ਉਨ੍ਹਾਂ ਦੇ ਚਿਹਰੇ ''ਤੇ ਲਿਖਿਆ ਹੈ ਇਹ ਸਵਾਲ, ਸਰਕਾਰ ਕਦੋਂ ਸਮਝੇਗੀ ਆਪਣੀ ਜ਼ਿੰਮੇਵਾਰੀ

02/23/2018 6:14:11 PM

ਜਲੰਧਰ/ਜੰਮੂ ਕਸ਼ਮੀਰ (ਵਰਿੰਦਰ ਸ਼ਰਮਾ) : ਆਰ. ਐੱਸ. ਪੁਰਾ ਬਾਰਡਰ 'ਤੇ ਸਥਿਤ ਪਿੰਡ ਚਾਨਣਕੇ, ਸਾਹਮਣੇ ਸਰਹੱਦ ਦੀ ਤਾਰ ਅਤੇ ਪੰਡਾਲ ਵਿਚ ਰਾਹਤ ਸਮੱਗਰੀ ਲੈਣ ਲਈ ਬੈਠੇ ਕੁਝ ਪਰਿਵਾਰ। ਸਾਰਿਆਂ ਦੇ ਚਿਹਰੇ 'ਤੇ ਇਹ ਭਾਵ ਕਿ ਪ੍ਰੋਗਰਾਮ ਛੇਤੀ ਸੰਪੰਨ ਹੋ ਜਾਵੇ ਕਿਉਂਕਿ ਪਾਕਿਸਤਾਨੀ ਗੋਲੀਬਾਰੀ ਕਿਸੇ ਵੇਲੇ ਵੀ ਹੋ ਸਕਦੀ ਹੈ। ਚਿੰਤਾ ਉਨ੍ਹਾਂ ਨੂੰ ਆਪਣੀ ਨਹੀਂ, ਸਗੋਂ ਪੰਜਾਬ ਕੇਸਰੀ ਟੀਮ ਦੇ ਮੈਂਬਰਾਂ ਦੀ ਹੈ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਵੇ, ਜੋ ਪਿਛਲੇ 20 ਸਾਲਾਂ ਤੋਂ ਉਨ੍ਹਾਂ ਲਈ ਰਾਹਤ ਸਮੱਗਰੀ ਲੈ ਕੇ ਆ ਰਹੇ ਹਨ। ਇਹ ਮੌਕਾ ਸੀ 465ਵੇਂ ਟਰੱਕ ਦੇ ਰਾਹਤ ਸਮੱਗਰੀ ਵੰਡ ਪ੍ਰੋਗਰਾਮ ਦਾ, ਜਿਸਦਾ ਆਯੋਜਨ ਸਮਾਜ ਸੇਵਕ ਕੁਲਦੀਪ ਗੁਪਤਾ (ਕਾਲੇ ਸ਼ਾਹ) ਦੀ ਦੇਖ-ਰੇਖ ਵਿਚ ਕੀਤਾ ਗਿਆ ਸੀ।
ਵਿਧਾਇਕ ਕਮਲ ਅਰੋੜਾ ਅਤੇ ਸਾਬਕਾ ਮੰਤਰੀ ਗੁਲਚੈਨ ਸਿੰਘ ਚਾੜਕ ਦੀ ਹਾਜ਼ਰੀ ਵਿਚ ਜਦੋਂ ਰਾਹਤ ਸਮੱਗਰੀ ਵੰਡੀ ਜਾ ਰਹੀ ਸੀ ਤਾਂ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਦੇ ਚਿਹਰੇ ਦੀਆਂ  ਲਕੀਰਾਂ ਤੋਂ ਉਨ੍ਹਾਂ ਦੀ ਕਹਾਣੀ ਨੂੰ ਸਾਫ ਪੜ੍ਹਿਆ ਜਾ ਸਕਦਾ ਸੀ। ਉਨ੍ਹਾਂ ਦੇ ਚਿਹਰੇ 'ਤੇ ਸਪੱਸ਼ਟ ਰੂਪ ਨਾਲ ਇਕ ਸਵਾਲ ਲਿਖਿਆ ਸੀ ਕਿ ਆਖਿਰ ਉਨ੍ਹਾਂ ਦਾ ਕਸੂਰ ਕੀ ਹੈ ਅਤੇ ਉਨ੍ਹਾਂ ਦੀਆਂ ਮੁਸੀਬਤਾਂ ਕਦੋਂ ਖਤਮ ਹੋਣਗੀਆਂ? ਇਹ ਵੀ ਸਵਾਲ ਸੀ ਕਿ ਕੀ ਪੰਜਾਬ ਕੇਸਰੀ ਗਰੁੱਪ ਹੀ ਉੁਨ੍ਹਾਂ ਦੇ ਦਰਦ ਨੂੰ ਸਮਝੇਗਾ ਜਾਂ ਫਿਰ ਸਰਕਾਰ ਵੀ ਆਪਣੀ ਕੋਈ ਜ਼ਿੰਮੇਵਾਰੀ ਸਮਝੇਗੀ?
ਉਹ ਤਾਂ ਆਪਣਾ ਦਰਦ ਦੱਸਣਾ ਨਹੀਂ ਚਾਹੁੰਦੇ ਪਰ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਦੇ ਹਨ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ, ਇਸ ਲਈ ਉਹ ਪਿਛਲੇ 20 ਸਾਲਾਂ ਤੋਂ ਲਗਾਤਾਰ ਇਨ੍ਹਾਂ ਦੇ ਦਰਦ ਨੂੰ ਵੰਡਣ ਅਤੇ ਜ਼ਖਮਾਂ ਦੇ ਮੱਲ੍ਹਮ ਲਾਉਣ ਦਾ ਯਤਨ ਕਰ ਰਹੇ ਹਨ। ਵੱਖ-ਵੱਖ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਯੋਗਦਾਨ ਨਾਲ ਪੰਜਾਬ ਕੇਸਰੀ ਗਰੁੱਪ ਵਲੋਂ ਇਸ ਤੋਂ ਪਹਿਲਾਂ ਸਰਹੱਦ ਦੇ ਇਨ੍ਹਾਂ ਪਹਿਰੇਦਾਰਾਂ ਦੀ ਮਦਦ ਲਈ ਰਾਹਤ ਦੇ 464 ਟਰੱਕ ਭੇਜੇ ਜਾ ਚੁੱਕੇ ਹਨ। 325 ਰਜਾਈਆਂ ਦਾ ਇਹ 465ਵਾਂ ਟਰੱਕ ਭਗਵਾਨ ਮਹਾਵੀਰ ਸੇਵਾ ਸੰਸਥਾਨ ਐਂਡ ਮਹਿਲਾ ਸ਼ਾਖਾ ਲੁਧਿਆਣਾ ਅਤੇ ਭਗਵਾਨ ਮਹਾਵੀਰ ਸੋਸਾਇਟੀ ਲੁਧਿਆਣਾ ਦੀ ਪ੍ਰੇਰਨਾ ਨਾਲ ਲੁਧਿਆਣਾ ਦੇ ਸ਼ਾਹ ਪਰਿਵਾਰ ਦੇ ਸ਼੍ਰੀਮਤੀ ਮੋਨਿਕਾ ਜੈਨ ਅਤੇ ਸ਼੍ਰੀ ਰਾਜਕੁਮਾਰ ਜੈਨ ਵਲੋਂ ਭਿਜਵਾਇਆ ਗਿਆ ਸੀ, ਜਿਸ ਵਿਚ ਕਮਲੇਸ਼ ਜੈਨ, ਚਾਂਦ ਜੈਨ ਤੇ ਵੀਨਾ ਜੈਨ ਦੀ ਅਹਿਮ ਭੂਮਿਕਾ ਰਹੀ।
ਇਸ ਮੌਕੇ ਸਰਹੱਦ ਦੇ ਨਾਲ ਲਗਦੇ ਪਿੰਡਾਂ ਤੋਂ ਰਾਹਤ ਸਮੱਗਰੀ ਪ੍ਰਾਪਤ ਕਰਨ ਆਏ ਲੋਕਾਂ ਦਾ ਦਰਦ ਜਾਣਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਆਪਣਾ ਦਰਦ ਬਿਆਨ ਕਰਦੇ ਹੋਏ 78 ਸਾਲਾ ਜੀਤੋ ਦੇਵੀ ਨੇ ਦੱਸਿਆ ਕਿ ਜਦੋਂ ਸ਼ੈਲਿੰਗ ਹੁੰਦੀ ਹੈ ਤਾਂ ਕੰਨ ਪਾੜਵੀਆਂ ਆਵਾਜ਼ਾਂ ਨਾਲ ਉਨ੍ਹਾਂ ਦੇ ਕੰਨ ਫਟਣ ਨੂੰ ਆ ਜਾਂਦੇ ਹਨ ਅਤੇ ਗੋਲੀਆਂ ਨਾਲ ਉੁਨ੍ਹਾਂ ਦੀਆਂ ਕੱਚੀਆਂ ਕੰਧਾਂ ਇਸ ਤਰ੍ਹਾਂ ਛਲਣੀ ਹੋ ਜਾਂਦੀਆਂ ਹਨ ਕਿ ਹਰ ਵਾਰ ਮੁੜ ਬਣਵਾਉਣੀਆਂ ਪੈਂਦੀਆਂ ਹਨ। ਇਸ ਪਿੰਡ ਦੀ 75 ਸਾਲਾ ਰੱਖੀ ਨੇ ਰੋਂਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਗੋਲਾ ਉਨ੍ਹਾਂ ਦੇ ਵਿਹੜੇ ਵਿਚ ਡਿਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਦੀ ਬਾਲਕੋਨੀ ਢਹਿ-ਢੇਰੀ ਹੋ ਗਈ। ਉਸਦਾ ਇਕ ਬੇਟਾ ਹੈ, ਜਿਸ ਦੀਆਂ ਅੱਖਾਂ ਖਰਾਬ ਹਨ ਪਰ ਪੈਸਿਆਂ ਦੀ ਕਮੀ ਕਾਰਨ ਉਹ ਉਸਦਾ ਇਲਾਜ ਵੀ ਨਹੀਂ ਕਰਵਾ ਸਕਦੀ। ਇਸੇ ਪਿੰਡ ਦੀ ਵਿਧਵਾ ਮਹਿੰਦਰੋ ਨੇ ਦੱਸਿਆ ਕਿ ਮਜ਼ਦੂਰੀ ਹੀ ਉਨ੍ਹਾਂ ਦੇ ਜੀਵਨ ਜਿਊਣ ਦਾ ਇਕ ਮਾਤਰ ਸਾਧਨ ਹੈ ਪਰ ਸਰਹੱਦ 'ਤੇ ਲਗਾਤਾਰ ਵਿਗੜਦੇ ਹਾਲਾਤ ਕਾਰਨ ਮਜ਼ਦੂਰੀ ਵੀ ਨਹੀਂ ਮਿਲਦੀ, ਇਸ ਲਈ ਜਿਊਣਾ ਮੁਸ਼ਕਲ ਹੋ ਗਿਆ ਹੈ। ਇਸ ਮੌਕੇ ਲੁਧਿਆਣਾ ਦੇ ਹਰਦਿਆਲ ਸਿੰਘ ਅਮਨ, ਯੋਗ ਗੁਰੂ ਵਰਿੰਦਰ ਸ਼ਰਮਾ, ਰੂਪੇਸ਼ ਗੁਪਤਾ, ਵਿਜੇ ਕੁਮਾਰ, ਅਨਿਲ ਕੁਮਾਰ, ਮਹੇਸ਼ ਦੂਬੇ ਅਤੇ ਦੀਪੂ ਵੀ ਹਾਜ਼ਰ ਸਨ।