ਬਾਰਾਤੀਆਂ ਦੀ ਕਾਰ ਨਾਲ ਵਾਪਰਿਆ ਹਾਦਸਾ, 2 ਦੀ ਮੌਤ, 4 ਜ਼ਖਮੀ

04/20/2018 4:36:12 PM

ਅਬੋਹਰ (ਸੁਨੀਲ) : ਲਾਈਨਪਾਰ ਖੇਤਰ ਨਵੀਂ ਆਬਾਦੀ ਵਾਸੀ ਇਕ ਪਰਿਵਾਰ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਸੋਗ 'ਚ ਬਦਲ ਗਈਆਂ ਜਦ ਬਰਾਤ ਲੈ ਕੇ ਵਾਪਸ ਆ ਰਹੇ ਪਰਿਵਾਰ ਦੇ ਰਿਸ਼ਤੇਦਾਰਾਂ ਦੀ ਇਕ ਕਾਰ ਸੜਕ ਕੰਡੇ ਖੜੇ ਟਰੱਕ 'ਚ ਜਾ ਵੱਜੀ। ਇਸ ਸੜਕ ਹਾਦਸੇ 'ਚ ਦੋ ਔਰਤਾਂ ਦੀ ਦਰਦਨਾਕ ਮੌਤ ਹੋ ਗਈ ਜਦ ਕਿ ਇਕ ਬੱਚੇ ਸਮੇਤ 4 ਲੋਕ ਜਖ਼ਮੀ ਹੋ ਗਏ। ਜਖ਼ਮੀਆਂ ਲੋਕਾਂ ਨੂੰ ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।


ਮਿਲੀ ਜਾਣਕਾਰੀ ਮੁਤਾਬਕ ਨਵੀਂ ਆਬਾਦੀ ਗਲੀ ਨੰਬਰ 2 ਵਾਸੀ ਪ੍ਰਹਿਲਾਦ ਚੰਦ ਦੇ ਪੁੱਤਰ ਮਨੋਜ ਦਾ ਵਿਆਹ ਬੀਤੀ ਰਾਤ ਸਾਦੁਲਸ਼ਹਿਰ 'ਚ ਹੋਇਆ ਸੀ। ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਅੱਜ ਤੜਕੇ ਵਹੁਟੀ ਲੈ ਕੇ ਵਾਪਸ ਅਬੋਹਰ ਆ ਰਹੇ ਸਨ। ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਇਕ ਕਾਰ ਤੜਕੇ ਕਰੀਬ 7 ਵਜੇ ਹੁਮਾਨਗੜ ਬਾਈਪਾਸ ਦੇ ਨੇੜੇ ਪੁੱਜੀ ਤਾਂ ਕਾਰ ਚਾਲਕ ਦੀ ਅਚਾਨਕ ਝਪਕੀ ਲੱਗਣ ਨਾਲ ਉਨ੍ਹਾਂ ਦੀ ਕਾਰ ਸੜਕ ਕੰਡੇ ਖੜੇ ਕਣਕ ਦੇ ਟਰੱਕਾਂ 'ਚ ਜਾ ਵੱਜੀ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਉਨ੍ਹਾਂ ਦੀ ਕਾਰ ਖੇਰੂ-ਖੇਰੂ ਹੋ ਗਈ। ਗੱਡੀ 'ਚ ਬੈਠੇ ਲਾੜੇ ਮਨੋਜ ਦੀ ਭੂਆ ਮੀਰਾ ਦੇਵੀ ਪਤਨੀ ਭੂਪਚੰਦ ਵਾਸੀ ਹਿਸਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਕਾਰ 'ਚ ਸਵਾਰ ਮ੍ਰਿਤਕ ਦੀ ਭਰਜਾਈ ਰੇਖਾ, ਭਰਾ ਪ੍ਰਦੀਪ ਕੁਮਾਰ, ਭਤੀਜੀ ਤਨਵੀ, ਭਤੀਜਾ ਦਿਸ਼ੁ ਸਾਰੇ ਵਾਸੀ ਪਿੰਡ ਦੁਤਾਰਾਂਵਾਲੀ, ਰਿਸ਼ਤੇਦਾਰ ਪਾਇਲ ਪੁੱਤਰੀ ਭੂਪਚੰਦ ਅਤੇ ਅਕਾਸ਼ ਪੁੱਤਰ ਪੁਸ਼ਕਰ ਗੰਭੀਰ ਰੂਪ ਤੋਂ ਜਖ਼ਮੀ ਹੋ ਗਏ।

ਇਸ ਮੌਕੇ ਆਲੇ-ਦੁਆਲੇ ਦੇ ਲੋਕਾਂ ਨੇ ਇਸ ਹਾਦਸੇ ਦੀ ਸੂਚਨਾ 108 ਐਂਬੂਲੈਂਸ ਚਾਲਕਾਂ ਨੂੰ ਦੇ ਦਿੱਤੀ। 108 ਦੇ ਈ.ਐਮ.ਟੀ. ਕੁਲਦੀਪ ਅਤੇ ਚਾਲਕ ਜਗਬੀਰ ਨੇ ਮੌਕੇ 'ਤੇ ਪੁੱਜ ਕੇ ਟਰੱਕ ਚਾਲਕਾਂ ਦੀ ਮਦੱਦ ਨਾਲ ਕਾਰ ਨੂੰ ਭੰਨ ਕੇ ਜਖ਼ਮੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਮਨੋਜ ਦੀ ਭਰਜਾਈ ਰੇਖਾ ਦੀ ਮੌਤ ਹੋ ਗਈ। ਬਾਕੀ ਜਖ਼ਮੀਆਂ ਨੂੰ ਮੁਢਲੇ ਇਲਾਜ ਤੋਂ ਬਾਅਦ ਸ਼੍ਰੀ ਗੰਗਾਨਗਰ ਰੈਫਰ ਕਰ ਦਿੱਤਾ ਗਿਆ।