ ਆ ਰਹੀ ਸੀ ਤਾਂ ਲੁਟੇਰਿਆਂ ਨੇ ਉਸਦੇ ਹੱਥ ਵਿਚ ਫੜ੍ਹਿਆ ਮੋਬਾਇਲ ਖੋਹ ਲਿਆ ਅਤੇ ਸੋਨੇ ਦੀ ਚੇਨ ਝਪਟਾ ਮਾਰ ਕੇ ਉਤਾਰ ਲਈ ਅਤੇ ਫਰਾਰ ਹੋ ਗਏ। ਇਸ ਸੰਬੰਧੀ ਜਦੋਂ ਥਾਣਾ ਸਿਟੀ ਦੇ ਮੁਨਸ਼ੀ ਨਾਲ ਇਕ ਹਫਤੇ ਦੌਰਾਨ ਲੁੱਟ-ਖੋਹ ਦੀਆਂ ਕਿੰਨੀ ਦਰਖਾਸਤਾਂ ਆਈਆਂ ਹਨ ਤਾਂ ਉਨ੍ਹਾਂ ਦੱਸਿਆ ਕਿ 5-6 ਦਰਖਾਸਤਾ ਇਸ ਸੰਬੰਧੀ ਆ ਚੁੱਕੀਆਂ ਹਨ। ਜਦੋਂ ਉਨ੍ਹਾਂ ਨੂੰ ਇਨ੍ਹਾਂ ਸ਼ਿਕਾਇਤਾਂ ਸੰਬੰਧੀ ਰਪਟ ਦਰਜ ਕੀਤੇ ਜਾਣ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਦਰਖਾਸਤਾ ਆਈ.ਓ.ਨੂੰ ਮਾਰਕ ਕਰਕੇ ਭੇਜ ਦਿੰਦੇ ਹਾਂ ਅਤੇ ਉਨ੍ਹਾਂ ਵਲੋਂ ਪੁਸ਼ਟੀ ਹੋਣ ਤੋਂ ਬਾਅਦ ਘਟਨਾ ਸੰਬੰਧੀ ਪਰਚਾ ਦਰਜ ਕੀਤਾ ਜਾਂਦਾ ਹੈ।
ਇਸ ਸੰਬੰਧੀ ਜਦੋਂ ਨਗਰ ਥਾਣਾ ਮੁਖੀ ਮੈਡਮ ਲਵਮੀਤ ਕੌਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਗੰਨਮੈਨ ਵਲੋਂ ਫੋਨ ਚੁੱਕ ਕੇ ਕਿਹਾ ਗਿਆ ਕਿ ਮੈਡਮ ਐੱਸ. ਐੱਚ. ਓ. ਸਾਹਿਬ ਜ਼ਿਲਾ ਸੀਨੀਅਰ ਪੁਲਸ ਕਪਤਾਨ ਵਲੋਂ ਬੁਲਾਈ ਗਈ ਮੀਟਿੰਗ ਵਿਚ ਹਨ। ਦੱਸਣਯੋਗ ਹੈ ਕਿ ਅਗਲੇ ਹਫਤੇ ਤੋਂ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਨ੍ਹਾਂ ਦਿਨਾਂ ਵਿਚ ਅਕਸਰ ਹੀ ਬੈਂਕਾਂ ਵਿਚ ਵਪਾਰੀ ਵਰਗ ਦਾ ਲੈਣ-ਦੇਣ ਵੱਧ ਜਾਂਦਾ ਹੈ ਪਰ ਜੇਕਰ ਪੁਲਸ ਪ੍ਰਸ਼ਾਸਨ ਵਲੋਂ ਲੁਟੇਰਿਆਂ 'ਤੇ ਨੱਥ ਨਾ ਪਾਈ ਗਈ ਤਾਂ ਭਵਿੱਖ ਵਿਚ ਵੀ ਲੁੱਟ-ਖੋਹ ਦੀਆਂ ਹੋਰ ਵਾਰਦਾਤਾਂ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।