ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਐੱਸ. ਡੀ. ਐੱਮ ਨਾਲ ਮੀਟਿੰਗ

09/14/2018 6:19:45 PM

ਜਲਾਲਾਬਾਦ (ਸੇਤੀਆ, ਜਤਿੰਦਰ) : ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਐੱਸ. ਡੀ. ਐੱਮ. ਜਲਾਲਾਬਾਦ ਵਲੋਂ ਸ਼ੁੱਕਰਵਾਰ ਨੂੰ ਮਾਰਕੀਟ ਕਮੇਟੀ ਦਫਤਰ 'ਚ ਆੜਤੀਆ, ਰਾਈਸ ਮਿੱਲਰਾਂ, ਖਰੀਦ ਏਜੰਸੀਆਂ ਅਤੇ ਕਮੇਟੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਚਰਨਜੀਤ ਸਿੰਘ ਏ. ਐੱਸ. ਐੱਫ. ਓ., ਜਰਨੈਲ ਸਿੰਘ ਮੁਖੀਜਾ, ਚੰਦਰ ਖੈਰੇਕੇ ਪ੍ਰਧਾਨ ਆੜਤੀਆ ਐਸੋਸੀਏਸ਼ਨ, ਸਰਪ੍ਰਸਤ ਅਨਿਲਦੀਪ ਸਿੰਘ ਨਾਗਪਾਲ, ਰਾਈਸ ਮਿੱਲਰ ਹਰੀਸ਼ ਕੁਮਾਰ, ਸੋਨੂੰ ਧਮੀਜਾ, ਭੁਪਿੰਦਰ ਸਿੰਘ, ਅਸ਼ੀਸ਼ ਕੁਮਾਰ, ਵਰੁਣ ਕੁਮਾਰ, ਸੰਜੀਵ ਕੁਮਾਰ ਤੋਂ ਇਲਾਵਾ ਪੀ. ਡਬਲਯੂ. ਡੀ. ਵਿਭਾਗ ਦੇ ਐੱਸ. ਡੀ. ਓ. ਸਿੰਗਲਾ ਮੌਜੂਦ ਸਨ। 

ਮੀਟਿੰਗ ਦੌਰਾਨ ਮੰਡੀ ਵਿਚ ਆਉਣ ਵਾਲੇ ਨਮੀ ਵਾਲੇ ਝੋਨੇ ਨੂੰ ਲੈ ਕੇ ਐੱਸ. ਡੀ. ਐੱਮ. ਨੂੰ ਦੱਸਿਆ ਕਿ ਮਾਰਕੀਟ ਕਮੇਟੀ ਅਧਿਕਾਰੀਆਂ ਕੋਲ ਨਮੀ ਨੂੰ ਜਾਚਣ ਲਈ ਲੋੜੀਂਦੇ ਯੰਤਰ ਨਹੀਂ ਹਨ, ਜਿਸ ਕਾਰਣ ਮੰਡੀਆਂ ਵਿੱਚ ਨਮੀ ਵਾਲਾ ਝੋਨਾ ਦਾਖਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਰਾਈਸ ਮਿੱਲਰਾਂ ਨੇ ਦੱਸਿਆ ਕਿ ਐੱਫ. ਸੀ. ਆਈ. ਗੋਦਾਮ ਵਿਚ ਚਾਵਲ ਲਗਾਉਣ ਲਈ ਜਗ੍ਹਾ ਨਹੀਂ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਸਪੈਸ਼ਲਾਂ ਨਾ ਲੱਗਣ ਕਾਰਣ ਕਾਫੀ ਸਟਾਕ ਪਿਆ ਹੈ। ਉਧਰ ਐੱਫ. ਸੀ. ਆਈ. ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਰੇਲਵੇ ਟ੍ਰੈਕ ਤੱਕ ਸੜਕ ਨੂੰ ਲੈ ਕੇ ਵਿਵਾਦ ਸੀ ਅਤੇ ਹੁਣ ਬੁੱਧਵਾਰ ਤੱਕ ਨਵਾਂ ਰਸਤਾ ਬਣ ਕੇ ਤਿਆਰ ਹੋ ਰਿਹਾ ਹੈ ਅਤੇ ਦੂਜੇ ਪਾਸੇ ਵਿਭਾਗ ਵਲੋਂ ਮਾਲ ਦੀ ਲੋਡਿੰਗ ਲਈ ਟੈਂਡਰ ਵੀ ਹੋ ਚੁੱਕੇ ਹਨ। 

ਉਧਰ ਐੱਸ. ਡੀ. ਐੱਮ. ਕੇਸ਼ਵ ਗੋਇਲ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਉਹ 25 ਸਤੰਬਰ ਤੱਕ ਮੰਡੀਆਂ ਵਿਚ ਸਾਫ ਸਫਾਈ, ਪਾਣੀ ਅਤੇ ਹੋਰ ਲੋੜੀਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਲੈਣ ਅਤੇ 25 ਸਤੰਬਰ ਤੋਂ ਬਾਅਦ ਉਹ ਵੱਖ-ਵੱਖ ਮੰਡੀਆਂ ਵਿਚ ਪ੍ਰਬੰਧਾਂ ਨੂੰ ਲੈ ਕੇ ਚੈਕਿੰਗ ਕਰਨਗੇ ਅਤੇ ਜੇਕਰ ਕਿਧਰੇ ਵੀ ਕੋਤਾਹੀ ਸਾਹਮਣੇ ਆਏਗੀ ਤਾਂ ਉਸ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਪਰ ਕਿਸਾਨ ਮੰਡੀਆਂ ਵਿਚ ਸੁੱਕਾ ਝੋਨਾ ਹੀ ਲਿਆਉਣ।