ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 517ਵੇਂ ਟਰੱਕ ਦੀ ਰਾਹਤ ਸਮੱਗਰੀ

07/05/2019 4:17:57 PM

ਜਲੰਧਰ (ਜੁਗਿੰਦਰ ਸੰਧੂ)– ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਕਈ ਦਹਾਕਿਆਂ ਤੋਂ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਉਸ ਵੇਲੇ ਹੋਂਦ ਵਿਚ ਆਏ ਪਾਕਿਸਤਾਨ ਨੇ ਅਜਿਹੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਦਾ ਸਿੱਧਾ ਅਸਰ ਸਰਹੱਦੀ ਲੋਕਾਂ 'ਤੇ ਹੋਇਆ ਅਤੇ ਉਨ੍ਹਾਂ ਨੂੰ ਵੱਡਾ ਜਾਨੀ-ਮਾਲੀ ਨੁਕਸਾਨ ਸਹਿਣ ਕਰਨਾ ਪਿਆ।  ਤਬਾਹੀ ਅਤੇ ਮੌਤ ਦਾ ਇਹ ਤਾਂਡਵ ਅੱਜ ਵੀ ਜਾਰੀ ਹੈ।

ਇਕ ਪਾਸੇ ਪਾਕਿਸਤਾਨ ਦੀ ਧਰਤੀ 'ਤੇ ਚੱਲ ਰਹੇ ਕੈਂਪਾਂ 'ਚੋਂ ਸਿਖਲਾਈ ਪ੍ਰਾਪਤ ਕਰ ਕੇ ਅੱਤਵਾਦੀਆਂ ਦੇ ਟੋਲੇ ਖੂਨ ਨਾਲ ਭਾਰਤ ਦੀ ਧਰਤੀ ਨੂੰ ਰੰਗਣ ਵਰਗੇ ਕਾਲੇ ਕਾਰਨਾਮੇ ਕਰ ਰਹੇ ਹਨ ਅਤੇ ਦੂਜੇ ਪਾਸੇ ਪਾਕਿਸਤਾਨੀ ਸੈਨਿਕ ਸਰਹੱਦ ਪਾਰ ਤੋਂ ਗੋਲੀਬਾਰੀ ਨਾਲ ਭਾਰਤੀ ਨਾਗਰਿਕਾਂ ਨੂੰ ਮੌਤ ਦੇ ਮੂੰਹ 'ਚ ਸੁੱਟ ਰਹੇ ਹਨ। ਇਸ ਦੋਹਰੀ ਮਾਰ ਨੇ ਹਜ਼ਾਰਾਂ ਘਰਾਂ ਵਿਚ ਮੌਤ ਦਾ ਖੌਫ਼ ਫੈਲਾਅ ਦਿੱਤਾ ਅਤੇ ਅਨੇਕਾਂ ਪਰਿਵਾਰਾਂ ਦੀ ਜ਼ਿੰਦਗੀ ਨੂੰ ਨਰਕ ਵਰਗੀ ਬਣਾ ਦਿੱਤਾ। ਸਰਹੱਦੀ ਖੇਤਰਾਂ ਦੇ ਲੋਕ ਹਰ ਵੇਲੇ ਸੁਰੱਖਿਆ ਅਤੇ ਰੋਜ਼ੀ-ਰੋਟੀ ਦੀ ਚਿੰਤਾ ਵਿਚ ਸਹਿਮੇ ਰਹਿੰਦੇ ਹਨ।
ਸਰਹੱਦੀ ਆਬਾਦੀਆਂ ਵਿਚ ਰਹਿਣ ਵਾਲੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਲਈ ਹੀ ਪਿਛਲੇ 20 ਸਾਲਾਂ ਤੋਂ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 517ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਨਾਲ ਸਬੰਧਤ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ।

ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਵਿਸ਼ਵ ਪ੍ਰਸਿੱਧ ਪਿੰਡੋਰੀ ਧਾਮ ਦੇ ਪੀਠਾਧੀਸ਼ਵਰ ਮਹੰਤ ਸ਼੍ਰੀ ਰਘੁਬੀਰ ਦਾਸ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਕਾਰਜ ਵਿਚ ਜ਼ਿਲਾ ਗੁਰਦਾਸਪੁਰ ਤੋਂ ਜਗ ਬਾਣੀ ਦੇ ਇੰਚਾਰਜ ਸ਼੍ਰੀ ਵਿਨੋਦ ਗੁਪਤਾ  ਦਾ ਵੀ ਵੱਡਮੁੱਲਾ ਸਹਿਯੋਗ ਰਿਹਾ। ਇਸ ਦੇ ਨਾਲ ਹੀ ਸ਼੍ਰੀ ਰਵੀ ਕਿਰਨ ਸੈਣੀ, ਪ੍ਰੋ. ਐੱਸ. ਕੇ. ਤੁਲੀ ਅਤੇ ਸੁਨੀਲ ਸੈਣੀ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ।

ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਥੈਲੀ ਆਟਾ ਅਤੇ 300 ਥੈਲੀ ਚਾਵਲ (ਪ੍ਰਤੀ ਥੈਲੀ 10 ਕਿੱਲੋ) ਤੋਂ ਇਲਾਵਾ 150 ਕੰਬਲ, 300 ਜੋੜੇ ਜ਼ਨਾਨਾ-ਮਰਦਾਨਾ ਕੱਪੜੇ ਅਤੇ ਸਾਢੇ 4 ਕੁਇੰਟਲ ਨਮਕ ਵੀ ਸ਼ਾਮਲ ਸੀ।ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੀ ਟੀਮ ਵਿਚ ਫਿਰੋਜ਼ਪੁਰ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਸ਼੍ਰੀ ਕੁਲਦੀਪ ਭੁੱਲਰ-ਸ਼੍ਰੀਮਤੀ ਭੁੱਲਰ, ਆਸਥਾ ਸ਼ੋਰੀ, ਮੁਨੀਸ਼ ਸ਼ੋਰੀ, ਨੇਹਾ ਸ਼ਰਮਾ, ਨਿਤਿਨ ਸਚਦੇਵਾ, ਰਾਹੁਲ ਸ਼ਰਮਾ, ਉਜਾਲਾ ਸ਼ਰਮਾ ਅਤੇ ਜੰਮੂ ਤੋਂ ਪੰਜਾਬ ਕੇਸਰੀ ਦਫਤਰ ਦੇ ਇੰਚਾਰਜ ਡਾ. ਬਲਰਾਮ ਸੈਣੀ ਵੀ ਸ਼ਾਮਲ ਸਨ।

Shyna

This news is Content Editor Shyna