ਵਧ ਰਹੀ ਗਰਮੀ ਨਾਲ ਸਬਜ਼ੀਆਂ ਦੀਆਂ ਕੀਮਤਾਂ ’ਚ ਵੀ ਆਇਆ ਉਛਾਲ

03/21/2021 1:50:40 AM

ਜਲੰਧਰ,(ਪੁਨੀਤ)– ਆਮ ਤੌਰ ’ਤੇ ਮਾਰਚ ਮਹੀਨੇ ਇੰਨੀ ਗਰਮੀ ਨਹੀਂ ਪੈਂਦੀ ਪਰ ਇਸ ਵਾਰ ਸਮੇਂ ਤੋਂ ਪਹਿਲਾਂ ਤਾਪਮਾਨ ਵਿਚ ਵਾਧਾ ਦਰਜ ਹੋਇਆ ਹੈ, ਜਿਸ ਦਾ ਅਸਰ ਸਬਜ਼ੀਆਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਤਾਪਮਾਨ 30 ਡਿਗਰੀ ਤੋਂ ਪਾਰ ਹੋ ਚੁੱਕਾ ਹੈ ਅਤੇ ਇਸ ਵਾਧੇ ਕਾਰਣ ਵਧੇਰੇ ਸਬਜ਼ੀਆਂ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ। ਉਥੇ ਹੀ, ਕੋਰੋਨਾ ਦੇ ਕੇਸਾਂ ਨੂੰ ਦੇਖਦਿਆਂ ਸਰਕਾਰ ਵੱਲੋਂ ਜਿਸ ਤਰ੍ਹਾਂ ਨਾਲ ਕਰਫਿਊ ਲਾਇਆ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਵਿਚ ਉਸ ਦਾ ਅਸਰ ਵੀ ਸਬਜ਼ੀਆਂ ’ਤੇ ਦੇਖਣ ਨੂੰ ਮਿਲੇਗਾ।

ਗਰਮੀ ਵਿਚ ਵਧੇਰੇ ਵਰਤੇ ਜਾਣ ਵਾਲੇ ਨਿੰਬੂ ਦੀ ਕੀਮਤ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਵਧਣੀ ਸ਼ੁਰੂ ਹੋ ਗਈ ਹੈ। ਪ੍ਰਚੂਨ ਵਿਚ ਅੱਜਕਲ ਇਸ ਦੀ ਕੀਮਤ 90 ਤੋਂ 100 ਰੁਪਏ ਪ੍ਰਤੀ ਕਿਲੋ ਸੁਣਨ ਨੂੰ ਮਿਲ ਰਹੀ ਹੈ, ਜਦੋਂ ਕਿ ਮੰਡੀ ਵਿਚ ਇਹ 50-60 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਗਲੀ-ਮੁਹੱਲਿਆਂ ਵਿਚ ਸਬਜ਼ੀਆਂ ਵੇਚਣ ਵਾਲੇ ਅੱਧਾ ਕਿਲੋ ਜਾਂ ਪਾਈਆ ਦੇ ਹਿਸਾਬ ਨਾਲ ਨਿੰਬੂ ਵੇਚਦੇ ਹਨ, ਜਿਸ ਨਾਲ ਇਸਦਾ ਭਾਅ 100 ਰੁਪਏ ਤੋਂ ਵੀ ਵਧ ਜਾਂਦਾ ਹੈ।

ਇਹ ਵੀ ਪੜ੍ਹੋ:- ਪੰਜਾਬ ਪੁਲਸ ਨੇ ਮਾਸਕ ਨਾ ਪਾਉਣ ਵਾਲੇ 4400 ਲੋਕਾਂ ਦਾ ਕਰਵਾਇਆ ਕੋਵਿਡ ਟੈਸਟ, 1800 ਨੂੰ ਕੀਤਾ ਜ਼ੁਰਮਾਨਾ

ਉਥੇ ਹੀ, ਭਿੰਡੀ, ਕਰੇਲਾ, ਬੈਂਗਨ ਅਤੇ ਸ਼ਿਮਲਾ ਮਿਰਚ ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ ਹੋਇਆ ਹੈ। ਸਰਦੀ ਦੇ ਮੌਸਮ ਦੇ ਮੁਕਾਬਲੇ ਇਨ੍ਹਾਂ ਦੀਆਂ ਕੀਮਤਾਂ ਦੁੱਗਣੇ ਤੋਂ ਵੀ ਵਧੀਆਂ ਹੋਈਆਂ ਹਨ। ਆਲੂ, ਪਿਆਜ਼, ਲਸਣ, ਟਮਾਟਰ ਅਤੇ ਹਰੀਆਂ ਮਿਰਚਾਂ ਦੀਆਂ ਕੀਮਤਾਂ ਪਿਛਲੇ ਦਿਨਾਂ ਦੇ ਮੁਕਾਬਲੇ ਘੱਟ ਚੱਲ ਰਹੀਆਂ ਹਨ। ਆੜ੍ਹਤੀਆਂ ਦਾ ਕਹਿਣਾ ਹੈ ਕਿ ਮੰਡੀਆਂ ਵਿਚ ਸਬਜ਼ੀਆਂ ਆਮ ਵਾਂਗ ਪਹੁੰਚ ਰਹੀਆਂ ਹਨ ਪਰ ਗਰਮੀ ਵੱਧ ਪੈਣ ਕਾਰਣ ਕਈ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀਆਂ ਵਿਚ ਸਬਜ਼ੀਆਂ ਨੂੰ ਜ਼ਿਆਦਾ ਸਮੇਂ ਤੱਕ ਸਟੋਰ ਕਰ ਕੇ ਨਹੀਂ ਰੱਖਿਆ ਜਾ ਸਕਦਾ।

ਆੜ੍ਹਤੀਆਂ ਦਾ ਕਹਿਣਾ ਹੈ ਕਿ ਕਿਸਾਨ ਸਿੱਧੇ ਖੇਤਾਂ ਵਿਚੋਂ ਸਬਜ਼ੀਆਂ ਲਿਆ ਕੇ ਮੰਡੀਆਂ ਵਿਚ ਵੇਚ ਦਿੰਦੇ ਹਨ। ਤਾਜ਼ੀਆਂ ਸਬਜ਼ੀਆਂ ਦੀ ਮੰਗ ਜ਼ਿਆਦਾ ਹੁੰਦੀ ਹੈ ਅਤੇ ਉਹ ਨਿਰਧਾਰਿਤ ਕੀਮਤਾਂ ’ਤੇ ਹੀ ਵਿਕਦੀਆਂ ਹਨ, ਜਦੋਂ ਕਿ ਪ੍ਰਚੂਨ ਵਿਚ ਇਨ੍ਹਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਂਦੀਆਂ ਹਨ। ਉਥੇ ਹੀ, ਜਦੋਂ ਸਬਜ਼ੀਆਂ ਸੁੱਕ ਜਾਂਦੀਆਂ ਹਨ ਤਾਂ ਇਨ੍ਹਾਂ ਦੀ ਕੀਮਤ ਬਹੁਤ ਘੱਟ ਜਾਂਦੀ ਹੈ। ਇਨ੍ਹਾਂ ਕਾਰਣਾਂ ਕਰ ਕੇ ਕਈ ਸਬਜ਼ੀਆਂ ਦੀਆਂ ਕੀਮਤਾਂ ’ਤੇ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ:- ਮਨੁੱਖਤਾ ਨੂੰ ਬਚਾਉਣ ਲਈ ਜੰਗਲਾਂ ਨੂੰ ਬਚਾਉਣਾ ਜ਼ਰੂਰੀ : ਧਰਮਸੌਤ

ਮੰਡੀ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਹੜੀਆਂ ਸਬਜ਼ੀਆਂ ਦਾ ਸੀਜ਼ਨ ਖਤਮ ਹੋ ਰਿਹਾ ਹੈ, ਉਹ ਵੱਧ ਕੀਮਤ ’ਤੇ ਵਿਕ ਰਹੀਆਂ ਹਨ। ਹਾਲਾਂਕਿ ਕੁਝ ਸਬਜ਼ੀਆਂ ਦੀਆਂ ਕੀਮਤਾਂ ਵਿਚ ਬਹੁਤ ਕਮੀ ਆਈ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਨਵਾਂ ਪਿਆਜ਼ ਬਾਜ਼ਾਰ ਵਿਚ ਆਉਣ ਵਾਲਾ ਹੈ, ਜਿਸ ਕਾਰਣ ਮੌਜੂਦਾ ਸਮੇਂ ਮੰਡੀ ਵਿਚ ਪਿਆਜ਼ ਦੇ ਭਾਅ 12 ਤੋਂ 18 ਰੁਪਏ ਪ੍ਰਤੀ ਕਿਲੋ ਹਨ। ਮੰਡੀ ਵਿਚ ਆਲੂ 5-6 ਰੁਪਏ ਕਿਲੋ ਵਿਕ ਰਹੇ ਹਨ, ਜਦੋਂ ਕਿ ਟਮਾਟਰਾਂ ਦਾ 25 ਕਿਲੋ ਦਾ ਕਰੇਟ 200 ਤੋਂ 350 ਰੁਪਏ ਵਿਚ ਵਿਕ ਰਿਹਾ ਹੈ।

ਮੰਡੀ ਵਿਚ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਬਜ਼ੀਆਂ ਦੀ ਕੀਮਤ

ਸਬਜ਼ੀਆਂ------ਪ੍ਰਚੂਨ ਰੇਟ------ਮੰਡੀ ਦਾ ਭਾਅ

ਆਲੂ------10-12--------5-6

ਪਿਆਜ਼----25-35-------12-18

ਟਮਾਟਰ----20-25-----8-15

ਲਸਣ---80-100------40-50

ਘੀਆ--25----------15

ਗੋਭੀ---10-12------2-5

ਕੱਦੂ---15-20------8-10

ਮਟਰ--20-35-----12-25

ਭਿੰਡੀ---60-70---40-45

ਬੈਂਗਨ--25-30---10-15

ਕਰੇਲਾ--70-80----40-50

ਖੀਰਾ---20-30---7-12

ਨਿੰਬੂ--85-100----50-60

ਅਦਰਕ--50-60---40

ਸ਼ਿਮਲਾ ਮਿਰਚ---40-50------25-30

Bharat Thapa

This news is Content Editor Bharat Thapa