ਔਲਾਦ ਦੀ ਚਾਹ ''ਚ ਪ੍ਰੋਫੈਸਰ ਨੇ ਨਰਸਿੰਗ ਦੀ ਵਿਦਿਆਰਥਣ ਨਾਲ ਬਣਾਏ ਸੰਬੰਧ

04/18/2019 3:40:49 PM

ਲੁਧਿਆਣਾ (ਮਹੇਸ਼) : ਪੜ੍ਹਾਈ 'ਚ ਮਦਦ ਕਰਨ ਦੇ ਬਹਾਨੇ ਨਰਸਿੰਗ ਦੀ 24 ਸਾਲਾ ਇਕ ਵਿਦਿਆਰਥਣ ਨੂੰ ਚਾਹ 'ਚ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਜਬਰ-ਜ਼ਨਾਹ ਅਤੇ ਜਾਤੀਸੂਚਕ ਸ਼ਬਦ ਕਹਿਣ ਦੇ ਦੋਸ਼ 'ਚ 45 ਸਾਲਾ ਇਕ ਪ੍ਰੋਫੈਸਰ 'ਤੇ ਥਾਣਾ ਸਦਰ 'ਚ ਕੇਸ ਦਰਜ ਹੋਇਆ ਹੈ। ਜ਼ਿਲਾ ਰੋਪੜ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਉਹ ਮੋਗਾ ਨੇੜੇ ਇਕ ਨਰਸਿੰਗ ਕਾਲਜ ਦੀ ਵਿਦਿਆਰਥਣ ਸੀ। ਦੋਸ਼ੀ ਯਾਦਵਿੰਦਰ ਪ੍ਰੋਫੈਸਰ ਜਦਕਿ ਉਸ ਦੀ ਪਤਨੀ ਮੋਰਿੰਡਾ ਨੇੜੇ ਇਕ ਕਾਲਜ 'ਚ ਵਾਈਸ ਪ੍ਰਿੰਸੀਪਲ ਹੈ। 2015 'ਚ ਜਦ ਕਾਲਜ 'ਚ ਉਸ ਦੀ ਪੜ੍ਹਾਈ ਅੰਤਿਮ ਪੜਾਅ 'ਚ ਸੀ ਤਾਂ ਯਾਦਵਿੰਦਰ ਨੇ ਉਸ ਨੂੰ ਪੜ੍ਹਾਈ 'ਚ ਮਦਦ ਕਰਨ ਦੇ ਬਹਾਨੇ ਆਪਣੀ ਪਤਨੀ ਨਾਲ ਮਿਲਵਾਇਆ, ਜੋ ਅਕਸਰ ਉਸ ਨਾਲ ਫੋਨ 'ਤੇ ਗੱਲ ਕਰਨ ਅਤੇ ਮਿਲਣ ਲੱਗੀ।

ਚਾਹ 'ਚ ਨਸ਼ਾ ਮਿਲਾ ਕੇ ਕੀਤਾ ਜਬਰ-ਜ਼ਨਾਹ
ਪੀੜਤਾ ਦਾ ਦੋਸ਼ ਹੈ ਕਿ ਇਕ ਦਿਨ ਉਹ ਪ੍ਰੋਫੈਸਰ ਦੇ ਘਰ ਗਈ ਤਾਂ ਉਸ ਨੂੰ ਬੈੱਡਰੂਮ 'ਚ ਬਿਠਾਇਆ, ਜਿਥੇ ਧੋਖੇ ਨਾਲ ਚਾਹ 'ਚ ਨਸ਼ਾ ਮਿਲਾ ਕੇ ਉਸ ਨੂੰ ਦਿੱਤਾ ਗਿਆ, ਜਿਸ ਨੂੰ ਪੀਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਦੋਸ਼ੀ ਨੇ ਇਸ ਦਾ ਫਾਇਦਾ ਉਠਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਵਿਦਿਆਰਥਣ ਦਾ ਦੋਸ਼ ਹੈ ਕਿ ਇਸ ਘਟਨਾ ਤੋਂ ਬਾਅਦ ਪ੍ਰੋਫੈਸਰ ਦੀ ਪਤਨੀ ਫੋਨ 'ਤੇ ਉਸ ਦੇ ਨਾਲ ਸੰਪਰਕ 'ਚ ਰਹੀ ਅਤੇ ਉਸ ਨਾਲ ਹਮਦਰਦੀ ਦਿਖਾਉਂਦੇ ਹੋਏ ਪਤੀ ਨੂੰ ਕੋਸਦੀ ਰਹੀ। ਉਸ ਨੇ ਪਤੀ ਨੂੰ ਛੱਡਣ ਦੀ ਗੱਲ ਵੀ ਕਹੀ ਪਰ ਕੁਝ ਦਿਨਾਂ ਬਾਅਦ ਉਸ ਦਾ ਫੋਨ ਆਇਆ ਕਿ ਉਸ ਦਾ ਪਤੀ ਆਪਣੇ ਕੀਤੇ 'ਤੇ ਬੇਹੱਦ ਸ਼ਰਮਿੰਦਾ ਹੈ ਅਤੇ ਉਸ ਤੋਂ ਮੁਆਫੀ ਮੰਗਣਾ ਚਾਹੁੰਦਾ ਹੈ। ਉਹ ਫਿਰ ਉਨ੍ਹਾਂ ਦੇ ਬਹਿਕਾਵੇ 'ਚ ਆ ਗਈ। ਦੋਸ਼ੀ ਨੇ ਦੁਬਾਰਾ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਇਸ ਦੌਰਾਨ ਅਸ਼ਲੀਲ ਵੀਡੀਓ ਵੀ ਬਣਾਈ।

ਵੰਸ਼ ਵਧਾਉਣ ਲਈ ਅਪਣਾਇਆ ਇਹ ਰਸਤਾ
ਮਾਮਲੇ ਦੀ ਜਾਂਚ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਸ-3 ਨੇ ਕੀਤੀ, ਜਿਨ੍ਹਾਂ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਹੁਣ ਤਕ ਦੀ ਜਾਂਚ 'ਚ ਇਹ ਸਾਹਮਣੇ ਆਇਆ ਕਿ ਪੀੜਤਾ ਦੋਸ਼ੀ ਅਤੇ ਉਸ ਦੀ ਪਤਨੀ ਦੇ ਨਾਲ ਇਕ ਹੀ ਛੱਤ ਹੇਠਾਂ ਰਹਿ ਰਹੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਯਾਦਵਿੰਦਰ ਦੇ ਕੋਈ ਔਲਾਦ ਨਹੀਂ ਸੀ। ਉਹ ਆਪਣਾ ਵੰਸ਼ ਵਧਾਉਣਾ ਚਾਹੁੰਦਾ ਸੀ, ਜਿਸ ਦੇ ਲਈ ਉਸ ਨੇ ਇਹ ਰਸਤਾ ਅਪਣਾਇਆ। ਇਹ ਗੱਲ ਇਸ ਤੋਂ ਸਾਬਤ ਹੁੰਦੀ ਹੈ ਕਿ ਉਸ ਨੇ ਬੱਚਾ ਪੈਦਾ ਹੋਣ ਤੋਂ ਬਾਅਦ ਬੱਚਾ ਆਪਣੇ ਕੋਲ ਰੱਖ ਕੇ ਪੀੜਤਾ ਨੂੰ ਘਰੋਂ ਕੱਢ ਦਿੱਤਾ, ਜੋ ਹੁਣ ਆਪਣੇ ਮਾਪੇ ਘਰ 'ਚ ਹੈ। 

ਗਰਭਵਤੀ ਹੋਣ 'ਤੇ ਦੋਸ਼ੀ ਨੇ ਵਿਆਹ ਦਾ ਵਾਅਦਾ ਕੀਤਾ
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦ ਉਹ 4 ਮਹੀਨੇ ਦੀ ਗਰਭਵਤੀ ਹੋ ਗਈ ਤਾਂ ਪ੍ਰੋਫੈਸਰ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ। ਇੰਨਾ ਹੀ ਨਹੀਂ ਉਸ ਨੇ ਆਪਣੀ ਪਹਿਲੀ ਪਤਨੀ ਛੱਡਣ ਅਤੇ ਉਸ ਨੂੰ ਤਲਾਕ ਦੇਣ ਦਾ ਵੀ ਭਰੋਸਾ ਦਿੱਤਾ ਪਰ ਉਸ ਨੇ ਇਸ ਤਰ੍ਹਾਂ ਕੁਝ ਨਹੀਂ ਕੀਤਾ ਅਤੇ ਉਸ ਦੀ ਮਸੂਮੀਅਤ ਦਾ ਫਾਇਦਾ ਉਠਾਇਆ।

ਵੀਡੀਓ ਦਿਖਾ ਕੇ ਧਮਕਾਇਆ
ਪੀੜਤਾ ਦਾ ਦੋਸ਼ ਹੈ ਕਿ ਇਸ ਦੌਰਾਨ ਉਸ ਨੂੰ ਉਸਦੀ ਅਸ਼ਲੀਲ ਵੀਡੀਓ ਦਿਖਾ ਕੇ ਧਮਕਾਇਆ ਗਿਆ ਕਿ ਜੇਕਰ ਉਸ ਨੇ ਕਿਸੇ ਦੇ ਸਾਹਮਣੇ ਮੂੰਹ ਖੋਲ੍ਹਿਆ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਸਮਾਜ 'ਚ ਬਦਨਾਮੀ ਅਤੇ ਉੱਪਰੋਂ ਗਰਭਵਤੀ ਹੋਣ ਕਾਰਨ ਉਹ ਚੁੱਪ ਰਹੀ। ਉਸ ਦੀ ਚੁੱਪ ਦਾ ਫਾਇਦਾ ਉਠਾ ਕੇ ਉਸ ਨਾਲ ਕੁੱਟ-ਮਾਰ ਕਰਨ ਲੱਗਾ। ਕਮਰੇ ਵਿਚ ਬੰਦ ਕਰ ਕੇ ਉਸ ਨੂੰ ਭੁੱਖਾ ਰੱਖਿਆ ਜਾਣ ਲੱਗਾ ਅਤੇ ਜਾਤੀ ਸਬੰਧੀ ਉਸ ਨੂੰ ਅਪਮਾਨਿਤ ਕੀਤਾ ਗਿਆ। ਇਸ ਦੌਰਾਨ ਦਿਨ ਬੀਤਦੇ ਗਏ 22 ਜੂਨ 2018 ਨੂੰ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਬਾਅਦ ਉਸ ਨੇ ਪੁਲਸ ਕੋਲੋਂ ਇਨਸਾਫ ਦੀ ਮੰਗ ਕੀਤੀ।

Anuradha

This news is Content Editor Anuradha