ਪਵਿੱਤਰ ਕਾਲੀ ਵੇਈਂ ''ਚੋਂ ਜੰਗਲੀ ਬੂਟੀ ਹਟਾਉਣ ਦਾ ਕੰਮ ਸ਼ੁਰੂ

10/15/2017 2:43:01 AM

ਕਪੂਰਥਲਾ,  (ਮੱਲ੍ਹੀ)-  ਕਾਂਜਲੀ ਵੈੱਟਲੈਂਡ ਵਿਖੇ ਪਵਿੱਤਰ ਕਾਲੀ ਵੇਈਂ 'ਚੋਂ ਜੰਗਲੀ ਬੂਟੀ ਹਟਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਤਿਹਾਸਿਕ ਪਵਿੱਤਰ ਕਾਲੀ ਵੇਈਂ ਦੀ ਪੁਰਾਤਨ ਆਲੌਕਿਕ ਦਿੱਖ ਮੁੜ ਬਹਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੇਈਂ ਦੀ ਸਫਾਈ ਕਰਵਾ ਕੇ ਵੈੱਟਲੈਂਡ ਨੂੰ ਸੈਰ-ਸਪਾਟੇ ਦੇ ਅਹਿਮ ਕੇਂਦਰ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ। ਵੇਈਂ ਦੀ ਸਫਾਈ ਲਈ ਵਿਸ਼ੇਸ਼ ਉਪਕਰਣ ਤੇ ਆਧੁਨਿਕ ਮਸ਼ੀਨਰੀ ਮੰਗਵਾਈ ਜਾ ਰਹੀ ਹੈ। 
ਉਨ੍ਹਾਂ ਧੋਬੀ ਘਾਟ ਤੋਂ ਕਾਂਜਲੀ ਵੈੱਟਲੈਂਡ ਤੇ ਪਵਿੱਤਰ ਕਾਲੀ ਵੇਈਂ ਨਾਲ ਲੱਗਦੇ ਕਰੀਬ ਤਿੰਨ ਕਿਲੋਮੀਟਰ ਰਸਤੇ ਨੂੰ ਇੰਟਰਲਾਕਿੰਗ ਟਾਈਲਾਂ ਲਗਾ ਕੇ ਤਿਆਰ ਕਰਕੇ ਰਸਤੇ ਦੁਆਲੇ ਸੁੰਦਰ ਫੁੱਲ-ਬੂਟੇ ਤੇ ਪੌਦੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਵੇਈਂ ਦੇ ਨਾਲ ਲੱਗਦੇ ਪੰਜ ਏਕੜ ਜੰਗਲਾਤ ਰਕਬੇ ਨੂੰ ਗਾਰਡਨ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਾਲੀ ਵੇਈਂ 'ਤੇ ਪੁਲ ਨਿਰਮਾਣ ਕਰਨ ਦੀ ਵੀ ਗੱਲ ਕੀਤੀ, ਜੋ ਸੈਰ-ਸਪਾਟੇ ਲਈ ਆਉਣ ਵਾਲੇ ਲੋਕਾਂ ਨੂੰ ਸਹੂਲਤ ਮਿਲ ਸਕੇ। 
ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਕਿ ਕਾਲੀ ਵੇਈਂ ਦੀ ਲਗਾਤਾਰ ਸਫਾਈ ਲਈ ਨਵੀਆਂ ਤਕਨੀਕਾਂ ਅਪਣਾਈਆਂ ਜਾਣਗੀਆਂ, ਤਾਂ ਜੋ ਇਥੇ ਪਾਣੀ ਵਾਲੀਆਂ ਖੇਡਾਂ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਇਸ ਦੇ ਆਲੇ-ਦੁਆਲੇ ਸਾਈਕਲਿੰਗ ਟਰੈਕ ਦਾ ਨਿਰਮਾਣ ਕਰਨਾ ਵੀ ਵਿਚਾਰ ਅਧੀਨ ਹੈ। ਇਸ ਮੌਕੇ ਉਨ੍ਹਾਂ ਪਿੰਡ ਕਾਂਜਲੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਉਨ੍ਹਾਂ ਦੇ ਜਲਦ ਹੱਲ ਦਾ ਭਰੋਸਾ ਦਿਵਾਇਆ। ਇਸ ਮੌਕੇ ਡਰੇਨੇਜ਼ ਵਿਭਾਗ ਦੇ ਐਕਸੀਅਨ ਅਜੀਤ ਸਿੰਘ, ਮਨਜੀਤ ਸਿੰਘ ਨਿੱਝਰ, ਅਨੂਪ ਕੱਲ੍ਹਣ, ਰਜਿੰਦਰ ਕੌੜਾ, ਨਰਿੰਦਰ ਮੰਨਸੂ, ਨਾਮਦੇਵ ਅਰੋੜਾ, ਪਵਨ ਅਗਰਵਾਲ, ਗੁਰਦੀਪ ਸਿੰਘ, ਬਿਸ਼ਨਪੁਰ, ਵਿਕਾਸ ਸ਼ਰਮਾ, ਸੁਰਿੰਦਰ ਮੜ੍ਹੀਆ, ਵਿਸ਼ਾਲ ਸੋਨੀ, ਰਜਿੰਦਰ ਵਾਲੀਆ, ਵਿਨੋਦ ਸੂਦ ਤੇ ਗੁਰਪ੍ਰੀਤ ਗੋਪੀ ਆਰੀਆਂਵਾਲ ਆਦਿ ਹਾਜ਼ਰ ਸਨ।