ਟਰੱਕ ਤੇ ਫਾਰਚੂਨਰ ਗੱਡੀ ਦੀ ਭਿਆਨਕ ਟੱਕਰ ਦੌਰਾਨ ਬੱਚੇ ਦੀ ਮੌਤ, 5 ਜ਼ਖਮੀ

10/10/2019 6:24:11 PM

ਭਵਾਨੀਗੜ,(ਕਾਂਸਲ): ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਜਾਂਦੀ ਨੈਸ਼ਨਲ ਹਾਈਵੇ ਉਪਰ ਅੱਜ ਬਿਆਸ ਸਤਿਸੰਗ ਘਰ ਨੇੜੇ ਇਕ ਫਾਰਚੂਨਰ ਗੱਡੀ ਤੇ ਟਰੱਕ ਵਿਚਕਾਰ ਹੋਏ ਹਾਦਸੇ 'ਚ ਕਾਰ ਸਵਾਰ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਦੋ ਔਰਤਾਂ ਤੇ ਦੋ ਲੜਕੀਆਂ ਸਮੇਤ ਕਾਰ ਚਾਲਕ ਵੀ ਗੰਭੀਰ ਰੂਪ 'ਚ ਜਖ਼ਮੀ ਹੋ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਥਾਨਕ ਸ਼ਹਿਰ ਤੋਂ ਪਟਿਆਲਾ ਸਾਇਡ ਨੂੰ ਜਾ ਰਹੀ ਇਕ ਫਾਰਚੂਨਰ ਗੱਡੀ ਜਿਸ 'ਚ ਗੱਡੀ ਚਾਲਕ ਤੋਂ ਇਲਾਵਾ ਦੋ ਔਰਤਾਂ, ਦੋ ਲੜਕੀਆਂ ਤੇ ਇਕ ਬੱਚਾ ਸਵਾਰ ਸੀ, ਜਦੋਂ ਇਹ ਗੱਡੀ ਹਾਈਵੇ 'ਤੇ ਬਿਆਸ ਸਤਿਸੰਗ ਘਰ ਨੇੜੇ ਪਹੁੰਚੀ ਤਾਂ ਉਕਤ ਗੱਡੀ ਦੇ ਚਾਲਕ ਨੇ ਜਦੋਂ ਅੱਗੇ ਜਾ ਰਹੇ ਇਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਚਾਲਕ ਵੱਲੋਂ ਟਰੱਕ ਦੀ ਸਾਇਡ ਫਾਰਚੂਨਰ ਗੱਡੀ ਵੱਲ ਦੱਬ ਦੇਣ ਕਾਰਨ ਫਾਰਚੂਨਰ ਗੱਡੀ ਟਰੱਕ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਪਲਟੇ ਖਾਂਦੀ ਹਾਈਵੇ ਵਿਚਕਾਰ ਬਣੇ ਡਵਾਇਡਰ ਦੀ ਗਰਿੱਲ ਨੂੰ ਤੋੜਦੀ ਹੋਈ ਸੜਕ ਦੀ ਦੂਜੀ ਸਾਇਡ ਜਾ ਡਿੱਗੀ ਤੇ ਬੂਰੀ ਤਰ੍ਹਾਂ ਚਕਨਾਚੂਰ ਹੋ ਗਈ।

ਇਸ ਹਾਦਸੇ 'ਚ ਗੱਡੀ 'ਚ ਸਵਾਰ ਇਕ ਢਾਈ ਸਾਲਾ ਬੱਚੇ ਬੀਰਬਚਨ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਘਣੀਵਾਲ ਹਾਲ ਅਬਾਦ ਨਿਊਜੀਲੈਂਡ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੱਡੀ 'ਚ ਸਵਾਰ ਕਰਮਜੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਘਣੀਵਾਲ ਹਾਲ ਅਬਾਦ ਨਿਊਜੀਲੈਂਡ, ਰਮਨਦੀਪ ਕੌਰ, ਦੋ ਲੜਕੀਆਂ ਪੂਜਾ ਤੇ ਜਸਕੀਰਤ ਕੌਰ ਤੇ ਗੱਡੀ ਚਾਲਕ ਗਗਨਦੀਪ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪਹੁੰਚੀ ਸਥਾਨਕ ਹਾਈਵੇ ਪੈਟਰੋਲਿੰਗ ਪੁਲਿਸ ਦੇ ਕਰਮਚਾਰੀਆਂ ਨੇ ਗੱਡੀ ਨੂੰ ਸੜਕ ਤੋਂ ਪਰਾ ਕਰਕੇ ਸੜਕ ਉਪਰ ਆਵਾਜਾਈ ਬਹਾਲ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਘਣੀਵਾਲ ਜੋ ਕਿ ਹੁਣ ਨਿਊਜੀਲੈਂਡ ਵਿਚ ਰਹਿੰਦੇ ਹਨ। ਹੁਣ ਇਥੇ ਆਏ ਹੋਏ ਸਨ ਅਤੇ ਅੱਜ ਗੁਰਜੀਤ ਕੌਰ ਆਪਣੇ ਰਿਸ਼ਤੇਦਾਰ ਗਗਨਦੀਪ ਸਿੰਘ ਤੇ ਹੋਰ ਪਰਿਵਾਰ ਮੈਂਬਰਾਂ ਨੂੰ ਲੈ ਕੇ ਆਪਣੇ ਪੱਕੇ ਘਰ ਧਨੋਲਾਂ ਤੋਂ ਮਿਲ ਕੇ ਜਦੋਂ ਵਾਪਿਸ ਆਪਣੇ ਪਿੰਡ ਘਣੀਵਾਲ ਪਰਤ ਰਹੇ ਸਨ ਤਾਂ ਭਵਾਨੀਗੜ• ਵਿਖੇ ਇਹ ਹਾਦਸਾ ਵਾਪਰ ਗਿਆ।