ਜੋਤੀ ਚੌਕ ਹਾਦਸਾ: ਬਿਆਨ ਬਦਲਦੀ ਨਜ਼ਰ ਆਈ ਮਹਿਲਾ ਚਾਲਕ ਵਿਮਲ, ਕਿਹਾ- ਗਲਤੀ ਨਾਲ ਦੱਬਿਆ ਗਿਆ ਐਕਸੀਲੇਟਰ

09/26/2018 2:33:17 PM

ਜਲੰਧਰ (ਵਰੁਣ)— ਜਲੰਧਰ ਦੇ ਭੀੜ-ਭਾੜ ਵਾਲੇ ਇਲਾਕੇ ਜੋਤੀ ਚੌਕ ਨੇੜੇ ਬੀਤੇ ਦਿਨ ਵਾਪਰੇ ਭਿਆਨਕ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ ਸੀ। ਇਸ ਦਰਦਨਾਕ ਹਾਦਸੇ 'ਚ ਕਾਰ ਚਲਾ ਰਹੀ ਮਹਿਲਾ ਵਿਮਲ ਨੇ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ। ਦੱਸਣਯੋਗ ਹੈ ਕਿ ਹਾਦਸੇ ਦੇ ਸਮੇਂ ਜਦੋਂ ਮਹਿਲਾ ਕੋਲੋਂ ਪੁੱਛਿਆ ਗਿਆ ਤਾਂ ਉਹ ਆਪਣੇ ਬਿਆਨ ਬਦਲਦੀ ਨਜ਼ਰ ਆਈ। ਪੁਲਸ ਨੇ ਜਦ ਹਾਦਸੇ ਸਬੰਧੀ ਵਿਮਲ ਦੇਵੀ ਵਾਸੀ ਮਿਸ਼ਨ ਕੰਪਾਊਂਡ ਤੋਂ ਪੁੱਛਗਿੱਛ ਕੀਤੀ ਤਾਂ ਪਹਿਲਾਂ ਉਸ ਨੇ ਕਿਹਾ ਕਿ ਮੇਰੇ ਕੋਲੋਂ ਗਲਤੀ ਨਾਲ ਐਕਸੀਲੇਟਰ ਦੱਬਿਆ ਗਿਆ। ਦੂਜੀ ਸਾਈਡ ਤੋਂ ਕੁਝ ਚੁੱਕਣ ਲੱਗੀ ਸੀ ਕਿ ਪੈਰ ਕਦੋਂ ਐਕਸੀਲੇਟਰ 'ਤੇ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਾ। ਇਸ ਤੋਂ ਬਾਅਦ ਫਿਰ ਦੁਬਾਰਾ ਬੋਲੀ, ਮੈਨੂੰ ਗੱਡੀ ਘੱਟ ਚਲਾਉਣੀ ਆਉਂਦੀ ਹੈ। ਇਸ ਥਾਣਾ ਨੰ. 4 ਦੀ ਸਬ-ਇੰਸਪੈਕਟਰ ਗੁਰਦੀਪ ਕੌਰ ਨੇ ਕਿਹਾ ਕਿ ਔਰਤ ਬਦਲ-ਬਦਲ ਕੇ ਬਿਆਨ ਦੇ ਰਹੀ ਸੀ ।

ਇੰਝ ਵਾਪਰਿਆ ਦਰਦਨਾਕ ਹਾਦਸਾ 
ਮੰਗਲਵਾਰ ਦੁਪਹਿਰ ਪੌਣੇ 12 ਵਜੇ ਦਾ ਸਮਾਂ ਸੀ। ਪਲਾਜ਼ਾ ਚੌਕ ਤੋਂ ਜੋਤੀ ਚੌਕ ਕੋਲ ਸਾਰੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਸਨ। ਸ਼ਾਪਿੰਗ ਕਰਨ ਆਏ ਲੋਕਾਂ ਤੋਂ ਇਲਾਵਾ ਰੋਡ 'ਤੇ ਵਾਹਨਾਂ ਦਾ ਆਉਣਾ-ਜਾਣਾ ਚੱਲ ਰਿਹਾ ਸੀ। ਅਚਾਨਕ ਸਾਈਡ 'ਤੇ ਖੜ੍ਹੀ ਵਾਕਸ ਵੈਗਨ ਕਾਰ ਨੇ ਸਿਰਫ 5 ਸਕਿੰਟ 'ਚ 80 ਦੀ ਸਪੀਡ ਫੜ ਕੇ ਹਾਹਾਕਾਰ ਮਚਾ ਦਿੱਤੀ, ਜਦੋਂ ਤੱਕ ਕਿਸੇ ਨੂੰ ਕੁਝ ਸਮਝ ਆਉਂਦਾ ਪਲਾਜ਼ਾ ਚੌਕ ਤੋਂ ਕੁਝ ਹੀ ਦੂਰੀ 'ਤੇ ਸੜਕ 'ਤੇ ਖੂਨ ਖਿੱਲਰ ਚੁੱਕਾ ਸੀ। ਕਾਰ ਨੇ ਪੈਦਲ ਚੱਲ ਰਹੀ ਔਰਤ ਨੂੰ ਆਪਣੀ ਲਪੇਟ 'ਚ ਲੈਂਦੇ ਹੋਏ ਕੁਚਲ ਦਿੱਤਾ। ਇਸ ਦੌਰਾਨ ਲੋਕ ਇਧਰ-ਉਧਰ ਭੱਜ ਰਹੇ ਸਨ। ਪੂਰੀ ਸੜਕ 'ਤੇ ਕੁਝ ਦੇਰ ਲਈ ਆਵਾਜਾਈ ਰੁਕ ਜਿਹੀ ਗਈ। ਘਰੋਂ ਦਵਾਈ ਲੈਣ ਲਈ ਸਿਵਲ ਹਸਪਤਾਲ ਜਾ ਰਹੀ ਔਰਤ ਬੇਗਮ ਦੀ ਚੁੰਨੀ ਰੋਡ ਦੀ ਸਾਈਡ 'ਤੇ ਸਵਿੱਫਟ ਡਿਜ਼ਾਇਰ ਕਾਰ ਦੀ ਬੈਕਸਾਈਡ 'ਤੇ ਬੋਨਟ 'ਚ ਫਸੀ ਹੋਈ ਸੀ ਅਤੇ ਉਸ ਦੀ ਖੂਨ ਨਾਲ ਲਥਪਥ ਲਾਸ਼ ਬੋਨਟ ਕੋਲ ਹੀ ਪਈ ਸੀ।

ਕੈਸ਼ ਵੈਨ ਨਾਲ ਟਕਰਾਉਣ 'ਤੇ ਰੁੱਕਿਆ ਗੱਡੀ ਦਾ ਕਹਿਰ
ਦੂਜੇ ਪਾਸੇ ਤਿਆਗ ਮੂਰਤੀ ਹਸਪਤਾਲ ਤੋਂ ਦਵਾਈ ਲੈ ਕੇ ਆ ਰਹੇ ਐਕਟਿਵਾ ਸਵਾਰ ਅਮਨ ਜੈਨ ਵਾਸੀ ਮੁਹੱਲਾ ਗੋਬਿੰਦਗੜ੍ਹ ਸੜਕ 'ਤੇ ਡਿੱਗਣ ਤੋਂ ਬਾਅਦ ਤੁਰੰਤ ਆਪਣੀ ਬੇਟੀ ਚੇਤਨਾ ਨੂੰ ਸੰਭਾਲਣ ਲਈ ਉਠੇ। ਅਮਨ ਜੈਨ ਦੀ ਬਾਂਹ 'ਤੇ ਫ੍ਰੈਕਚਰ ਹੋ ਚੁੱਕਾ ਸੀ ਪਰ ਧੀ ਦੇ ਪੈਰ 'ਤੇ ਲੱਗੀ ਸੱਟ ਖੁਦ ਦੇ ਫ੍ਰੈਕਚਰ ਤੋਂ ਜ਼ਿਆਦਾ ਦਰਦ ਦੇ ਰਹੀ ਸੀ। ਅਜੇ ਤੱਕ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕਿਹੜੀ ਗੱਡੀ ਨੇ ਇਨ੍ਹਾਂ ਨੂੰ ਕੁਚਲ ਦਿੱਤਾ। ਜਿਵੇਂ-ਜਿਵੇਂ ਵਾਕਸ ਵੈਗਨ ਗੱਡੀ ਦੌੜਦੀ ਗਈ, ਚੀਕਾਂ ਦੀਆਂ ਆਵਾਜ਼ਾਂ ਵਧਦੀਆਂ ਗਈਆਂ। ਜੋਤੀ ਚੌਕ ਤੋਂ ਸ੍ਰੀ ਰਾਮ ਚੌਕ ਵੱਲ ਜਾ ਰਹੇ ਸੀ. ਆਈ. ਏ. ਸਟਾਫ ਰੂਰਲ ਦੇ ਏ. ਐੱਸ. ਆਈ. ਪੰਕਜ ਅਤੇ ਸਿਪਾਹੀ ਹਰਜੀਤ ਦਾ ਬੁਲੇਟ ਵੀ ਬੇਕਾਬੂ ਗੱਡੀ ਦੀ ਲਪੇਟ 'ਚ ਆ ਗਿਆ ਅਤੇ ਮੋਟਰਸਾਈਕਲ ਸਵਾਰ ਆਪਟੀਕਲ ਕਾਰੋਬਾਰੀ ਮੋਹਿਤ ਨੂੰ ਵੀ ਗੱਡੀ ਨੇ ਆਪਣੀ ਲਪੇਟ 'ਚ ਲੈ ਲਿਆ ਸੀ। ਕੁਝ ਸਕਿੰਟ 'ਚ ਗੱਡੀ ਦੂਜੀ ਸਾਈਡ 'ਤੇ ਆ ਕੇ ਬੈਂਕ ਆਫ ਬੜੌਦਾ ਦੇ ਬਾਹਰ ਕੈਸ਼ ਲੈਣ ਆਈ ਕੈਸ਼ ਵੈਨ ਨਾਲ ਟਕਰਾਈ ਅਤੇ ਬਾਅਦ 'ਚ ਬੈਂਕ ਦੀਆਂ ਪੌੜੀਆਂ ਨਾਲ ਟਕਰਾਉਣ ਤੋਂ ਬਾਅਦ ਜਾ ਕੇ ਇਸ ਗੱਡੀ ਦਾ ਕਹਿਰ ਰੁਕਿਆ। ਜੇਕਰ ਬੈਂਕ ਦੇ ਬਾਹਰ ਕੈਸ਼ ਵੈਨ ਨਾ ਖੜ੍ਹੀ ਹੁੰਦੀ ਤਾਂ ਬੇਕਾਬੂ ਗੱਡੀ ਨੇ ਲੋਕਾਂ ਦੀ ਭੀੜ 'ਚ ਵੜ ਜਾਣਾ ਸੀ ਅਤੇ ਲਾਸ਼ਾਂ ਵਿਛਾ ਦੇਣੀਆਂ ਸਨ। ਗੱਡੀ ਚਾਲਕ ਔਰਤ ਦੀ ਗਲਤੀ ਕਾਰਨ ਇਹ ਸਾਰੀ ਘਟਨਾ ਵਾਪਰੀ।
ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 4 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਸਵਾਰ ਔਰਤ ਵਿਮਲ (60) ਪੁੱਤਰੀ ਇੰਦਰ ਦੌਲਤ ਨਾਥ ਨੂੰ ਹਿਰਾਸਤ ਵਿਚ ਲੈ ਲਿਆ। ਵਿਮਲ ਦੇਵੀ ਕਾਫੀ ਅਮੀਰ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਹ ਇਕ ਟੀਚਰ ਹੈ ਅਤੇ ਉਸ ਦਾ ਜ਼ਮੀਨਾਂ ਲੀਜ਼ 'ਤੇ ਦੇਣ ਦਾ ਕੰਮ ਵੀ ਹੈ। ਮਰਨ ਵਾਲੀ ਬੇਗਮ 6 ਬੱਚਿਆਂ ਦੀ ਮਾਂ ਸੀ। ਉਸ ਦੇ 4 ਲੜਕਿਆਂ 'ਚੋਂ ਇਕ ਦਾ ਵਿਆਹ ਹੋ ਚੁੱਕਾ ਹੈ, ਜਦਕਿ ਦੋ ਲੜਕੀਆਂ ਅਜੇ ਕੁਆਰੀਆਂ ਹਨ।

ਡਰਾਈਵਰ ਬਦਲਣ ਦੇ ਸ਼ੱਕ 'ਤੇ ਥਾਣੇ 'ਚ ਹੰਗਾਮਾ
ਪੀੜਤ ਪਰਿਵਾਰ ਵਾਲਿਆਂ ਅਤੇ ਉਨ੍ਹਾਂ ਨਾਲ ਆਏ ਸਮਰਥਕਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਪੁਲਸ ਡਰਾਈਵਰ ਬਦਲ ਕੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੈ। ਜਿਵੇਂ ਹੀ ਪਰਿਵਾਰ ਅਤੇ ਸਮਰਥਕਾਂ ਨੂੰ ਪਤਾ ਲੱਗਾ ਤਾਂ ਥਾਣੇ ਵਿਚ ਹੰਗਾਮਾ ਹੋ ਗਿਆ। ਬਾਅਦ 'ਚ ਲੋਕਾਂ ਨੂੰ ਦਿਖਾਇਆ ਗਿਆ ਕਿ ਜਿਸ ਔਰਤ ਨੂੰ ਮੌਕੇ 'ਤੇ ਕਾਬੂ ਕੀਤਾ ਹੈ, ਉਹ ਪੁਲਸ ਕਸਟਡੀ 'ਚ ਹੀ ਹੈ। ਔਰਤ ਨੂੰ ਦੇਖ ਕੇ ਭੜਕੇ ਲੋਕ ਸ਼ਾਂਤ ਹੋਏ।

ਪਾਸਪੋਰਟ ਸਬੰਧੀ ਕੰਮ ਲਈ ਆਇਆ ਸੀ ਸਵਿਫਟ ਕਾਰ 'ਚ ਸਵਾਰ ਐੱਨ. ਆਰ. ਆਈ. ਪਰਿਵਾਰ
ਵਾਕਸ ਵੈਗਨ ਕਾਰ ਨੇ ਜਿਸ ਸਵਿਫਟ ਡਿਜ਼ਾਇਰ ਕਾਰ ਨੂੰ ਟੱਕਰ ਮਾਰੀ, ਉਹ ਕੁਝ ਹੀ ਸਕਿੰਟ ਪਹਿਲਾਂ ਉਥੇ ਆ ਕੇ ਰੁਕੀ ਸੀ। ਕਾਰ ਵਿਚ ਨਿਰਮਲ ਕੌਰ, ਉਨ੍ਹਾਂ ਦੀ ਨੂੰਹ, 7 ਮਹੀਨਿਆਂ ਦਾ ਪੋਤਾ ਅਤੇ ਪਤੀ ਸੀ। ਪਤੀ ਅਤਿੰਦਰ ਸਿੰਘ ਕੋਈ ਐਡਰੈੱਸ ਪੁੱਛਣ ਲਈ ਬਾਹਰ ਨਿਕਲਿਆ ਹੀ ਸੀ ਕਿ ਪਿਛਿਓਂ ਆਈ ਵਾਕਸ ਵੈਗਨ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਰਾਹਤ ਦੀ ਗੱਲ ਇਹ ਰਹੀ ਕਿ 7 ਮਹੀਨਿਆਂ ਦੇ ਬੱਚੇ ਅਤੇ ਕਾਰ ਸਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ। ਕਰੀਬ 3 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਪੁਲਸ ਨੇ ਕਾਰ ਨੂੰ ਛੱਡ ਦਿੱਤਾ।