ਜਲੰਧਰ: ਕਾਲ ਬਣ ਕੇ ਚੜ੍ਹਿਆ ਮੰਗਲਵਾਰ ਦਾ ਦਿਨ, ਹਾਦਸੇ 'ਚ ਸੁਸ਼ੀਲ ਰਿੰਕੂ ਦੇ ਰਿਸ਼ਤੇਦਾਰ ਸਮੇਤ 2 ਦੀ ਮੌਤ (ਵੀਡੀਓ)

03/14/2018 2:15:09 PM

ਜਲੰਧਰ/ਭੋਗਪੁਰ (ਰਾਣਾ)— ਭੋਗਪੁਰ 'ਚ ਭਿਆਨਕ ਸੜਕ ਹਾਦਸਾ ਵਾਪਰਣ ਨਾਲ ਜਲੰਧਰ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਭਤੀਜੇ ਸਮੇਤ 2 ਦੀ ਮੌਤ ਹੋ ਗਈ ਜਦਕਿ 2 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਸਵੇਰੇ ਸਾਢੇ 8 ਵਜੇ ਜੀ. ਟੀ. ਰੋਡ 'ਤੇ ਪਚਰੰਗਾ ਵਿਖੇ ਹੋਇਆ, ਜਿੱਥੇ ਡਿਵਾਇਡਰ ਨਾਲ ਟਕਰਾਉਣ ਕਾਰਨ ਕਾਰ ਪਲਟ ਗਈ, ਜਿਸ ਦੌਰਾਨ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਕਾਰ ਸਵਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਕਾਰ ਦਾ ਨੰਬਰ ਪੀ. ਬੀ. 35 ਏ. ਸੀ. 2636 ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਸੁਰਜੀਤ (36) ਅਤੇ ਤਜਿੰਦਰ (22) ਦੇ ਰੂਪ 'ਚ ਹੋਈ ਹੈ। ਦੋਵੇਂ ਹੀ ਬਸਤੀ ਦਾਨਿਸ਼ਮੰਦਾ 'ਚ ਰਹਿੰਦੇ ਸਨ। ਸੁਸ਼ੀਲ ਰਿੰਕੂ ਮੁਤਾਬਕ ਸੁਰਜੀਤ ਉਨ੍ਹਾਂ ਦੀ ਰਿਸ਼ਤੇਦਾਰੀ 'ਚ ਭਤੀਜਾ ਲੱਗਦਾ ਸੀ। 

ਮਿਲੀ ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਪਰਿਵਾਰ ਜੰਮੂ ਤੋਂ ਵਿਆਹ ਤੋਂ ਆਈ-20 ਕਾਰ 'ਚ ਜਲੰਧਰ ਪਰਤ ਰਿਹਾ ਸੀ ਅਤੇ ਡਰਾਈਵਰ ਦੀ ਝੋਕ ਕਾਰਨ ਡਿਵਾਇਡਰ ਨਾਲ ਟਕਰਾ ਕੇ ਖਾਈ ਵਿਚ ਡਿੱਗ ਪਈ, ਟੱਕਰ ਇੰਨੀ ਜ਼ਬਰਦਸਤ ਸੀ ਕਿ ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਵਾਸੀ ਤੇਜਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਸੁਰਜੀਤ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ। ਜ਼ਖਮੀਆਂ ਨੂੰ ਮੌਕੇ 'ਤੇ ਪਹੁੰਚੀ ਚੌਕੀ ਪਚਰੰਗਾ ਦੀ ਪੁਲਸ ਨੇ ਨੇੜਲੇ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੋਂ ਉਨ੍ਹਾਂ ਨੂੰ ਜੋਸ਼ੀ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ। ਬਸਤੀ ਦਾਨਿਸ਼ਮੰਦਾਂ ਦੇ ਰਹਿਣ ਵਾਲੇ ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬਸਤੀ ਨੌ 'ਚ ਜੁੱਤੀਆਂ ਦਾ ਸ਼ੋਅਰੂਮ ਹੈ। ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ, ਛੋਟਾ ਭਰਾ ਤਜਿੰਦਰ, ਚਾਚਾ ਸੁਰਜੀਤ ਸਿੰਘ ਉਰਫ ਸ਼ੀਤਾ ਅਤੇ ਪ੍ਰੇਮਨਾਥ ਜੰਮੂ 'ਚ ਉਸ ਦੀ ਮਾਸੀ ਦੇ ਵਿਆਹ ਲਈ ਸ਼ਨੀਵਾਰ ਸਵੇਰੇ ਨਿਕਲੇ ਸਨ। ਉਥੋਂ ਉਹ ਬੁੱਧਵਾਰ ਤੜਕੇ ਸਵੇਰੇ 3.30 ਵਜੇ ਜਲੰਧਰ ਵਾਪਸ ਆਉਣ ਲਈ ਕਾਰ 'ਚ ਨਿਕਲੇ। ਰਸਤੇ ਵਿਚ ਕਾਰ ਚਲਾ ਰਹੇ ਚਾਚਾ ਸੁਰਜੀਤ ਸਿੰਘ ਨੂੰ ਅਚਾਨਕ ਝੋਕ ਲੱਗਣ ਕਾਰਨ ਕਾਰ ਰੋਡ ਦੇ ਇਕ ਪਾਸੇ ਸਾਈਡ ਨਾਲ ਟਕਰਾਉਣ ਦੇ ਬਾਅਦ ਖਾਈ 'ਚ ਡਿੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ। ਜ਼ਖਮੀ ਪ੍ਰੇਮਨਾਥ ਅਤੇ ਗੁਰਦੇਵ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਜੋਸ਼ੀ ਹਸਪਤਾਲ ਰੈਫਰ ਕਰ ਦਿੱਤਾ ਗਿਆ। 

1 ਮਹੀਨੇ ਪਹਿਲਾਂ ਖਰੀਦੀ ਸੀ ਕਾਰ
ਸਤਵੰਤ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਕਾਰ ਆਈ-20 ਉਨ੍ਹਾਂ ਦੀ ਹੈ ਜੋ ਕਿ ਇਕ ਮਹੀਨਾ ਪਹਿਲਾਂ ਖਰੀਦੀ ਸੀ। ਸਤਵੰਤ ਨੇ ਦੱਸਿਆ ਕਿ ਉਸ ਦਾ ਵਿਆਹ ਵੀ ਪਿਛਲੇ ਮਹੀਨੇ 4 ਫਰਵਰੀ ਨੂੰ ਹੀ ਹੋਇਆ ਹੈ, ਜਿਸ ਤੋਂ ਬਾਅਦ ਸਾਰਾ ਪਰਿਵਾਰ ਕਾਫੀ ਖੁਸ਼ ਸੀ ਪਰ ਅਚਾਨਕ ਉਨ੍ਹਾਂ ਦੀ ਮੌਤ ਨਾਲ ਘਰ 'ਚ ਮਾਤਮ ਛਾ ਗਿਆ। 
ਮਾਂ ਪਤੀ ਅਤੇ ਬੇਟੇ ਦੇ ਠੀਕ ਹੋਣ ਦੀਆਂ ਕਰ ਰਹੀ ਸੀ ਅਰਦਾਸਾਂ
ਤਜਿੰਦਰ ਦੀ ਮਾਂ ਆਪਣੇ ਘਰ 'ਚ ਪਤੀ ਗੁਰਦੇਵ ਅਤੇ ਬੇਟੇ ਦੇ ਠੀਕ ਹੋਣ ਦੀਆਂ ਅਰਦਾਸਾਂ ਕਰ ਰਹੀ ਸੀ ਪਰ ਪਿਤਾ ਅਤੇ ਮਾਂ ਨੂੰ ਇੰਨਾ ਨਹੀਂ ਸੀ ਪਤਾ ਕਿ ਤਜਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਕਿਉਂਕਿ ਹਾਦਸੇ ਵੇਲੇ ਗੁਰਦੇਵ ਸਿੰਘ ਬੇਹੋਸ਼ ਸਨ, ਇਸ ਲਈ ਪਰਿਵਾਰ ਵਾਲਿਆਂ ਦੀ ਹਿੰਮਤ ਨਹੀਂ ਹੋਈ ਕਿ ਉਨ੍ਹਾਂ ਨੂੰ ਦੱਸ ਦਿੰਦੇ। 
2 ਸਾਲ ਪਹਿਲਾਂ ਬੀ. ਕਾਮ. ਕੀਤੀ ਸੀ ਕੰਪਲੀਟ ਤੇਜਿੰਦਰ ਨੇ, ਪਰਿਵਾਰ ਵਾਲੇ ਭੇਜਣਾ ਚਾਹੁੰਦੇ ਸਨ ਵਿਦੇਸ਼
ਜੋਸ਼ੀ ਹਸਪਤਾਲ ਵਿਚ ਇਕੱਠੇ ਹੋਏ ਤਜਿੰਦਰ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਤਜਿੰਦਰ ਨੇ ਡੀ. ਏ. ਵੀ. ਕਾਲਜ ਤੋਂ ਬੀ. ਕਾਮ. ਕੀਤੀ ਸੀ। ਉਸ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਉਸ ਦੇ ਦੋਸਤ ਵੀ ਪਹੁੰਚੇ। ਜਿੱਥੇ ਰਿਸ਼ਤੇਦਾਰ ਆਪਸ 'ਚ ਗੱਲ ਕਰ ਰਹੇ ਸਨ ਕਿ ਤਜਿੰਦਰ ਪੜ੍ਹਾਈ 'ਚ ਕਾਫੀ ਹੁਸ਼ਿਆਰ ਸੀ ਅਤੇ ਹੁਣ ਉਨ੍ਹਾਂ ਨਾਲ ਦੁਕਾਨ 'ਤੇ ਬੈਠ ਰਿਹਾ ਸੀ ਪਰ ਘਰ ਦੇ ਉਸ ਨੂੰ ਬਾਹਰ ਭੇਜਣ ਦੀ ਸੋਚ ਰਹੇ ਸਨ। 


ਲੈਦਰ ਦਾ ਕੰਮ ਕਰਦਾ ਸੀ ਸੁਰਜੀਤ : ਰਿੰਕੂ
ਵਿਧਾਇਕ ਰਿੰਕੂ ਨੇ ਦੱਸਿਆ ਕਿ ਸੁਰਜੀਤ ਉਨ੍ਹਾਂ ਦਾ ਭਤੀਜਾ ਲੱਗਦਾ ਸੀ ਅਤੇ ਉਹ ਵੀ ਲੈਦਰ ਦਾ ਕੰਮ ਕਰਦਾ ਸੀ ਪਰ ਅਚਾਨਕ ਜਦੋਂ ਮੌਤ ਦੀ ਖਬਰ ਮਿਲੀ ਤਾਂ ਉਹ ਵੀ ਸਿਵਲ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਵੀ ਮੌਜੂਦ ਸਨ।