ਰੋਡਵੇਜ਼ ਮੁਲਾਜ਼ਮਾਂ ਵਲੋਂ ਬੱਸ ਅੱਡਾ ਬੰਦ ਕਰ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ

03/23/2018 6:18:30 AM

ਜਲੰਧਰ, (ਪੁਨੀਤ)— ਪੈਂਡਿੰਗ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਰੋਡਵੇਜ਼ ਮੁਲਾਜ਼ਮਾਂ ਨੇ ਬੱਸ ਅੱਡਾ ਬੰਦ ਕਰਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਦਿਆਂ ਆਪਣੀ ਭੜਾਸ ਕੱਢੀ। ਦੁਪਹਿਰ 12 ਤੋਂ 2 ਵਜੇ ਤਕ ਬੱਸਾਂ ਨੂੰ ਅੱਡੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਬੱਸਾਂ ਰਾਹੀਂ ਯਾਤਰੀਆਂ ਨੂੰ ਫਲਾਈਓਵਰ 'ਤੇ ਹੀ ਉਤਾਰ ਦਿੱਤਾ ਗਿਆ, ਜਿਸ ਕਰਕੇ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਉਠਾਉਣੀ ਪਈ। 
ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਹੋਏ ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਧਰਨੇ 'ਤੇ ਬੈਠੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਨੇ ਜੋ ਚੋਣ ਵਾਅਦੇ ਕੀਤੇ ਸਨ, ਉਹ ਝੂਠੇ ਸਿੱਧ ਹੋਏ ਹਨ। ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ, ਜਿਸ ਕਰਕੇ ਮੁਲਾਜ਼ਮ ਆਰਥਿਕ ਤੰਗੀ ਉਠਾਉਣ ਨੂੰ ਮਜਬੂਰ ਹੋ ਰਹੇ ਹਨ। 
ਬੁਲਾਰਿਆਂ ਨੇ ਕਿਹਾ ਕਿ ਇਹ ਹੜਤਾਲ ਸਿਰਫ ਟ੍ਰੇਲਰ ਹੈ, ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ, ਜਿਸ ਲਈ ਪੰਜਾਬ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਬੁਲਾਰਿਆਂ ਨੇ ਕਿਹਾ ਕਿ ਪ੍ਰਦਰਸ਼ਨ ਨੂੰ ਤੇਜ਼ ਕਰਦੇ ਹੋਏ 3 ਅਪ੍ਰੈਲ ਤੋਂ 5 ਅਪ੍ਰੈਲ ਤਕ ਸਵੇਰੇ 11 ਤੋਂ ਦੁਪਹਿਰ 3 ਵਜੇ ਤਕ ਧਰਨੇ ਪ੍ਰਦਰਸ਼ਨ ਹੋਣਗੇ। 24 ਅਪ੍ਰੈਲ ਨੂੰ ਪੰਜਾਬ ਦੇ ਸਾਰੇ 18 ਡਿਪੂਆਂ 'ਤੇ ਗੇਟ ਰੈਲੀਆਂ ਹੋਣਗੀਆਂ, ਜਦਕਿ 26 ਅਪ੍ਰੈਲ ਨੂੰ ਮੋਹਾਲੀ ਵਿਚ ਸੂਬਾ ਪੱਧਰੀ ਰੈਲੀ ਕੱਢ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਅਵਤਾਰ ਸਿੰਘ ਤਾਰੀ, ਪ੍ਰਦੀਪ ਕੁਮਾਰ, ਮਲਵਿੰਦਰ ਕੁਮਾਰ, ਹਰਿੰਦਰ ਸਿੰਘ ਚੀਮਾ, ਪਰਮਜੀਤ ਸਿੰਘ, ਸੰਤੋਖ ਸਿੰਘ, ਜਗੀਰ ਸਿੰਘ, ਦਵਿੰਦਰ ਪਾਲ ਸਿੰਘ, ਕੁਲਵਿੰਦਰ ਸਿੰਘ, ਹਰਕੇਵਲ ਰਾਮ, ਕਿਸ਼ਨ ਚੰਦ, ਬਲਜੀਤ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ, ਵੇਦ ਪ੍ਰਕਾਸ਼, ਜਸਵਿੰਦਰ ਸਿੰਘ, ਵਿਕਰਮ ਸਿੰਘ, ਜਸਵੀਰ ਸਿੰਘ, ਮਨਜਿੰਦਰ ਸਿੰਘ ਅਤੇ ਹੋਰ ਮੌਜੂਦ ਰਹੇ। 
ਅੱਡੇ ਦੇ ਬਾਹਰੋਂ ਸਵਾਰੀਆਂ ਬਿਠਾਉਣ 'ਤੇ ਲੱਗਾ ਜਾਮ
ਬੱਸਾਂ ਨੂੰ ਅੱਡੇ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਬੱਸ ਅੱਡਾ ਖਾਲੀ ਪਿਆ ਸੀ। ਬੱਸ ਚਾਲਕਾਂ ਵਲੋਂ ਅੱਡੇ ਦੇ ਬਾਹਰੋਂ ਸਵਾਰੀਆਂ ਬੱਸਾਂ ਵਿਚ ਬਿਠਾਈਆਂ ਜਾ ਰਹੀਆਂ ਸਨ, ਜਿਸ ਕਾਰਨ ਫਲਾਈਓਵਰ ਦੇ ਹੇਠਾਂ ਜਾਮ ਵਾਲੀ ਸਥਿਤੀ ਬਣ ਗਈ। ਟਰੈਫਿਕ ਪੁਲਸ ਵਲੋਂ ਜੱਦੋ-ਜਹਿਦ ਕਰਕੇ ਬੱਸਾਂ ਨੂੰ ਕੱਢਿਆ ਗਿਆ। ਇਸ ਦੌਰਾਨ ਜਾਮ ਵਿਚ ਫਸੇ ਵਾਹਨ ਚਾਲਕਾਂ ਨੂੰ ਬਹੁਤ ਦਿੱਕਤਾਂ ਉਠਾਉਣੀਆਂ ਪਈਆਂ ਕਿਉਂਕਿ ਉਨ੍ਹਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਵਿਚ ਕਾਫੀ ਦੇਰੀ ਹੋਈ।