ਮਾਂ-ਪਿਓ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ''ਚ ਮੌਤ

07/31/2019 9:29:47 PM

ਲੁਧਿਆਣਾ,(ਰਿਸ਼ੀ): ਸ਼ਹਿਰ 'ਚ ਇਕ ਘਰ ਨੇੜੇ ਧਾਰਮਕ ਅਸਥਾਨ 'ਤੇ ਸੇਵਾ ਕਰਨ ਜਾ ਰਹੇ ਮਾਂ-ਬਾਪ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਬੁੱਧਵਾਰ ਨੂੰ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (29) ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਹਰਪ੍ਰੀਤ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਸਮਰਾਲਾ ਚੌਕ ਕੋਲ ਸਥਿਤ ਇਕ ਧਾਰਮਿਕ ਅਸਥਾਨ ਦਾ ਸੇਵਾਦਾਰ ਸੀ। ਹਰ ਰੋਜ਼ ਵਾਂਗ ਬੀਤੀ 25 ਜੁਲਾਈ ਦੀ ਸਵੇਰ ਨੂੰ 4 ਵਜੇ ਉਹ ਘਰੋਂ ਆਪਣੇ ਬੁਲੇਟ ਮੋਟਰਸਾਈਕਲ 'ਤੇ ਸੇਵਾ ਕਰਨ ਲਈ ਨਿਕਲਿਆ ਸੀ। ਉਸੇ ਸਮੇਂ ਰਸਤੇ 'ਚ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਉਸੇ ਸਮੇਂ ਪਿੱਛਿਓਂ ਆ ਰਹੇ ਸੇਵਾਦਾਰਾਂ ਨੇ ਉਸ ਨੂੰ ਲਹੂ-ਲੁਹਾਨ ਹਾਲਤ 'ਚ ਪਹਿਲਾਂ ਸਿਵਲ ਤੇ ਫਿਰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ 7 ਦਿਨ ਚੱਲੇ ਇਲਾਜ ਉਪਰੰਤ ਬੁੱਧਵਾਰ ਤੜਕੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਇਕ ਭੈਣ ਵੀ ਹੈ।