ਰੈਫਰੈਂਡਮ 2020 ਨੂੰ ਉਤਸ਼ਾਹ ਦੇਣ ਵਾਲੇ ਖਾਲਿਸਤਾਨੀ ਸਮਰਥਕਾਂ ਨੇ ਰੈਲੀ ਲਈ ਸਰਗਰਮੀਆਂ ਕੀਤੀਆਂ ਤੇਜ਼

05/18/2019 11:25:07 AM

ਜਲੰਧਰ (ਮ੍ਰਿਦੁਲ)— ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. 'ਚ 6 ਜੂਨ ਨੂੰ ਖਾਲਿਸਤਾਨੀ ਸਮਰਥਕ ਰੈਂਫਰੈਂਡਮ-2020 ਨੂੰ ਉਤਸ਼ਾਹ ਦੇਣ ਲਈ 'ਸਿੱਖਸ ਫਾਰ ਜਸਟਿਸ ਗਰੁੱਪ' ਪਿਛਲੇ ਦੋ ਸਾਲ ਤੋਂ ਸਰਗਰਮ ਹੈ ਜੋ ਖਾਲਿਸਤਾਨ ਦੀ ਦੁਬਾਰਾ ਮੰਗ ਕਰ ਰਿਹਾ ਹੈ। ਇਸ ਲਹਿਰ ਨੂੰ ਹੋਰ ਉਤਸ਼ਾਹ ਦੇਣ ਲਈ ਸਿੱਖਸ ਫਾਰ ਜਸਟਿਸ ਗਰੁੱਪ ਨੇ ਸਿੱਖ ਨੌਜਵਾਨਾਂ ਅਤੇ ਪੰਜਾਬ ਪੁਲਸ ਦੇ ਅਫਸਰਾਂ ਸਣੇ ਮੁਲਾਜ਼ਮਾਂ ਨੂੰ ਸਪਾਂਸਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਇਸ ਮਾਮਲੇ 'ਚ 'ਸਿੱਖਸ ਫਾਰ ਜਸਟਿਸ ਗਰੁੱਪ' ਦੇ ਲੀਗਲ ਐਡਵਾਈਜ਼ਰ ਅਤੇ ਮੀਡੀਆ 'ਚ ਸੁਰਖੀਆਂ ਬਟੋਰਨ ਵਾਲੇ ਗੁਰਪਤਵੰਤ ਸਿੰਘ ਨੇ ਟਵਿਟਰ 'ਤੇ ਪੋਸਟ ਪਾ ਕੇ ਪੰਜਾਬ ਪੁਲਸ ਦੇ ਜਵਾਨਾਂ ਨੂੰ 6 ਜੂਨ ਨੂੰ ਹੋਣ ਵਾਲੀ ਇਸ ਰੈਲੀ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇਸ ਸਬੰਧ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਪ੍ਰੈੱਸ ਨੋਟ ਤੱਕ ਜਾਰੀ ਕਰ ਦਿੱਤਾ ਹੈ ਜੋ ਕਿ ਵਾਇਰਲ ਹੋ ਰਿਹਾ ਹੈ।
ਅਸਲ 'ਚ 6 ਜੂਨ ਨੂੰ ਵਾਸ਼ਿੰਗਟਨ ਡੀ. ਸੀ. 'ਚ 6 ਜੂਨ 1984 ਨੂੰ ਹੋਏ ਕਤਲੇਆਮ ਦੌਰਾਨ ਖਾਲਿਸਤਾਨ ਦੀ ਲਹਿਰ ਨੂੰ ਦੁਬਾਰਾ ਉਤਸ਼ਾਹ ਦੇਣ ਲਈ ਸਿੱਖਸ ਫਾਰ ਜਸਟਿਸ ਗਰੁੱਪ ਇਹ ਰੈਲੀ ਕਰ ਰਿਹਾ ਹੈ ਕਿਉਂਕਿ ਇਸ ਗਰੁੱਪ ਵੱਲੋਂ ਖਾਲਿਸਤਾਨ ਦੀ ਦੁਬਾਰਾ ਕੀਤੀ ਜਾ ਰਹੀ ਮੰਗ ਪੰਜਾਬ ਸਰਕਾਰ ਵੱਲੋਂ ਖਤਰਾ ਮੰਨੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸਰਕਾਰ ਵੱਲੋਂ ਇਸ ਗਰੁੱਪ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਇੰਟਰਪੋਲ ਦੇ ਜ਼ਰੀਏ ਅਰੈਸਟ ਵਾਰੰਟ ਇਸ਼ੂ ਕਰਵਾ ਕੇ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਗਈ ਸੀ। ਭਾਵੇਂ ਇਸ ਸਬੰਧ 'ਚ ਗੁਰਪਤਵੰਤ ਸਿੰਘ ਪੰਨੂ ਨੂੰ ਕਲੀਨ ਚਿੱਟ ਮਿਲ ਗਈ ਸੀ ਜਿਸ 'ਤੇ ਬਾਅਦ 'ਚ ਕਾਫੀ ਕੰਟਰੋਵਰਸੀ ਵੀ ਹੋਈ ਸੀ। ਬਹਿਰਹਾਲ ਸੋਸ਼ਲ ਮੀਡੀਆ 'ਤੇ 6 ਜੂਨ ਨੂੰ ਹੋਣ ਵਾਲੀ ਰੈਲੀ 'ਚ ਪੰਜਾਬ ਪੁਲਸ ਦੇ ਜਵਾਨਾਂ ਨੂੰ ਸੱਦਾ ਦੇ ਕੇ ਗਰੁੱਪ ਵੱਲੋਂ ਦੁਬਾਰਾ ਪ੍ਰਾਪੇਗੰਡਾ ਤਿਆਰ ਕੀਤਾ ਗਿਆ ਹੈ।
ਇਸ ਸਬੰਧ 'ਚ ਗੁਰਪਤਵੰਤ ਸਿੰਘ ਨੇ ਆਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ ਵਿਚ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਇਸ ਰੈਲੀ 'ਚ ਕਾਫੀ ਫੌਜ ਦੇ ਜਵਾਨ ਤੇ ਪੰਜਾਬ ਪੁਲਸ ਦੇ ਕੁਝ ਵਾਲੰਟੀਅਰ ਅੱਗੇ ਆਏ ਹਨ। ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਫ੍ਰੀ ਸਪਾਂਸਰਸ਼ਿਪ ਦਿੱਤੀ ਜਾਵੇਗੀ ਕਿਉਂਕਿ ਗਰੁੱਪ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਸੰਨ 1984 ਵਿਚ ਜੋ ਮੁਲਾਜ਼ਮਾਂ ਦੇ ਪਰਿਵਾਰ ਸਿੱਖ ਕਤਲੇਆਮ ਤੋਂ ਦੁਖੀ ਸਨ ਉਨ੍ਹਾਂ ਦੇ ਪਰਿਵਾਰਾਂ ਦੇ ਜਿੰਨੇ ਵੀ ਮੈਂਬਰ ਪੰਜਾਬ ਪੁਲਸ ਵਿਚ ਸ਼ਾਮਲ ਹਨ, ਉਹ ਵੀ ਰੈਲੀ ਵਿਚ ਸ਼ਾਮਲ ਹੋਣ। ਇਸ ਲਈ ਗਰੁੱਪ ਵੱਲੋਂ ਫ੍ਰੀ ਸਪਾਂਸਰਸ਼ਿਪ ਦਿੱਤੀ ਜਾ ਰਹੀ ਹੈ। ਉਥੇ ਪ੍ਰੈੱਸ ਨੋਟ 'ਚ ਇਹ ਵੀ ਲਿਖਿਆ ਹੈ ਕਿ ਸਿਰਫ ਫੌਜ ਵਿਚ ਤਾਇਨਾਤ ਸਿੱਖ ਜਵਾਨ ਤੇ ਪੰਜਾਬ ਪੁਲਸ ਦੇ ਅਫਸਰ ਅਤੇ ਮੁਲਾਜ਼ਮ ਆ ਸਕਦੇ ਹਨ । ਕਿਸੇ ਹੋਰ ਏਜੰਸੀ ਜਿਵੇਂ ਰਾਅ, ਐੱਨ. ਆਈ. ਏ., ਆਈ. ਬੀ., ਸੀ. ਬੀ. ਆਈ. ਆਦਿ ਦੇ ਲੋਕ ਇਸ ਵਿਚ ਸ਼ਾਮਲ ਨਹੀਂ ਹੋ ਸਕਦੇ।
ਗਰੁੱਪ ਵੱਲੋਂ ਕਿਸੇ ਵੀ ਮੁਲਾਜ਼ਮ ਨੂੰ ਸਪਾਂਸਰਸ਼ਿਪ ਭੇਜਣ ਤੋਂ ਬਾਅਦ ਉਸ ਦੀ ਬਾਕਾਇਦਾ ਤੌਰ 'ਤੇ ਪ੍ਰੋਫਾਈਲ ਚੈੱਕ ਕੀਤੀ ਜਾਵੇਗੀ ਕਿ ਕਿਤੇ ਖੁਦ ਨੂੰ ਪੰਜਾਬ ਪੁਲਸ ਦਾ ਮੁਲਾਜ਼ਮ ਦੱਸ ਕੇ ਕਿਤੇ ਕੋਈ ਬੋਗਸ ਫਾਈਲ ਤਾਂ ਨਹੀਂ ਲਗਾ ਰਿਹਾ। ਜਿਸ ਨੂੰ ਲੈ ਕੇ ਇਮੀਗ੍ਰੇਸ਼ਨ ਪੱਖੋਂ ਕਾਫੀ ਗੰਭੀਰਤਾ ਨਾਲ ਇਮੀਗ੍ਰੇਸ਼ਨ ਪ੍ਰੋਸੈੱਸ ਨੂੰ ਫਾਲੋ ਕੀਤਾ ਜਾਵੇਗਾ।
ਅੱਤਵਾਦੀਆਂ ਦੀ ਸੂਚੀ ਕੈਨੇਡਾ ਸਰਕਾਰ ਨੂੰ ਸੌਂਪ ਚੁੱਕੇ ਹਨ ਕੈਪਟਨ
ਰੈਫਰੈਂਡਮ 2020 ਮੁਹਿੰਮ ਦੀ ਅਗਵਾਈ ਕਰਨ ਲਈ ਨਿਯੁਕਤ ਲੋੜੀਂਦੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਸਬੰਧ ਵਿਚ ਮੀਡੀਆ ਦੀ ਰਿਪੋਰਟ 'ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਸਰਕਾਰ ਲਗਾਤਾਰ ਕੱਟੜਪੰਥੀਆਂ ਦੀ ਮਦਦ ਕਰ ਰਹੀ ਹੈ ਜੋ ਚੰਗੀ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਫਰਵਰੀ 2018 ਵਿਚ ਭਾਰਤ ਆਉਣ 'ਤੇ ਅੰਮ੍ਰਿਤਸਰ ਵਿਚ ਹੋਈ ਮੁਲਾਕਾਤ ਦੌਰਾਨ ਵੀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਗੌੜੇ ਅੱਤਵਾਦੀਆਂ ਦੀ ਸੂਚੀ ਸੌਂਪੀ ਸੀ, ਜਿਸ 'ਚ ਹਰਦੀਪ ਸਿੰਘ ਦਾ ਨਾਂ ਵੀ ਹੈ।
ਇੰਝ ਹੋਈ ਸ਼ੁਰੂਆਤ ਰੈਫਰੈਂਡਮ 2020 ਦੀ
ਸਰਕਾਰੀ ਅੰਕੜਿਆਂ ਮੁਤਾਬਕ ਪੁਲਸ ਵੱਖ-ਵੱਖ ਹਿੱਸਿਆਂ 'ਚ ਅੱਤਵਾਦੀਆਂ ਨਾਲ ਜੁੜੇ 20 ਮਾਡਿਊਲਜ਼ ਨੂੰ ਬੇਨਕਾਬ ਕਰ ਚੁੱਕੀ ਹੈ। ਇਨ੍ਹਾਂ 'ਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਨੂੰ ਲੈ ਕੇ 13 ਜੂਨ 2014 ਨੂੰ ਨਿਊਯਾਰਕ ਸਮਰਥਿਤ ਸਿੱਖਸ ਫਾਰ ਜਸਟਿਸ ਨੇ ਰੈਫਰੈਂਡਮ 2020 ਮੁਹਿੰਮ ਦੇ ਸਮਰਥਨ 'ਚ ਪਹਿਲੀ ਰੈਲੀ ਕੀਤੀ ਸੀ। ਉਸ ਤੋਂ ਬਾਅਦ 6 ਜੂਨ 2015 ਨੂੰ ਆਪ੍ਰੇਸ਼ਨ ਬਲਿਊ ਸਟਾਰ ਦੀ ਵਰ੍ਹੇਗੰਢ ਮੌਕੇ ਪਹਿਲੀ ਵਾਰ ਗੋਲਡਨ ਟੈਂਪਲ 'ਚ ਦੇਸ਼ ਵਿਰੋਧੀ ਅਨਸਰਾਂ ਨੇ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇ ਲਾਏ ਸਨ।
ਪੰਜਾਬ ਵਿਚ ਵਾਰਦਾਤਾਂ 'ਤੇ ਪੋਸਟਰ
27 ਜੁਲਾਈ 2015 ਨੂੰ ਅੱਤਵਾਦੀਆਂ ਨੇ ਗੁਰਦਾਸਪੁਰ 'ਚ ਇਕ ਪੁਲਸ ਸਟੇਸ਼ਨ 'ਤੇ ਹਮਲਾ ਕੀਤਾ, ਜਿਸ ਵਿਚ ਗੁਰਦਾਸਪੁਰ ਦੇ ਐੈੱਸ. ਪੀ. ਸਣੇ 7 ਲੋਕਾਂ ਦੀ ਮੌਤ ਹੋ ਗਈ। 2 ਜਨਵਰੀ 2016 ਨੂੰ ਅੱਤਵਾਦੀਆਂ ਨੇ ਪਠਾਨਕੋਟ ਏਅਰਬੇਸ 'ਤੇ ਹਮਲਾ ਕੀਤਾ। ਇਸ ਹਮਲੇ 'ਚ 7 ਜਵਾਨ ਸ਼ਹੀਦ ਹੋ ਗਏ ਤੇ 6 ਅੱਤਵਾਦੀ ਮਾਰੇ ਗਏ। 2016 ਵਿਚ ਪੰਜਾਬ ਦੇ ਮੋਹਾਲੀ, ਸੰਗਰੂਰ, ਫਤਿਹਗੜ੍ਹ ਸਾਹਿਬ, ਬਰਨਾਲਾ, ਗੁਰਦਾਸਪੁਰ, ਪਟਿਆਲਾ, ਮੋਗਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਤਰਨਤਾਰਨ ਵਿਚ ਖਾਲਿਸਤਾਨ ਅਤੇ ਰੈਫਰੈਂਡਮ 2020 ਦੇ ਸਮਰਥਨ ਵਿਚ ਪੋਸਟਰ ਲਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਹਨ ਮਾਮਲੇ
ਅਗਸਤ 2018 ਨੂੰ ਸਿੱਖਸ ਫਾਰ ਜਸਟਿਸ ਨੇ ਲੰਦਨ ਦੇ ਟ੍ਰੈਫਲਗਰ ਸਕਵਾਇਰ ਵਿਚ ਰੈਫਰੈਂਡਮ 2020 ਨੂੰ ਕਾਮਯਾਬ ਬਣਾਉਣ ਲਈ ਰੈਲੀ ਕੀਤੀ। 15 ਸਤੰਬਰ 2018 ਨੂੰ ਪੰਜਾਬ ਦੇ ਜਲੰਧਰ ਜ਼ਿਲੇ ਦੇ ਮਕਸੂਦਾਂ ਥਾਣੇ 'ਚ 4 ਧਮਾਕੇ ਹੋਏ ਸਨ। 10 ਅਕਤੂਬਰ 2018 ਨੂੰ ਪੰਜਾਬ ਪੁਲਸ ਦੇ ਜੁਆਇੰਟ ਆਪਰੇਸ਼ਨ ਵਿਚ ਜਲੰਧਰ ਦੇ ਇਕ ਇੰਜੀਨੀਅਰਿੰਗ ਕਾਲਜ ਵਿਚੋਂ ਤਿੰਨ ਕਸ਼ਮੀਰੀ ਵਿਦਿਆਰਥੀ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਕੋਲੋਂ ਏ. ਕੇ. 56 ਤੇ ਭਾਰੀ ਮਾਤਰਾ ਵਿਚ ਕਾਰਤੂਸ ਬਰਾਮਦ ਹੋਏ ਸਨ।
ਕੋਰੀਡੋਰ ਨੂੰ ਮਕਸਦ ਦਾ ਪੁਲ ਦੱਸਦੇ ਹਨ ਖਾਲਿਸਤਾਨੀ ਸਮਰਥਕ
ਸਿੱਖਸ ਫਾਰ ਜਸਟਿਸ ਤੇ ਐੱਸ. ਜੇ. ਐੈੱਫ. ਨੇ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਨੂੰ ਖਾਲਿਸਤਾਨ ਲਈ ਪੁਲ ਦੱਸਿਆ ਹੈ। ਇਹ ਹੀ ਨਹੀਂ, ਕਰਤਾਰਪੁਰ ਕੋਰੀਡੋਰ ਉਦਘਾਟਨ ਸਮਾਰੋਹ 'ਚ ਖਾਲਿਸਤਾਨ ਜਨਮਤ ਦੇ ਨਾਲ ਗੋਪਾਲ ਚਾਵਲਾ ਵੱਲੋਂ ਵਧਾਈ ਨਾਲ ਸਬੰਧਤ ਪੋਸਟਰ ਵੀ ਲੱਗੇ ਸਨ। ਮਸ਼ਹੂਰ ਖਾਲਿਸਤਾਨ ਸਮਰਥਕ ਚਾਵਲਾ ਨੂੰ ਹਾਫਿਜ਼ ਸਈਦ ਤੇ ਆਈ. ਐੱਸ. ਆਈ. ਦਾ ਕਰੀਬੀ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਦਿਵਸ ਮੌਕੇ ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਸੰਮੇਲਨ-2019 ਆਯੋਜਿਤ ਕਰਨ ਦੀ ਯੋਜਨਾ ਬਣਾ ਚੁੱਕਾ ਹੈ। ਇਸ ਗੱਲ 'ਤੇ ਡੂੰਘੀ ਚਿੰਤਾ ਕਰਨ ਦੀ ਲੋੜ ਹੈ ਨਹੀਂ ਤਾਂ ਪੰਜਾਬ ਫਿਰ ਤੋਂ ਅੱਤਵਾਦ ਦੀ ਲਪੇਟ 'ਚ ਆ ਸਕਦਾ ਹੈ।