ਪੰਜਾਬ ’ਚ 'ਗੈਂਗਸਟਰਵਾਦ' ਕਾਰਨ ਵਧੀ ਪੰਜਾਬ ਪੁਲਸ ਦੀ ਚਿੰਤਾ, ਕਾਨੂੰਨ ਵਿਵਸਥਾ 'ਤੇ ਉੱਠ ਰਹੇ ਸਵਾਲ

06/03/2022 6:26:10 PM

ਚੰਡੀਗੜ੍ਹ : ਪੰਜਾਬ ਪੁਲਸ ਦੇ ਮੁਤਾਬਕ ਸੂਬੇ ਵਿਚ ਘੱਟੋਂ- ਘੱਟ 45 ਗੈਂਗਸਟਰ ਸਰਗਰਮ ਹਨ। ਚਿੰਤਾਜਨਕ ਗੱਲ ਹੈ ਕਿ ਭਾਰਤ ਅਤੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਟਾਰਗੈਟ ਕਿਲਿੰਗ ਲਈ ਵਿਅਕਤੀਆਂ ਨੂੰ ਭਰਤੀ ਕਰ ਰਹੇ ਹਨ। ਇਸ ਤੋਂ ਇਲਾਵਾ ਗੈਂਗਸਟਰਾਂ ਦੇ ਵੱਖ-ਵੱਖ ਸੂਬਿਆਂ 'ਚ ਸੰਬੰਧ ਵੀ ਪੁਲਸ ਲਈ ਅਟਕਲਾਂ ਖੜ੍ਹੀਆਂ ਕਰ ਰਹੇ ਹਨ। ਪੁਲਸ ਸੂਤਰਾਂ ਮੁਤਾਬਕ ਕਈ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰਾਂ ਨੇ ਇਨ੍ਹਾਂ ਗੈਂਗਸਟਰਾਂ ਨੂੰ 10-10 ਲੱਖ ਪ੍ਰੋਟੈਕਸ਼ਨ ਮਨੀ ਵੀ ਅਦਾ ਕੀਤੀ ਹੈ। ਇਨ੍ਹਾਂ ਕਾਰਨਾਂ ਦੇ ਚੱਲਦਿਆਂ ਪੰਜਾਬ ਪੁਲਸ ਨੇ ਬੀਤੇ ਦਿਨੀਂ ਐਂਟੀ ਗੈਂਗਸਟਰ ਟਾਸਕ ਫੌਰਸ ਦਾ ਗਠਨ ਕੀਤਾ ਹੈ ਤਾਂ ਜੋ ਇਨ੍ਹਾਂ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਨਵੇਂ ਸਿਰੇ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਮੂਸੇ ਵਾਲਾ ਦੇ ਸੁਰੱਖਿਆ ਮੁਲਾਜ਼ਮਾਂ ਦਾ ਖ਼ੁਲਾਸਾ, ਦੱਸਿਆ ਘਟਨਾ ਵਾਲੇ ਦਿਨ ਕਿਉਂ ਬਿਨਾਂ ਸਕਿਓਰਿਟੀ ਦੇ ਗਿਆ 'ਸਿੱਧੂ'

ਦੱਸਿਆ ਜਾ ਰਿਹਾ ਹੈ ਕਿ ਬੀਤੇ ਕੁੱਝ ਸਾਲਾਂ 'ਚ ਪੁਲਸ ਨੇ ਸੂਬੇ 'ਚ ਕਰੀਬ 545 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਸੀ। ਪੁਲਸ ਨੇ ਵਿੱਕੀ ਗੌਂਡਰ , ਪ੍ਰੇਮਾ ਲਾਹੌਰੀਆ ਅਤੇ ਜੈਪਾਲ ਵਰਗੇ ਜਾਣੇ-ਪਛਾਣੇ ਗੈਂਗਸਟਰਾਂ ਨੂੰ ਖ਼ਤਮ ਕਰਦਿਆਂ 500 ਵਿਰੁੱਧ ਕਾਰਵਾਈ ਕੀਤੀ ਸੀ। ਇਨ੍ਹਾਂ ਵਿਚੋਂ 250 ਅਪਰਾਧੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਹਨ ਜਦਕਿ ਬਾਕੀ ਪੰਜਾਬ ਤੋਂ ਭੱਜ ਚੁੱਕੇ ਹਨ। ਚਾਰ ਸਾਲਾਂ ਦੌਰਾਨ 6 ਵੱਖ-ਵੱਖ ਗਿਰੋਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਸਮੇਤ ਮੱਧ ਪ੍ਰਦੇਸ਼ ਵਿਚ ਵੀ ਸਰਗਰਮ ਦੱਸੇ ਜਾ ਰਹੇ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਇਨ੍ਹਾਂ ਗੈਂਗਾਂ ਦਾ ਮੁੜ ਮੁਲਾਂਕਣ ਕਰ ਰਹੇ ਹਾਂ । 

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ

ਪੁਲਸ ਦੀ ਕਹਿਣਾ ਹੈ ਕਿ ਇਨ੍ਹਾਂ ਗਿਰੋਹਾਂ ਨੇ ਪੰਜਾਬ ਦੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਤੋਂ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ ਹੈ। ਜੇਕਰ ਉਨ੍ਹਾਂ ਨੂੰ ਫਿਰੌਤੀ ਦਾ ਪੈਸਾ ਨਹੀਂ ਮਿਲਦਾ ਤਾਂ ਉਹ ਸਭ ਨੂੰ ਧਮਕਾਉਂਦੇ ਹਨ ਤਾਂ ਕਿ ਉਨ੍ਹਾਂ ਤੋਂ ਪੈਸਾ ਵਸੂਲਿਆ ਜਾ ਸਕੇ। ਇਸ ਤੋਂ ਇਲਾਵਾ ਗੈਂਗਸਟਰਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਦਾ ਵੀ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 

ਇਹ ਵੀ ਪੜ੍ਹੋ- ਘਾਤਕ ਹਥਿਆਰਾਂ ਦਾ ਗੜ੍ਹ ਬਣ ਰਿਹਾ ਪੰਜਾਬ, ਪਾਕਿਸਤਾਨ ਤੋਂ ਡਰੋਨ ਜ਼ਰੀਏ ਪਹੁੰਚ ਰਹੇ ਹਥਿਆਰ

ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਦੀ ਅਗਵਾਈ ਵਾਲੇ ਗੈਂਗ ਹਰ ਇਕ ਦੇ ਵਿਰੋਧੀ ਹਨ ਅਤੇ ਵਿਰੋਧੀ ਮੈਂਬਰਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਮਾਰਨ ਦਾ ਕੋਈ ਮੌਕਾ ਨਹੀਂ ਗੁਆਉਂਦੇ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਦੂਜੇ ਸੂਬਿਆਂ ਦੇ ਗਿਰੋਹ ਪੰਜਾਬ ਵਿਚ ਆਪਣੇ ਹਮਰੁਤਬਾ ਨਾਲ ਸੰਬੰਧ ਬਣਾ ਰਹੇ ਹਨ। ਹਰ ਗੈਂਗ ਸੂਬੇ ਨੂੰ ਆਪਣੇ ਕੰਟਰੋਲ ਵਿਚ ਰੱਖ ਕੇ ਆਪਣੇ- ਆਪ ਨੂੰ ਤਾਕਤਵਰ ਸਾਬਤ ਕਰਨਾ ਚਾਹੁੰਦੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਵੱਡੀ ਚਿੰਤਾ ਇਹ ਹੈ ਕਿ ਇਹ ਗੈਂਗਸਟਰ ਹੌਲੀ-ਹੌਲੀ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿਚ ਆ ਗਏ ਹਨ ਜੋ ਉਨ੍ਹਾਂ ਨੂੰ ਸਰਹੱਦ ਪਾਰ ਤੋਂ ਹਥਿਆਰ ਸਪਲਾਈ ਕਰਦੇ ਹਨ। ਪੁਲਸ ਨੂੰ ਕੁਝ ਅਪਰਾਧੀਆਂ ਦੀਆਂ ਜੇਲ੍ਹਾਂ ਅੰਦਰਲੀਆਂ ਕਾਰਵਾਈਆਂ ਬਾਰੇ ਪਤਾ ਹੈ। ਪਿਛਲੇ ਸਾਲ ਜੇਲ੍ਹਾਂ ਵਿੱਚੋਂ 2,900 ਤੋਂ ਵੱਧ ਮੋਬਾਈਲ ਬਰਾਮਦ ਹੋਏ ਸਨ। ਇਸ ਸਾਲ ਦੀ ਗਿਣਤੀ 1,300 ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Harnek Seechewal

This news is Content Editor Harnek Seechewal