ਪੰਜਾਬ ''ਚ ਹਾਦਸਿਆਂ ਦੇ ਬਲੈਕ ਸਪਾਟਸ ਬਾਰੇ ਪਹਿਲੀ ਰਿਪੋਰਟ ਜਾਰੀ

09/20/2019 12:09:28 PM

ਚੰਡੀਗੜ੍ਹ (ਸ਼ਰਮਾ) : 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਚਲਾਏ ਜਾ ਰਹੇ ਪ੍ਰੋਗਰਾਮ 'ਪੰਜਾਬ ਸੜਕ ਦੁਰਘਟਨਾ ਬਲੈਕ ਸਪਾਟਸ ਦੀ ਪਛਾਣ ਅਤੇ ਸੁਧਾਰ' ਦੀ ਪਹਿਲੀ ਰਿਪੋਰਟ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪਨੂੰ ਵਲੋਂ ਜਾਰੀ ਕੀਤੀ ਗਈ ਹੈ। ਪਨੂੰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਸੜਕ ਐਕਸੀਡੈਂਟ ਬਲੈਕ ਸਪਾਟਸ ਦੀ ਇਹ ਰਿਪੋਰਟ 'ਤੰਦਰੁਸਤ ਪੰਜਾਬ ਮਿਸ਼ਨ' ਅਧੀਨ ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ ਟੀਮ ਨੇ ਪੰਜਾਬ ਪੁਲਸ ਦੇ ਟ੍ਰੈਫਿਕ ਵਿਭਾਗ ਨਾਲ ਮਿਲ ਕੇ ਤਿਆਰ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਰਿਪੋਰਟ ਦੇ ਪਹਿਲੇ ਹਿੱਸੇ 'ਚ ਸੂਬੇ ਭਰ ਦੇ 12 ਜ਼ਿਲਿਆਂ 'ਚ 391 ਪੰਜਾਬ ਸੜਕ ਐਕਸੀਡੈਂਟ ਬਲੈਕ ਸਪਾਟਸ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ 'ਚੋਂ 256 (65 ਫ਼ੀਸਦੀ) ਬਲੈਕ ਸਪਾਟਸ ਪੰਜਾਬ ਦੇ ਕੌਮੀ ਰਾਜ ਮਾਰਗਾਂ 'ਤੇ, 66 (17 ਫ਼ੀਸਦੀ) ਪੰਜਾਬ ਦੀਆਂ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ 'ਤੇ, 42 (11 ਫ਼ੀਸਦੀ) ਸ਼ਹਿਰੀ ਸੜਕਾਂ 'ਤੇ ਅਤੇ 27 (7 ਫ਼ੀਸਦੀ) ਪੇਂਡੂ ਸੜਕਾਂ 'ਤੇ ਹਨ। ਮਿਸ਼ਨ ਡਾਇਰੈਕਟਰ ਨੇ ਅੱਗੇ ਕਿਹਾ ਕਿ ਇਨ੍ਹਾਂ 391 ਸੜਕ ਦੁਰਘਟਨਾ ਬਲੈਕ ਸਪਾਟਾਂ 'ਚ ਪਿਛਲੇ 3 ਸਾਲਾਂ (2016 ਤੋਂ 2018) ਦੌਰਾਨ, 2898 ਸੜਕੀ ਹਾਦਸੇ ਹੋਏ ਜਿਨ੍ਹਾਂ 'ਚ 1910 ਲੋਕ ਮਾਰੇ ਗਏ, 1401 ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਤੇ 488 ਲੋਕਾਂ ਨੂੰ ਹੋਰ ਸੱਟਾਂ ਲੱਗੀਆਂ।

ਬਲੈਕ ਸਪਾਟ ਦੀ ਜ਼ਿਲਾਵਾਰ ਜਾਣਕਾਰੀ ਦਿੰਦਿਆਂ ਪਨੂੰ ਨੇ ਕਿਹਾ ਕਿ ਮੋਹਾਲੀ ਜ਼ਿਲੇ 'ਚ ਸਭ ਤੋਂ ਵੱਧ 92 ਸੜਕ ਦੁਰਘਟਨਾ ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ, ਇਸ ਪਿੱਛੋਂ ਲੁਧਿਆਣਾ ਪੁਲਸ ਕਮਿਸ਼ਨਰੇਟ ਦੇ ਅਧਿਕਾਰ ਖੇਤਰ 'ਚ ਆਉਂਦੇ 91 ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਪੁਲਸ (ਦਿਹਾਤੀ) ਦੇ ਅਧਿਕਾਰ ਖੇਤਰ 'ਚ 6, ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਦੇ ਅਧੀਨ 23, ਬਟਾਲਾ 'ਚ 9, ਗੁਰਦਾਸਪੁਰ ਵਿਚ 12, ਤਰਨਤਾਰਨ ਵਿਚ 8, ਜਲੰਧਰ ਪੁਲਸ ਕਮਿਸ਼ਨਰੇਟ ਅਧੀਨ 21, ਮੋਗੇ 'ਚ 9, ਪਟਿਆਲਾ ਵਿਚ 55, ਰੂਪਨਗਰ ਵਿਚ 30, ਸ਼ਹੀਦ ਭਗਤ ਸਿੰਘ ਨਗਰ ਵਿਚ 21, ਬਠਿੰਡਾ 'ਚ 8 ਅਤੇ ਸੰਗਰੂਰ 'ਚ 6 ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ।

Babita

This news is Content Editor Babita