ਪੰਜਾਬ ''ਚ ਹੱਡ ਚੀਰਵੀਂ ਠੰਡ ਨੂੰ ਲੈ ਕੇ Red Alert ਜਾਰੀ, ਵਧੀ Ground Frost ਦੀ ਚਿਤਾਵਨੀ

01/14/2024 5:00:28 PM

ਜਲੰਧਰ (ਪੁਨੀਤ) - ਸੀਤ ਲਹਿਰ ਦੀ ਤੀਬਰਤਾ ਵਧਦੀ ਜਾ ਰਹੀ ਹੈ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਹੱਡ ਜਮਾਉਣ ਵਾਲੀ ਠੰਡ ਵਿਚਾਲੇ ਧੁੰਦ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਵਿਜ਼ੀਬਿਲਟੀ 10 ਮੀਟਰ ਤੱਕ ਰਹਿ ਗਈ ਹੈ। ਇਸ ਦੌਰਾਨ ਅਗਲੇ 2-3 ਦਿਨਾਂ ਤੱਕ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਹਾਈਵੇਅ ’ਤੇ ਸਾਵਧਾਨੀ ਨਾਲ ਗੱਡੀ ਚਲਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮਹਾਨਗਰ ’ਚ ਧੁੰਦ ਤੋਂ ਰਾਹਤ ਦਾ ਸਿਲਸਿਲਾ ਟੁੱਟ ਗਿਆ ਹੈ ਅਤੇ ਸ਼ਨੀਵਾਰ ਰਾਤ ਨੂੰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਾਹਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਟਰੀਟ ਲਾਈਟਾਂ ਅਤੇ ਵਾਹਨਾਂ ਦੀਆਂ ਲਾਈਟਾਂ ਨੂੰ ਚਾਲੂ ਕਰਨ ਦੇ ਬਾਵਜੂਦ 10 ਮੀਟਰ ਤੋਂ ਅੱਗੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ।

ਇਸ ਦੇ ਨਾਲ ਹੀ ਪਹਾੜਾਂ ’ਤੇ ਬਰਫ਼ਬਾਰੀ ਕਾਰਨ ਉੱਤਰੀ ਭਾਰਤ ’ਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ, ਜਿਸ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸੇ ਦੌਰਾਨ ਬੀਤੇ ਦਿਨ ਹੋਈ ਤਾਜ਼ਾ ਬਰਫ਼ਬਾਰੀ ਨੇ ਠੰਡ ’ਚ ਹੋਰ ਵਾਧਾ ਕਰ ਦਿੱਤਾ ਹੈ। ਇਸ ਕਾਰਨ ਸ਼ਨੀਵਾਰ ਧੁੱਪ ਨਿਕਲਣ ਦੇ ਬਾਵਜੂਦ ਠੰਡ ਤੋਂ ਕੋਈ ਵੱਡੀ ਰਾਹਤ ਨਹੀਂ ਮਿਲੀ ਅਤੇ ਠੰਡ ਕਾਰਨ ਲੋਕ ਘਰਾਂ ’ਚ ਲੁਕਣ ਲਈ ਮਜਬੂਰ ਹੋ ਗਏ। ਤਿਉਹਾਰ ਦੇ ਬਾਵਜੂਦ ਬਾਜ਼ਾਰਾਂ ’ਚ ਰੌਣਕ ਘੱਟ ਰਹੀ। ਦੁਪਹਿਰ ਸਮੇਂ ਸ਼ਹਿਰ ਦੇ ਮੁੱਖ ਬਾਜ਼ਾਰ ਸੁੰਨਸਾਨ ਵੇਖੇ ਗਏ।  ਉੱਥੇ ਹੀ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਪੰਜਾਬ ਸਮੇਤ ਗੁਆਂਢੀ ਰਾਜਾਂ ’ਚ ਰੈੱਡ ਅਲਰਟ ਐਲਾਨ ਦਿੱਤਾ ਗਿਆ ਹੈ। ਇਸ ਕੜਾਕੇ ਦੀ ਠੰਡ ’ਚ ਵਿਭਾਗ ਵੱਲੋਂ ਜਾਰੀ ਗਰਾਊਂਡ ਫ੍ਰਾਸਟ (ਪਾਣੀ ਦੇ ਜੰਮਣ) ਦੀ ਚਿਤਾਵਨੀ ਅੱਗੇ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਲੋਹੜੀ ਵਾਲੇ ਦਿਨ ਜਲੰਧਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਵਿਭਾਗ ਦਾ ਕਹਿਣਾ ਹੈ ਕਿ ਅਗਲੇ 2-3 ਦਿਨਾਂ ਤੱਕ ਪੰਜਾਬ ’ਚ ਸੰਘਣੀ ਧੁੰਦ ਛਾਈ ਰਹੇਗੀ ਅਤੇ ਟਰਾਂਸਪੋਰਟ ਸੇਵਾਵਾਂ ’ਤੇ ਭਾਰੀ ਅਸਰ ਪਵੇਗਾ। ਇਸ ਤੋਂ ਬਚਣ ਲਈ ਵਾਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤਾਪਮਾਨ 2 ਡਿਗਰੀ ਤੱਕ ਪਹੁੰਚ ਗਿਆ ਹੈ, ਜਦਕਿ ਜ਼ਮੀਨੀ ਤਾਪਮਾਨ 0 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੋਰਨਾਂ ਜ਼ਿਲ੍ਹਿਆਂ ’ਚ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ ਹੈ, ਜੋਕਿ ਕੜਾਕੇ ਦੀ ਠੰਡ ਦਾ ਸੰਕੇਤ ਹੈ।

ਆਉਣ ਵਾਲੇ ਦਿਨਾਂ ’ਚ ਵਧੇਗਾ ਸਰਦੀ ਦਾ ਕਹਿਰ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਸਰਦੀ ਕੁਝ ਹਫ਼ਤਿਆਂ ਦੀ ਦੇਰੀ ਨਾਲ ਆਈ ਹੈ। ਇਸ ਕਾਰਨ ਠੰਡ ਦਾ ਅਸਰ ਦੇਰ ਨਾਲ ਵੇਖਣ ਨੂੰ ਮਿਲਿਆ। ਇਹੀ ਕਾਰਨ ਹੈ ਕਿ ਲੋਹੜੀ ਦਾ ਤਿਉਹਾਰ ਆਉਣ ਦੇ ਬਾਵਜੂਦ ਠੰਡ ਤੋਂ ਰਾਹਤ ਨਹੀਂ ਮਿਲ ਰਹੀ। ਮੌਜੂਦਾ ਮੌਸਮ ਦੇ ਹਿਸਾਬ ਨਾਲ ਆਉਣ ਵਾਲੇ ਦਿਨਾਂ ’ਚ ਠੰਡ ਦਾ ਕਹਿਰ ਹੋਰ ਵਧਣ ਦੀ ਸੰਭਾਵਨਾ ਹੈ। ਆਮ ਤੌਰ 'ਤੇ ਲੋਹੜੀ ਦੇ ਦਿਨਾਂ ’ਚ ਕੜਾਕੇ ਦੀ ਠੰਡ ਤੋਂ ਰਾਹਤ ਮਿਲ ਜਾਂਦੀ ਹੈ। ਜਨਵਰੀ ਦਾ ਅੱਧਾ ਮਹੀਨਾ ਲਗਭਗ ਖ਼ਤਮ ਹੋ ਚੁੱਕਾ ਹੈ ਪਰ ਠੰਡ ਵਧਦੀ ਜਾ ਰਹੀ ਹੈ। ਹਾਲ ਹੀ ’ਚ ਕੁਫ਼ਰੀ ’ਚ ਹੋਈ ਬਰਫ਼ਬਾਰੀ ਤੋਂ ਬਾਅਦ ਪੰਜਾਬ ’ਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਸੀ ਤੇ ਇਹ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਤੋਂ ਪਹਿਲਾਂ ਜ਼ਿਊਂਦਾ ਹੋਇਆ 80 ਸਾਲਾ ਬਜ਼ੁਰਗ, ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ

ਠੰਡ ਕਾਰਨ ਲੋਹੜੀ ਦੇ ਤਿਉਹਾਰ ਦਾ ਆਨੰਦ ਵਧਿਆ
ਅੱਤ ਦੀ ਠੰਡ ’ਚ ਆਏ ਲੋਹੜੀ ਦੇ ਤਿਉਹਾਰ ਨੇ ਅੱਗ ਬਾਲ ਕੇ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਲੋਕ ਅੱਗ ਦੇ ਆਲੇ-ਦੁਆਲੇ ਬੈਠੇ ਦੇਖੇ ਗਏ। ਆਮ ਤੌਰ ’ਤੇ ਲੋਹੜੀ ਦੇ ਤਿਉਹਾਰ ਦਾ ਰੁਝਾਨ ਸ਼ਾਮ ਤੋਂ ਬਾਅਦ ਵੱਧ ਜਾਂਦਾ ਹੈ ਪਰ ਕੜਾਕੇ ਦੀ ਠੰਡ ਕਾਰਨ ਲੋਕਾਂ ਨੇ ਦੁਪਹਿਰ ਵੇਲੇ ਹੀ ਲੋਹੜੀ ਬਾਲੀ ਅਤੇ ਅੱਗ ਦੇ ਆਲੇ-ਦੁਆਲੇ ਬੈਠ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਤੇਜ਼ਧਾਰ ਹਥਿਆਰ ਨਾਲ ਗਾਂ ਦੀਆਂ ਵੱਢ 'ਤੀਆਂ ਲੱਤਾਂ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri