ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਫੋਰਟੀਫਾਈਡ ਰਾਈਸ ਦੀ ਡਿਲਿਵਰੀ ਨਹੀਂ ਲਵੇਗੀ ਐੱਫ. ਸੀ. ਆਈ.

04/04/2023 4:02:26 PM

ਜਲੰਧਰ (ਖੁਰਾਣਾ) : ਪਿਛਲੇ ਸਾਲ ਐੱਫ. ਸੀ. ਆਈ. ਨੇ ਫੈਸਲਾ ਲਿਆ ਸੀ ਕਿ ਸਾਲ 2022-23 ਦਾ ਜਿੰਨਾ ਵੀ ਝੋਨਾ ਸ਼ੈਲਰਾਂ ਵਿਚ ਜਾਵੇਗਾ, ਉਸ ਨੂੰ ਰਾਈਸ ਮਿੱਲਰਜ਼ ਵਲੋਂ ਫੋਰਟੀਫਾਈਡ ਰਾਈਸ ਦੇ ਰੂਪ ਵਿਚ ਐੱਫ. ਸੀ. ਆਈ. ਨੂੰ ਡਿਲਿਵਰ ਕਰਨਾ ਹੋਵੇਗਾ ਪਰ ਪਿਛਲੇ ਦਿਨੀਂ ਐੱਫ. ਸੀ. ਆਈ. ਨੇ ਅਚਾਨਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਫੋਰਟੀਫਾਈਡ ਰਾਈਸ ਦੀ ਡਿਲਿਵਰੀ ਨਹੀਂ ਲਈ ਜਾਵੇਗੀ। ਪਤਾ ਲੱਗਾ ਹੈ ਕਿ ਇਹ ਫੈਸਲਾ ਕਪੂਰਥਲਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਲਈ ਲਿਆ ਗਿਆ ਹੈ, ਜਿਸ ਕਾਰਨ ਇਸ ਇਲਾਕੇ ਦੇ ਰਾਈਸ ਮਿੱਲਰਜ਼ ਵਿਚ ਕਾਫੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਇਸ ਬਾਬਤ ਪੰਜਾਬ ਰਾਈਸ ਮਿੱਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਵਧੇਰੇ ਰਾਈਸ ਮਿੱਲਾਂ ਨੇ ਲੱਖਾਂ-ਕਰੋੜਾਂ ਰੁਪਏ ਖਰਚ ਕੇ ਫੋਰਟੀਫਾਈਡ ਰਾਈਸ ਦੀ ਖਰੀਦ ਕੀਤੀ ਹੋਈ ਹੈ। ਅਜਿਹੀ ਹਾਲਤ ਵਿਚ ਉਹ ਹੁਣ ਉਸ ਦੀ ਕਿਤੇ ਹੋਰ ਵਰਤੋਂ ਨਹੀਂ ਕਰ ਸਕਣਗੇ।

ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਮੌਨ ਧਾਰਨ ਕੀਤਾ ਹੋਇਆ ਹੈ, ਜਦੋਂ ਕਿ ਸ਼ੈਲਰ ਮਾਲਕਾਂ ਦੀ ਪ੍ਰੇਸ਼ਾਨੀ ਵਧ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੁਰਾਕ ਤੇ ਸਪਲਾਈ ਮੰਤਰੀ ਕਟਾਰੂਚੱਕ ਨੂੰ ਅਪੀਲ ਕੀਤੀ ਹੈ ਕਿ ਉਹ ਫੋਰਟੀਫਾਈਡ ਰਾਈਸ ਦਾ ਮਾਮਲਾ ਕੇਂਦਰ ਸਰਕਾਰ ਸਾਹਮਣੇ ਉਠਾਉਣ ਅਤੇ ਇਸਦਾ ਕੋਈ ਹੱਲ ਕੱਢਿਆ ਜਾਵੇ।

ਬੀਅਰ ਦੇ ਰੇਟਾਂ ’ਚ ਕਮੀ ਕਰਨ ’ਤੇ ਬਣੀ ਸਹਿਮਤੀ

ਠੇਕੇਦਾਰਾਂ ਵੱਲੋਂ ਬੀਅਰ ਦੇ ਰੇਟਾਂ ਵਿਚ 30 ਰੁਪਏ ਪ੍ਰਤੀ ਬੋਤਲ ਵਾਧਾ ਕੀਤਾ ਗਿਆ ਹੈ, ਜਿਸ ਨੇ ਖਪਤਕਾਰਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਹੈ। ਖਪਤਕਾਰਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਬੀਅਰ ਦੇ ਰੇਟਾਂ ਵਿਚ ਕਮੀ ਕਰਨ ਦਾ ਮਨ ਬਣਾਇਆ ਗਿਆ ਹੈ। ਇਸ ਸਬੰਧ ਵਿਚ ਮੰਗਲਵਾਰ ਨੂੰ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਘੱਟ ਤੋਂ ਘੱਟ ਮੁੱਲ 120 ਜਾਂ ਵੱਧ ਤੋਂ ਵੱਧ ਮੁੱਲ 160 ਦੇ ਲਗਭਗ ਰੱਖਿਆ ਜਾ ਸਕੇ। ਰੇਟਾਂ ਦੀ ਗੱਲ ਕਰੀਏ ਤਾਂ ਪਿਛਲੇ ਹਫਤੇ 150 ਰੁਪਏ ਆਸਾਨੀ ਨਾਲ ਮਿਲਣ ਵਾਲੀ ਬੀਅਰ ਦੇ ਰੇਟ ਨਵੇਂ ਗਰੁੱਪਾਂ ਦੇ ਠੇਕਿਆਂ ’ਤੇ 180 ਰੁਪਏ ਦੇ ਲਗਭਗ ਪਹੁੰਚ ਗਏ ਹਨ। ਰੇਟਾਂ ਵਿਚ ਹੋਏ ਵਾਧੇ ਨਾਲ ਲੋਕਾਂ ਵਿਚ ਰੋਸ ਸਾਫ ਤੌਰ ’ਤ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਰੇਟ ਘਟਾਉਣ ’ਤੇ ਸਹਿਮਤੀ ਬਣਾਈ ਗਈ ਹੈ।

 

Gurminder Singh

This news is Content Editor Gurminder Singh