5 ਮਹੀਨੇ ਪਹਿਲਾਂ ਦੋਵੇਂ ਭੈਣਾਂ ਦਾ ਇਕੋਂ ਘਰ ਹੋਇਆ ਸੀ ਵਿਆਹ, ਹੁਣ ਮੌਤ ਵੀ ਆਈ ਇਕੱਠਿਆਂ (ਤਸਵੀਰਾਂ)

05/13/2019 12:19:06 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਪਿੰਡ ਬੁੰਗਾ ਸਾਹਿਬ ਨਜ਼ਦੀਕ ਬੀਤੀ ਰਾਤ ਕੌਮੀ ਮਾਰਗ ਨੰਬਰ 21 (205) ਉੱਪਰ ਇਕ ਸਵਿਫਟ ਕਾਰ ਨੂੰ ਤੇਜ਼ ਰਫਤਾਰ ਅਣਪਛਾਤੇ ਵਾਹਨ ਵੱਲੋਂ ਪਿੱਛੋਂ ਟੱਕਰ ਮਾਰੇ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਨਾਲ ਨੀਵੀਂ ਸਾਈਡ ਵੱਲ ਪਲਟਦੀ ਹੋਈ ਰੇਲਵੇ ਟਰੈਕ ਨਾਲ ਜਾ ਟਕਰਾਈ। ਇਸ ਹਾਦਸੇ 'ਚ ਕਾਰ ਸਵਾਰ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਤਿੰਨ ਜਣੇ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਹਾਦਸੇ 'ਚ ਕਾਰ ਪਿਛਲੀ ਸਾਈਡ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਂਚ ਅਧਿਕਾਰੀ ਏ. ਐੱਸ. ਆਈ. ਸੋਹਣ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨੀਰਜਾ (26) ਪਤਨੀ ਪ੍ਰਸ਼ੋਤਮ ਕੁਮਾਰ ਅਤੇ ਜੋਤੀ ਬਾਲਾ (22) ਪਤਨੀ ਪਲਵਿੰਦਰ ਸਿੰਘ ਵਾਸੀ ਪਿੰਡ ਹਰੀਪੁਰ ਫੂਲੜੇ ਥਾਣਾ ਨੂਰਪੁਰਬੇਦੀ ਵਜੋਂ ਹੋਈ। ਹਾਦਸੇ 'ਚ ਮਰੀਆਂ ਦੋਵੇਂ ਭੈਣਾਂ ਦਾ 5 ਮਹੀਨੇ ਪਹਿਲਾਂ ਇਕੋ ਘਰ ਵਿਚ ਦੋ ਫੌਜੀ ਭਰਾਵਾਂ ਨਾਲ ਵਿਆਹ ਹੋਇਆ ਸੀ।


ਪੁਲਸ ਨੂੰ ਜ਼ਖਮੀ ਪਲਵਿੰਦਰ ਸਿੰਘ (25) ਪੁੱਤਰ ਧਰਮਪਾਲ ਵਾਸੀ ਹਰੀਪੁਰ ਫੂਲੜੇ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ ਭਾਰਤੀ ਫੌਜ 'ਚ ਨੌਕਰੀ ਕਰਦਾ ਹੈ ਅਤੇ ਛੁੱਟੀ 'ਤੇ ਆਇਆ ਹੋਇਆ ਸੀ। ਮੇਰੀ ਭਰਜਾਈ ਨੀਰਜਾ ਪੀ. ਐੱਨ. ਬੀ. ਬੈਂਕ ਬੱਦੀ 'ਚ ਕਲਰਕ ਸੀ, ਜਿਸ ਨੇ 11 ਮਈ ਨੂੰ ਕੰਮਕਾਰ ਦੇ ਸਬੰਧ 'ਚ ਸ਼ਿਮਲਾ (ਹਿਮਾਚਲ ਪ੍ਰਦੇਸ਼) ਜਾਣਾ ਸੀ। ਇਸ ਕਰਕੇ ਮੈਂ ਅਤੇ ਮੇਰੀ ਪਤਨੀ ਜੋਤੀ ਬਾਲਾ ਅਤੇ ਮੇਰੀ ਭੂਆ ਦਾ ਲੜਕਾ ਨਰੇਸ਼ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਬੂੰਗੜੀ ਥਾਣਾ ਨੂਰਪੁਰਬੇਦੀ ਅਤੇ ਉਸਦੀ ਪਤਨੀ ਦੀਪਕਾ ਉਮਰ 23 ਸਾਲ ਸਾਡੀ ਕਾਰ ਨੰਬਰ ਪੀ. ਬੀ 12 ਏ ਏ-4022 ਸਵਿਫਟ 'ਚ ਸਵਾਰ ਹੋ ਕੇ ਸ਼ਿਮਲਾ ਗਏ ਸਨ। ਕਾਰ ਮੈਂ ਚਲਾ ਰਿਹਾ ਸੀ। ਜਦੋਂ ਅਸੀਂ ਸ਼ਿਮਲਾ ਤੋਂ ਵਾਪਸ ਆ ਰਹੇ ਸਨ ਤਾਂ ਰਾਤ ਕਰੀਬ 8.30 ਵਜੇ ਬੁੰਗਾ ਸਾਹਿਬ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨੇ ਸਾਡੀ ਗੱਡੀ ਨੂੰ ਪਿੱਛੋਂ ਟੱਕਰ ਮਾਰੀ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਨਾਲ ਨੀਵੀਂ ਥਾਂ ਡਿੱਗ ਕੇ ਪਲਟਦੀ ਹੋਈ ਰੇਲਵੇ ਟਰੈਕ ਤੱਕ ਚਲੀ ਗਈ।
ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਨੇ ਸਾਨੂੰ ਪੰਜਾਂ ਨੂੰ ਕਾਰ 'ਚੋਂ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮੇਰੀ ਪਤਨੀ ਜੋਤੀ ਬਾਲਾ ਅਤੇ ਭਰਜਾਈ ਨੀਰਜਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਨਰੇਸ਼ ਕੁਮਾਰ ਅਤੇ ਉਸ ਦੀ ਪਤਨੀ ਦੀਪਕਾ ਦੀ ਹਾਲਤ ਗੰਭੀਰ ਹੋਣ ਕਾਰਣ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਪੁਲਸ ਨੇ ਪਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਭੈਣਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ। 


5 ਮਹੀਨੇ ਪਹਿਲਾਂ ਇਕੋ ਘਰ ਵਿਆਹੀਆਂ ਸਨ ਦੋਵੇਂ ਭੈਣਾਂ, ਸੰਜੋਏ ਸੁਪਨੇ ਪਲਾਂ 'ਚ ਬਿਖਰੇ 
ਬੁੰਗਾ ਸਾਹਿਬ ਨਜ਼ਦੀਕ ਵਾਪਰੇ ਹਾਦਸੇ 'ਚ ਮਾਰੀਆਂ ਗਈਆਂ ਨੂਰਪੁਰਬੇਦੀ ਖੇਤਰ ਦੇ ਪਿੰਡ ਆਜ਼ਮਪੁਰ ਦੀ ਨੀਰਜਾ ਅਤੇ ਜੋਤੀ ਰਿਸ਼ਤੇ 'ਚ ਸਕੀਆਂ ਭੈਣਾਂ ਸਨ । ਜਿਨ੍ਹਾਂ ਦਾ 5 ਮਹੀਨੇ ਪਹਿਲਾਂ 13 ਦਸੰਬਰ ਨੂੰ ਬਲਾਕ ਦੇ ਪਿੰਡ ਹਰੀਪੁਰ ਦੇ ਭਾਰਤੀ ਫੌਜ 'ਚ ਬਤੌਰ ਸੈਨਿਕ ਸੇਵਾਵਾਂ ਨਿਭਾਅ ਰਹੇ 2 ਸਕੇ ਭਰਾਵਾਂ ਨਾਲ ਵਿਆਹ ਹੋਇਆ ਸੀ। ਜਿੱਥੇ ਦੋਵੇਂ ਭੈਣਾਂ ਦੇ ਸ਼ਗਨਾਂ ਦੀ ਮਹਿੰਦੀ ਅਜੇ ਸੁੱਕੀ ਵੀ ਨਹੀਂ ਸੀ ਕਿ ਕੁਦਰਤ ਦੇ ਇਸ ਕਹਿਰ ਨੇ ਇਕ ਹੀ ਝਟਕੇ 'ਚ ਉਨ੍ਹਾਂ ਦੇ ਸੰਜੋਏ ਸੁਪਨਿਆਂ ਨੂੰ ਪਲਾਂ 'ਚ ਬਿਖੇਰ ਦਿੱਤਾ। ਦੋਵੇਂ ਭੈਣਾਂ 'ਚ ਵੱਡੀ ਭੈਣ ਨੀਰਜਾ (25) ਨੇ ਐੱਮ. ਐੱਸ. ਸੀ. ਤੱਕ ਪੜ੍ਹਾਈ ਕੀਤੀ ਸੀ, ਜੋ ਹਿਮਾਚਲ ਦੇ ਬੱਦੀ ਸ਼ਹਿਰ ਪੰਜਾਬ ਨੈਸ਼ਨਲ ਬੈਂਕ 'ਚ ਨੌਕਰੀ ਕਰ ਰਹੀ ਸੀ। ਉਸ ਦਾ ਪਤੀ ਪੁਰਸ਼ੋਤਮ ਲਾਲ ਭਾਰਤੀ ਸੈਨਾ 'ਚ ਅਸਾਮ 'ਚ ਡਿਊਟੀ 'ਤੇ ਤਾਇਨਾਤ ਹੈ, ਜੋ ਸੂਚਨਾ ਮਿਲਣ 'ਤੇ ਹਵਾਈ ਸਫਰ ਰਾਹੀਂ ਅੱਜ ਇਥੇ ਪਹੁੰਚਿਆ ਹੈ। ਨੀਰਜਾ ਦੀ ਛੋਟੀ ਭੈਣ ਜੋਤੀ (23) ਜਿਸ ਨੇ ਐੱਮ. ਏ. ਦੀ ਪੜ੍ਹਾਈ ਕੀਤੀ ਹੈ, ਦਾ ਪਤੀ ਕੁਲਵਿੰਦਰ ਸਿੰਘ ਜੋ ਗਵਾਲੀਅਰ 'ਚ ਭਾਰਤੀ ਫੌਜ 'ਚ ਤਾਇਨਾਤ ਹੈ। ਕੁਝ ਦਿਨ ਪਹਿਲਾਂ ਹੀ ਛੁੱਟੀ 'ਤੇ ਆਇਆ ਸੀ। ਬੈਂਕ ਨੂੰ ਮਿਲਣ ਵਾਲੇ ਐਵਾਰਡ ਨੂੰ ਹਾਸਲ ਕਰਨ ਲਈ ਵੱਡੀ ਭੈਣ ਨੀਰਜਾ ਇਕ ਦਿਨ ਪਹਿਲਾਂ ਹੀ ਆਪਣੀ ਛੋਟੀ ਭੈਣ ਅਤੇ ਜੀਜੇ ਨੂੰ ਇਹ ਕਹਿ ਕੇ ਸਾਥੀ ਬੈਂਕ ਅਧਿਕਾਰੀਆਂ ਨਾਲ ਸ਼ਿਮਲਾ ਰਵਾਨਾ ਹੋ ਗਈ ਸੀ ਕਿ ਉਹ ਵੀ ਇਕ ਦਿਨ ਸ਼ਿਮਲਾ ਘੁੰਮ ਕੇ ਸ਼ਾਪਿੰਗ ਕਰ ਲੈਣ ਅਤੇ ਵਾਪਸੀ 'ਚ ਮੈਂ ਉਨ੍ਹਾਂ ਨਾਲ ਆ ਜਾਵਾਂਗੀ। 

ਉਹ ਸ਼ਨੀਵਾਰ ਨੂੰ ਸ਼ਿਮਲਾ ਘੁੰਮ ਕੇ ਆਪਣੇ ਘਰ ਲਈ ਰਵਾਨਾ ਹੋਏ ਪਰ ਘਰ ਪਹੁੰਚਣ ਤੋਂ ਸਿਰਫ 15 ਕਿਲੋਮੀਟਰ ਪਹਿਲਾਂ ਵਾਪਰੇ ਹਾਦਸੇ ਨੇ ਜਿਥੇ ਦੋਵੇਂ ਪਰਿਵਾਰਾਂ ਨੂੰ ਝਿੰਜੋੜ ਕੇ ਰੱਖ ਦਿੱਤਾ, ਉਥੇ ਹੀ ਹਾਦਸੇ 'ਚ ਜ਼ਖ਼ਮੀ ਹੋਇਆ ਛੋਟੀ ਭੈਣ ਦਾ ਪਤੀ ਹੋਸ਼ 'ਚ ਆਉਣ ਤੋਂ ਬਾਅਦ ਗਹਿਰੇ ਸਦਮੇ 'ਚ ਹੈ। ਦੋਵੇਂ ਲੜਕੀਆਂ ਦੇ ਪੇਕੇ ਅਤੇ ਸਹੁਰੇ ਘਰ ਮਾਤਮ ਛਾਇਆ ਹੋਇਆ ਹੈ, ਜਿਨ੍ਹਾਂ ਦਾ ਅੱਜ ਪਿੰਡ ਹਰੀਪੁਰ ਵਿਖੇ ਸਸਕਾਰ ਕਰ ਦਿੱਤਾ ਗਿਆ। ਹਾਦਸੇ 'ਚ ਮਰਨ ਵਾਲੀਆਂ ਦੋਵੇਂ ਲੜਕੀਆਂ ਗੁੱਜਰ ਨੇਤਾ ਅਤੇ ਸੰਮਤੀ ਮੈਂਬਰ ਕਸ਼ਮੀਰੀ ਲਾਲ ਹਰੀਪੁਰ ਦੀਆਂ ਭਤੀਜਾ ਨੂੰਹਾਂ ਸਨ।

shivani attri

This news is Content Editor shivani attri