ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 524ਵੇਂ ਟਰੱਕ ਦੀ ਰਾਹਤ ਸਮੱਗਰੀ

09/04/2019 6:33:04 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਪਿੰਡਾਂ 'ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਨੂੰ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਲਗਾਤਾਰ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਖਤਰਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ। ਸਰਹੱਦ ਦੇ ਦੋਹੀਂ ਪਾਸੀਂ ਮੌਜੂਦ ਤਣਾਅ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ। ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ ਜਦੋਂ ਪਾਕਿਸਤਾਨੀ ਸੈਨਿਕਾਂ ਵੱਲੋਂ ਜੰਮੂ-ਕਸ਼ਮੀਰ ਦੇ ਬੇਦੋਸ਼ੇ ਨਾਗਰਿਕਾਂ ਅਤੇ ਸੁਰੱਖਿਆ ਫੋਰਸਾਂ ਦੇ ਜੁਆਨਾਂ 'ਤੇ ਅੰਨ੍ਹੇਵਾਹ ਫਾਇਰਿੰਗ ਨਾ ਕੀਤੀ ਜਾਂਦੀ ਹੋਵੇ।

ਇਸ ਫਾਇਰਿੰਗ ਨੇ ਅਣਗਿਣਤ ਲੋਕਾਂ ਦੀਆਂ ਜਾਨਾਂ ਲਈਆਂ, ਪਸ਼ੂ ਮਾਰੇ ਗਏ, ਫਸਲਾਂ ਬਰਬਾਦ ਹੋ ਗਈਆਂ ਅਤੇ ਕਾਰੋਬਾਰ ਠੱਪ ਹੋ ਗਏ। ਇਸ ਜਾਨੀ-ਮਾਲੀ ਨੁਕਸਾਨ ਨੂੰ ਸਹਿਣ ਕਰਨ ਵਾਲੇ ਲੋਕਾਂ ਲਈ ਆਪਣੇ ਹੱਸਦੇ-ਵੱਸਦੇ ਘਰ ਛੱਡ ਕੇ ਵਾਰ-ਵਾਰ ਪਲਾਇਨ ਕਰਨ ਲਈ ਮਜਬੂਰ ਹੋਣਾ ਵੀ ਇਕ ਅਤਿ-ਦੁਖਦਾਈ ਘਟਨਾਚੱਕਰ ਬਣ ਗਿਆ ਹੈ। ਤ੍ਰਾਸਦੀ ਇਹ ਵੀ ਹੈ ਕਿ ਸਰਹੱਦ ਕੰਢੇ ਵੱਸੇ ਲੋਕ ਉਨ੍ਹਾਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿੰਦੇ ਹਨ, ਜਿਹੜੀਆਂ ਦੇਸ਼ ਦੇ ਆਮ ਨਾਗਰਿਕਾਂ ਨੂੰ ਪ੍ਰਾਪਤ ਹੁੰਦੀਆਂ ਹਨ। ਅਜਿਹੇ ਹਾਲਾਤ ਦੇ ਕਾਰਣ ਇਨ੍ਹਾਂ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਦਰ-ਦਰ ਦੀਆਂ ਠੋਹਕਰਾਂ ਖਾਣੀਆਂ ਪੈਂਦੀਆਂ ਹਨ।

'ਪੰਜਾਬ ਕੇਸਰੀ' ਪੱਤਰ ਸਮੂਹ ਨੇ 20 ਸਾਲ ਪਹਿਲਾਂ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕਰਕੇ ਸਰਹੱਦੀ ਖੇਤਰਾਂ ਦੇ ਪੀੜਤਾਂ ਅਤੇ ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਦਾ ਬੀੜਾ ਚੁੱਕਿਆ ਸੀ। ਇਸ ਮੁਹਿੰਮ ਅਧੀਨ ਹੁਣ ਤਕ ਸੈਂਕੜੇ ਟਰੱਕਾਂ ਦੀ ਸਮੱਗਰੀ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦਰਮਿਆਨ ਵੰਡੀ ਜਾ ਚੁੱਕੀ ਹੈ। ਇਸ ਸਿਲਸਿਲੇ 'ਚ ਹੀ ਬੀਤੇ ਦਿਨੀਂ 524ਵੇਂ ਟਰੱਕ ਦੀ ਸਮੱਗਰੀ ਆਰ. ਐੱਸ. ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਅਲੋਕ ਸੋਂਧੀ ਅਤੇ ਉਨ੍ਹਾਂ ਦੇ ਬੇਟੇ ਆਸ਼ਿਮ ਸੋਂਧੀ ਦੇ ਵਿਸ਼ੇਸ਼ ਯਤਨਾਂ ਸਦਕਾ ਪੀ. ਕੇ. ਐੱਫ. ਗਰੁੱਪ ਜਲੰਧਰ ਵਲੋਂ ਦਿੱਤਾ ਗਿਆ। 

'ਪੰਜਾਬ ਕੇਸਰੀ' ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ 250 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ, ਇਕ ਕੰਬਲ, ਇਕ ਕਿੱਲੋ ਸ਼ੱਕਰ ਅਤੇ ਇਕ ਕਿੱਲੋ ਦਾਲ ਸ਼ਾਮਲ ਸੀ।  ਟਰੱਕ ਰਵਾਨਾ ਕਰਨ ਸਮੇਂ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਵੀ ਮੌਜੂਦ ਸਨ। 

ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਪ੍ਰਭਾਵਿਤ ਖੇਤਰਾਂ ਤਕ ਜਾਣ ਵਾਲੀ ਰਾਹਤ ਟੀਮ 'ਚ ਪੀ. ਕੇ. ਐੱਫ. ਦੇ ਮੈਡਮ ਕਵਿਤਾ ਗੁਪਤਾ, ਅਨੂਪ ਜੇਤਲੀ, ਬਲਦੀਪ ਭੱਟੀ, ਸ਼ਸ਼ੀ ਭੂਸ਼ਣ ਤੋਂ ਇਲਾਵਾ ਸ਼੍ਰੀ ਰਜਿੰਦਰ ਸ਼ਰਮਾ (ਭੋਲਾ ਜੀ), ਰਾਜੇਸ਼ ਭਗਤ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਅਤੇ ਆਰ. ਐੱਸ. ਪੁਰਾ ਤੋਂ ਪ੍ਰਤੀਨਿਧੀ ਮੁਕੇਸ਼ ਰੈਣਾ ਵੀ ਸ਼ਾਮਲ ਸਨ।

shivani attri

This news is Content Editor shivani attri