ਦੁਬਈ ਦੀ ਫਲਾਈਟ ਲੈਣ ਤੋਂ 10 ਘੰਟੇ ਪਹਿਲਾਂ ਵੀਡੀਓ ਡਾਇਰੈਕਟਰ ਦੀ ਦਰਦਨਾਕ ਮੌਤ (ਤਸਵੀਰਾਂ)

08/28/2019 6:52:16 PM

ਜਲੰਧਰ (ਮਹੇਸ਼, ਧੀਰ, ਸੋਢੀ)— ਦੁਬਈ ਦੀ ਫਲਾਈਟ ਲੈਣ ਤੋਂ ਕਰੀਬ 10 ਘੰਟੇ ਪਹਿਲਾਂ 23 ਸਾਲਾ ਵੀਡੀਓ ਡਾਇਰੈਕਟਰ ਏਕਨੂਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ ਹੋ ਗਈ। ਉਸ ਨੇ ਮੰਗਲਵਾਰ ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਲਈ ਫਲਾਈਟ ਲੈਣੀ ਸੀ। ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀ ਦੱਸਿਆ ਹੋਇਆ ਸੀ ਕਿ ਉਹ ਜਲੰਧਰ ਤੋਂ ਹੀ ਦੁਬਈ ਲਈ ਨਿਕਲ ਜਾਵੇਗਾ। ਉਥੇ ਉਸ ਨੇ ਕਿਸੇ ਸ਼ੂਟਿੰਗ ਦੇ ਸਿਲਸਿਲੇ ’ਚ ਜਾਣਾ ਸੀ। ਸੋਮਵਾਰ ਰਾਤ 2 ਵਜੇ ਤੋਂ ਬਾਅਦ ਨੈਸ਼ਨਲ ਹਾਈਵੇਅ (ਜਲੰਧਰ-ਲੁਧਿਆਣਾ ਰੋਡ) ’ਤੇ ਮੋਦੀ ਰਿਜ਼ਾਰਟ ਦੇ ਸਾਹਮਣੇ ਉਕਤ ਹਾਦਸਾ ਉਸ ਸਮੇਂ ਹੋਇਆ ਜਦੋਂ ਏਕਨੂਰ ਦੀ ਇਨਡੈਵਰ ਕਾਰ ਦਾ ਡਰਾਈਵਰ ਸਾਈਡ ਵਾਲਾ ਟਾਇਰ ਖੁੱਲ੍ਹ ਜਾਣ ਕਾਰਨ ਕਾਰ ਸੜਕ ਵਿਚਕਾਰ ਪਲਟ ਗਈ। ਕਾਰ ਨੂੰ ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਵਾਸੀ ਵੀਡੀਓ ਡਾਇਰੈਕਟਰ ਏਕਨੂਰ ਸਿੰਘ ਖੁਦ ਚਲਾ ਰਿਹਾ ਸੀ ਅਤੇ ਗੱਡੀ ਵਿਚ ਉਸ ਦੇ ਤਿੰਨ ਹੋਰ ਦੋਸਤ ਸ਼ਮਸ਼ੇਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਰਈਆ (ਅੰਮ੍ਰਿਤਸਰ), ਰੋਬਿਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਹੈਬਤਪੁਰ ਥਾਣਾ ਸੁਲਤਾਨਪੁਰ ਲੋਧੀ ਅਤੇ ਦਿਲਬਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਵਿਕਾਸਪੁਰੀ ਸ਼ਾਹਕੋਟ ਵੀ ਸਵਾਰ ਸਨ, ਜੋ ਕਿ ਇਸ ਹਾਦਸੇ ’ਚ ਗੰਭੀਰ ਜ਼ਖਮੀ ਹੋ ਗਏ। ਦਿਲਬਰ ਸਿੰਘ ਅਤੇ ਰੋਬਿਨਪ੍ਰੀਤ ਸਿੰਘ ਨੂੰ ਰਾਮਾ ਮੰਡੀ ਦੇ ਜੌਹਲ ਮਲਟੀ ਸਪੈਸ਼ਲਿਟੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

ਉਨ੍ਹਾਂ ਦੀ ਹਾਲਤ ਪ੍ਰਮੁੱਖ ਡਾਕਟਰ ਬੀ. ਐੱਸ. ਜੌਹਲ ਨੇ ਖਤਰੇ ਤੋਂ ਬਾਹਰ ਦੱਸੀ ਹੈ, ਜਦੋਂਕਿ ਸ਼ਮਸ਼ੇਰ ਸਿੰਘ ਸ਼ੇਰਾ ਦੇ ਪਰਿਵਾਰ ਵਾਲੇ ਉਸ ਨੂੰ ਅੰਮ੍ਰਿਤਸਰ ਲੈ ਗਏ ਹਨ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਜਲੰਧਰ ਕੈਂਟ ਦੇ ਏ. ਐੱਸ. ਆਈ. ਗੁਰਦੀਪ ਚੰਦ ਨੇ ਕਿਹਾ ਕਿ ਹਾਦਸੇ ’ਚ ਕਿਸੇ ਵੀ ਹੋਰ ਦਾ ਨੁਕਸਾਨ ਸਾਹਮਣੇ ਨਾ ਆਉਣ ’ਤੇ ਪੁਲਸ ਨੇ ਮ੍ਰਿਤਕ ਦੀ ਮਾਸੀ ਦੇ ਲੜਕੇ ਤਜਿੰਦਰ ਸਿੰਘ ਪੁੱਤਰ ਰਾਜਿੰਦਰਪਾਲ ਸਿੰਘ ਵਾਸੀ ਪਿੰਡ ਐਦਲਪੁਰ ਥਾਣਾ ਸ਼ਾਹਕੋਟ ਜੋ ਕਿ ਹਾਦਸੇ ਦੇ ਸਮੇਂ ਏਕਨੂਰ ਦੀ ਗੱਡੀ ਦੇ ਪਿੱਛੇ ਇਕ ਹੋਰ ਗੱਡੀ ਵਿਚ ਆਪਣੇ ਦੋਸਤ ਹਰਨੇਕ ਸਿੰਘ ਨਾਲ ਆ ਰਿਹਾ ਸੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਏਕਨੂਰ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤੀ ਹੈ।


60-70 ਦੀ ਸਪੀਡ ਸੀ ਗੱਡੀ ਦੀ
ਮ੍ਰਿਤਕ ਏਕਨੂਰ ਦੇ ਜ਼ਖਮੀ ਸਾਥੀਆਂ ਦਿਲਬਰ ਸਿੰਘ ਅਤੇ ਰੋਬਿਨਪ੍ਰੀਤ ਸਿੰਘ ਦੀਆਂ ਅੱਖਾਂ ’ਚੋਂ ਨਿਕਲ ਰਹੇ ਹੰਝੂ ਦੱਸ ਰਹੇ ਸਨ ਕਿ ਉਨ੍ਹਾਂ ਨੂੰ ਆਪਣੇ ਬਚਣ ਦੀ ਖੁਸ਼ੀ ਅਤੇ ਆਪਣੇ ਦੋਸਤ ਏਕਨੂਰ ਦੇ ਹਮੇਸ਼ਾ ਲਈ ਛੱਡ ਜਾਣ ਦਾ ਗਮ ਬਹੁਤ ਜ਼ਿਆਦਾ ਹੈ, ਜੋ ਸਾਰੀ ਉਮਰ ਨਾਲ ਹੀ ਰਹੇਗਾ। ਉਨ੍ਹਾਂ ਕਿਹਾ ਕਿ ਏਕਨੂਰ ਸਿਰਫ ਦੋਸਤ ਹੀ ਨਹੀਂ ਸਗੋਂ ਇਕ ਮਦਦਗਾਰ ਵੀ ਸੀ। ਦਿਲਬਰਪ੍ਰੀਤ ਸਿੰਘ ਨੇ ਦੱਸਿਆ ਕਿ ਏਕਨੂਰ ਗੱਡੀ 60-70 ਦੀ ਸਪੀਡ ’ਤੇ ਹੀ ਚਲਾ ਰਿਹਾ ਸੀ। ਅਚਾਨਕ ਟਾਇਰ ਕਿਵੇਂ ਖੁੱਲ੍ਹ ਗਿਆ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ।
ਸ਼ੂਟਿੰਗ ਦੇ ਸਿਲਸਿਲੇ ’ਚ ਗਏ ਸਨ ਫਗਵਾੜਾ ਵੱਲ
ਮ੍ਰਿਤਕ ਵੀਡੀਓ ਡਾਇਰੈਕਟਰ ਏਕਨੂਰ ਸਿੰਘ ਆਪਣੇ ਦੋਸਤਾਂ ਨਾਲ ਕਿਸੇ ਸ਼ੂਟਿੰਗ ਦੇ ਸਿਲਸਿਲੇ ’ਚ ਫਗਵਾੜਾ ਵੱਲ ਸੋਮਵਾਰ ਨੂੰ ਨਿਕਲੇ ਸਨ। ਉਥੋਂ ਆਉਂਦੇ ਸਮੇਂ ਰਾਤ ਨੂੰ ਉਨ੍ਹਾਂ ਹਵੇਲੀ ਵਿਚ ਖਾਣਾ ਖਾਧਾ ਅਤੇ 1.30 ਵਜੇ ਉਥੋਂ ਦੋ ਗੱਡੀਆਂ ’ਚ 6 ਲੋਕ ਜਲੰਧਰ ਲਈ ਨਿਕਲ ਪਏ। ਏਕਨੂਰ ਜਲੰਧਰ ’ਚ ਗੜ੍ਹਾ ਦੇ ਨੇੜੇ ਕਿਸੇ ਹੋਟਲ ’ਚ ਰਹਿੰਦਾ ਸੀ। ਰਾਤ ਨੂੰ ਉਸ ਨੇ ਉਥੇ ਜਾਣਾ ਸੀ। ਜ਼ਖਮੀ ਦਿਲਬਰਪ੍ਰੀਤ ਨੇ ਦੱਸਿਆ ਕਿ ਉਹ ਏਕਨੂਰ ਦੇ ਨਾਲ ਸਹਾਇਕ ਦੇ ਤੌਰ ’ਤੇ ਕੰਮ ਕਰਦਾ ਸੀ। ਉਸ ਨੂੰ ਹਾਦਸੇ ਵਾਲੀ ਥਾਂ ’ਤੇ ਪਤਾ ਨਹੀਂ ਲੱਗਾ ਕਿ ਏਕਨੂਰ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ। ਹਸਪਤਾਲ ਵਿਚ ਉਸ ਦੀ ਹਾਲਤ ਵਿਚ ਸੁਧਾਰ ਆਉਣ ’ਤੇ ਉਸ ਨੂੰ ਏਕਨੂਰ ਦੀ ਮੌਤ ਬਾਰੇ ਦੱਸਿਆ ਗਿਆ।


ਏਕਨੂਰ ਦਾ ਵੱਡਾ ਭਰਾ ਅਮਰੀਕਾ ’ਚ
ਨੂਰ ਸਰਪੰਚ ਦੇ ਨਾਂ ਨਾਲ ਜਾਣਿਆ ਜਾਂਦਾ ਏਕਨੂਰ ਦਾ ਵੱਡਾ ਭਰਾ ਅਮਰੀਕਾ ਵਿਚ ਹੈ। ਜਦੋਂਕਿ ਪਿਤਾ ਸ਼ਿੰਗਾਰਾ ਸਿੰਘ ਖੇਤੀਬਾੜੀ ਕਰਦੇ ਹਨ। ਏਕਨੂਰ ਪਰਿਵਾਰ ਦਾ ਬਹੁਤ ਲਾਡਲਾ ਸੀ। ਪਿਤਾ ਅਤੇ ਹੋਰ ਲੋਕ ਉਸ ਦੀ ਲਾਸ਼ ਨੂੰ ਲੈ ਕੇ ਘਰ ਪਹੁੰਚ ਗਏ ਸਨ ਪਰ ਪਰਿਵਾਰ ਵਾਲਿਆਂ ਨੂੰ ਉਸ ਦੀ ਮੌਤ ਦਾ ਯਕੀਨ ਨਹੀਂ ਸੀ ਹੋ ਰਿਹਾ। ਘਰ ਵਿਚ ਜਿਥੇ ਮਾਤਮ ਸੀ, ਉਥੇ ਸਾਰੇ ਪਿੰਡ ਵਿਚ ਏਕਨੂਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਸੰਨਾਟਾ ਛਾ ਗਿਆ। ਵੱਡੇ ਭਰਾ ਨੂੰ ਵਿਦੇਸ਼ ’ਚ ਉਸ ਦੀ ਮੌਤ ਦੀ ਖਬਰ ਦਿੱਤੀ ਗਈ। ਉਸ ਦੇ ਆਉਣ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

shivani attri

This news is Content Editor shivani attri