ਸੁਲਤਾਨਪੁਰ ਲੋਧੀ ਜਾ ਰਹੇ ਪੀਟਰ ਰੇਹੜੇ ਨੂੰ ਬੱਸ ਨੇ ਮਾਰੀ ਟੱਕਰ, ਇਕ ਲੜਕੀ ਦੀ ਮੌਤ ਤੇ 40 ਜ਼ਖਮੀ

11/12/2019 1:27:15 AM

ਤਰਨਤਾਰਨ,(ਰਮਨ): ਨੈਸ਼ਨਲ ਹਾਈਵੇ ਉੱਪਰ ਇਕ ਪੀਟਰ ਰੇਹੜੇ ਦੇ ਪਿੱਛੇ ਮਿੰਨੀ ਬੱਸ ਵਲੋਂ ਟੱਕਰ ਮਾਰਨ ਨਾਲ ਘੜੁੱਕੇ 'ਤੇ ਸਵਾਰ 40 ਵਿਅਕਤੀਆਂ ਦੇ ਜ਼ਖਮੀ ਤੇ ਇਕ ਨੌਜਵਾਨ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਥਾਣਾ ਸਦਰ ਦੀ ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਨਜ਼ਦੀਕੀ ਪਿੰਡ ਰਟੌਲ ਤੋਂ ਕਰੀਬ 40 ਵਿਅਕਤੀ ਜਿਨ੍ਹਾਂ 'ਚ ਮਰਦ, ਔਰਤਾਂ ਤੇ ਬੱਚੇ ਵੀ ਸਨ। ਇਕ ਪੀਟਰ ਰੇਹੜੇ ਉੱਪਰ ਸਵਾਰ ਹੋ ਕੇ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਏ। ਜਦੋਂ ਪੀਟਰ ਰੇਹੜਾ ਪਿੰਡ ਬਾਗੜੀਆਂ ਨਜ਼ਦੀਕ ਪੁੱਜਾ ਤਾਂ ਉਨ੍ਹਾਂ ਪਿੱਛੇ ਆ ਰਹੀ ਇਕ ਹਰਮਨ ਬੱਸ ਟਰੈਵਲ ਮਿੰਨੀ ਬੱਸ ਨੇ ਉਸ 'ਚ ਟੱਕਰ ਮਾਰ ਦਿੱਤੀ, ਜਿਸ ਦੌਰਾਨ ਪੀਟਰ ਰੇਹੜੇ 'ਤੇ ਸਵਾਰ ਕਰਮਜੀਤ ਕੌਰ (17) ਪੁੱਤਰੀ ਨਿਰਮਲ ਸਿੰਘ ਵਾਸੀ ਪਿੰਡ ਰਟੌਲ ਦੀ ਮੌਤ ਹੋ ਗਈ, ਜਦਕਿ ਇਸ ਦੌਰਾਨ ਕਰੀਬ 40 ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਜ਼ਖਮੀਆਂ 'ਚ ਪ੍ਰਤਾਪ ਸਿੰਘ, ਰਾਮ ਸਿੰਘ, ਕੁਲਵਿੰਦਰ ਕੌਰ, ਜੋਤੀ ਕੌਰ, ਹਰਦੇਵ ਸਿੰਘ, ਬਲਦੇਵ ਸਿੰਘ, ਅੰਮ੍ਰਿਤਪਾਲ ਸਿੰਘ, ਦਲਜੀਤ ਕੌਰ, ਬਲਜੀਤ ਕੌਰ, ਪ੍ਰਤਾਪ ਸਿੰਘ ਆਦਿ ਸ਼ਾਮਲ ਹਨ। ਇਸ ਦੌਰਾਨ ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਨ੍ਹਾਂ 'ਚੋਂ 7 ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਜ਼ਖਮੀਆਂ ਦਾ ਡਾਕਟਰ ਵਲੋਂ ਇਲਾਜ ਕੀਤਾ ਜਾ ਰਿਹਾ ਸੀ ਅਤੇ ਥਾਣਾ ਸਦਰ ਦੀ ਪੁਲਸ ਵਲੋਂ ਮਾਮਲਾ ਦਰਜ ਕਰਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।