ਬਟਾਲਾ ਦੇ ਬੇਰਿੰਗ ਕਾਲਜ ''ਚ ਪੋਲਿੰਗ ਸਟਾਫ ਦੀ ਹੋਈ ਰਿਹਰਸਲ (ਤਸਵੀਰਾਂ)

09/25/2017 3:42:06 PM


ਬਟਾਲਾ (ਬੇਰੀ, ਸੈਂਡੀ, ਵਿਪਨ, ਸਾਹਿਲ, ਅਸ਼ਵਨੀ, ਯੋਗੀ, ਰਾਘਵ) - ਲੋਕ ਸਭਾ ਹਲਕਾ 01 ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਬੇਰਿੰਗ ਕਾਲਜ ਬਟਾਲਾ ਵਿਖੇ ਪੋਲਿੰਗ ਸਟਾਫ ਨੂੰ ਈ. ਵੀ. ਐੱਮ. ਅਤੇ ਵੀ. ਵੀ. ਪੈਟ ਦੀ ਰਿਹਰਸਲ ਕਰਾਈ ਗਈ। ਐੱਸ. ਡੀ. ਐੱਮ. ਬਟਾਲਾ-ਕਮ-ਵਿਧਾਨ ਸਭਾ ਹਲਕਾ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਰੋਹਿਤ ਗੁਪਤਾ ਦੀ ਅਗਵਾਈ ਹੇਠ ਹੋਈ ਇਸ ਰਿਹਰਸਲ 'ਚ 1359 ਕਰਮਚਾਰੀਆਂ ਨੇ ਭਾਗ ਲਿਆ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਗੁਰਮੀਤ ਸਿੰਘ ਮੁਲਤਾਨੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਚੱਲ ਰਹੀ ਰਿਹਰਸਲ ਦਾ ਜਾਇਜ਼ਾ ਲਿਆ। ਰਿਹਰਸਲ ਦੌਰਾਨ ਮਾਸਟਰ ਟਰੇਨਰਾਂ ਵੱਲੋਂ ਪੋਲਿੰਗ ਸਟਾਫ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ਦੇ ਨਾਲ ਇਸ ਵਾਰ ਚੋਣਾਂ 'ਚ ਵਰਤੇ ਜਾ ਰਹੇ ਵੀ. ਵੀ. ਪੈਟ ਸਿਸਟਮ ਬਾਰੇ ਵੀ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ। ਪੋਲਿੰਗ ਸਟਾਫ ਨੂੰ ਪਹਿਲਾਂ ਵੱਡੀ ਪ੍ਰਾਜੈਕਟਰ ਸਕਰੀਨ 'ਤੇ ਸਮੁੱਚੇ ਚੋਣ ਅਮਲ ਦੀ ਜਾਣਕਾਰੀ ਦੇਣ ਦੇ ਨਾਲ ਈ. ਵੀ. ਐੱਮ 'ਤੇ ਵੀ. ਵੀ. ਪੈਟ ਮਸ਼ੀਨਾਂ ਬਾਰੇ ਦੱਸਿਆ ਗਿਆ। ਉਪਰੰਤ ਮਾਸਟਰ ਟਰੇਨਰਾਂ ਵੱਲੋਂ ਪੋਲਿੰਗ ਸਟਾਫ ਦੇ 50-50 ਦੇ ਗਰੁੱਪ ਬਣਾ ਕੇ ਕਲਾਸ ਰੂਮਾਂ 'ਚ ਉਨ੍ਹਾਂ ਨੂੰ ਈ. ਵੀ. ਐੱਮ. ਤੇ ਵੀ. ਵੀ. ਪੈਟ ਮਸ਼ੀਨਾਂ ਬਾਰੇ ਪ੍ਰੈਕਟੀਕਲ ਟਰੇਨਿੰਗ ਦਿੱਤੀ ਗਈ।