ਹਾਦਸਿਆਂ ਦਾ ਕਾਰਨ ਬਣ ਰਹੇ ਹਨ ਸੜਕਾਂ ''ਤੇ ਲੱਗੇ ਹੋਰਡਿੰਗ, ਸਥਾਨਕ ਪ੍ਰਸ਼ਾਸਨ ਖਾਮੋਸ਼

11/27/2017 6:32:00 PM

ਫਗਵਾੜਾ (ਹਰਜੋਤ)— ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸੜਕਾਂ 'ਤੇ ਲੱਗੇ ਨਾਜਾਇਜ਼ ਹੋਰਡਿੰਗ ਬੋਰਡਾਂ ਨੂੰ ਉਤਾਰਣ ਸਬੰਧੀ ਭਾਵੇਂ ਕਾਫੀ ਸਖਤ ਨਿਰਦੇਸ਼ ਦਿੱਤੇ ਗਏ ਸਨ ਪਰ ਅੱਜਕਲ ਫਗਵਾੜਾ ਸ਼ਹਿਰ 'ਚ ਇਨ੍ਹਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ਼ਹਿਰ 'ਚ ਥਾਂ-ਥਾਂ ਹੋਰਡਿੰਗਾਂ ਦੀ ਭਰਮਾਰ ਹੈ ਪਰ ਇਸ ਸਬੰਧੀ ਨਿਗਮ ਅਧਿਕਾਰੀ ਕੁਝ ਵੀ ਕਰਨ ਨੂੰ ਤਿਆਰ ਨਹੀਂ। ਪਿਛਲੇ ਸਮੇਂ ਦੌਰਾਨ ਇਥੇ ਤਾਇਨਾਤ ਰਹੇ ਏ. ਡੀ. ਸੀ. ਇਕਬਾਲ ਸਿੰਘ ਸੰਧੂ ਨੇ ਇਸ ਸਬੰਧੀ ਛੇੜੀ ਮੁਹਿੰਮ ਦੌਰਾਨ ਬੋਰਡ ਲਗਾਉਣ ਵਾਲੇ ਲੋਕਾਂ ਦੇ ਖਿਲਾਫ ਕਰੀਬ 2015 'ਚ 108 ਅਤੇ 2016 'ਚ 16 ਪਰਚੇ ਦਰਜ ਕਰਵਾਏ ਸਨ। 
ਇਸ ਦੌਰਾਨ ਪੈਂਦਾ ਹੋਏ ਡਰ ਕਾਰਨ ਕੋਈ ਵੀ ਵਿਅਕਤੀ ਸਰਕਾਰੀ ਜਾਇਦਾਦਾ ਜਾਂ ਬਿਲਡਿੰਗਾਂ ਉੱਪਰ ਬੋਰਡ ਲਗਾਉਣ ਨੂੰ ਤਿਆਰ ਨਹੀਂ ਸੀ ਪਰ ਹੁਣ ਨਗਰ ਨਿਗਮ ਵੱਲੋਂ ਇਸ ਸਬੰਧੀ ਧਾਰੀ ਚੁੱਪ ਕਾਰਨ ਲੋਕ ਮੁੜ ਥਾਂ-ਥਾਂ 'ਤੇ ਇਹ ਹੋਰਡਿੰਗਾਂ ਲਗਾਉਣ ਲੱਗ ਪਏ ਹਨ, ਜਿਸ ਕਾਰਨ ਸੜਕਾਂ ਉੱਪਰ ਹਾਦਸਿਆਂ ਦਾ ਸਬੱਬ ਬਣਿਆ ਰਹਿੰਦਾ ਹੈ।
ਕੀ ਕਹਿੰਦੇ ਹਨ ਲੋਕ: ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਲੱਗੇ ਬੋਰਡ ਲੋਕਾਂ ਲਈ ਹਾਦਸੇ ਦਾ ਕਾਰਨ ਬਣ ਰਹੇ ਹਨ ਪਰ ਕੋਈ ਪ੍ਰਸਾਸ਼ਨ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਨੇ ਮੰਗ ਕੀਤੀ ਸੜਕਾਂ 'ਤੇ ਲੱਗੇ ਨਾਜਾਇਜ਼ ਹੋਰਡਿੰਗ ਬੋਰਡ ਹਟਾਏ ਜਾਣ ਤਾਂ ਜੋ ਹਾਦਸੇ ਹੋਣ ਦਾ ਖਦਸ਼ਾ ਘੱਟ ਸਕੇ।