ਤਰਾਸਦੀ : ਜੇਲ੍ਹ ’ਚੋਂ ਮੋਬਾਇਲ ਫੋਨ ਦੀ ਬਰਾਮਦਗੀ ਹੋਣ ਨਾਲ ਆਪਣੀ ਪਿੱਠ ਥਪਥਪਾਉਂਦੈ ਜੇਲ੍ਹ ਪ੍ਰਸ਼ਾਸਨ

08/09/2023 4:06:11 PM

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀਆਂ ਤੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਲਗਾਤਾਰ ਬਰਾਮਦਗੀ ਹੋਣਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦੂਜੇ ਪਾਸੇ ਤਰਾਸਦੀ ਇਹ ਹੈ ਕਿ ਜੇਲ੍ਹ ਪ੍ਰਸ਼ਾਸਨ ਇਸ ਆਡੀਓ ਸਮੱਗਰੀ ਦੇ ਜੇਲ ਅੰਦਰ ਦਾਖ਼ਲ ਹੋਣ ਦੇ ਰੂਟਾਂ ਦੀ ਨਿਸ਼ਾਨਦੇਹੀ ਕਰਨ ਲਈ ਆਪਣੀ ਪਿੱਠ ਥਾਪੜ ਰਿਹਾ ਹੈ। ਪਿਛਲੇ ਕੁਝ ਦਿਨਾਂ ਦੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਜੇਲ੍ਹ ’ਚ ਬੰਦ ਕੈਦੀਆਂ ਤੋਂ ਮੋਬਾਇਲ ਫੋਨ ਬਰਾਮਦ ਹੋਣ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਰ ਰਾਤ ਜੇਲ੍ਹ ’ਚ ਕੀਤੀ ਅਚਨਚੇਤ ਚੈਕਿੰਗ ਦੌਰਾਨ ਪੰਜ ਹਵਾਲਾਤੀਆਂ ਦੇ ਕਬਜ਼ੇ ਵਿੱਚੋਂ 1-1 ਮੋਬਾਇਲ ਫੋਨ ਬਰਾਮਦ ਹੋਏ। ਇਨ੍ਹਾਂ ਕੈਦੀਆਂ ਵਿਚ ਦਿਲਦਾਰ ਸਿੰਘ, ਵਿਨੋਦ ਸਹੋਤਾ, ਮੰਗਲ ਸਿੰਘ, ਮਾਈਕਲ ਭੱਟੀ ਅਤੇ ਬਲਦੇਵ ਸਿੰਘ ਸ਼ਾਮਲ ਹਨ। ਫਿਲਹਾਲ ਵਧੀਕ ਜੇਲ ਸੁਪਰਡੈਂਟ ਹਰਦੀਪ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਲਈ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਪ੍ਰਸ਼ਾਸਨ ਦਾ ਢਿੱਲਾ ਰਵੱਈਆ ਜੇਲ੍ਹ ’ਚ ਬੈਠੇ ਕੈਦੀਆਂ ਨੂੰ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਉਣ ਦੇ ਮੌਕੇ ਦੇ ਰਿਹਾ ਹੈ। ਕਈ ਵਾਰ ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਅੰਦਰ ਬੈਠੇ ਗੈਂਗਸਟਰ ਅਤੇ ਸਮੱਗਲਰ ਬਾਹਰੋਂ ਆਪਣੇ ਸਾਥੀਆਂ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜੇਕਰ ਸਮੇਂ ਸਿਰ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਜੇਲਾਂ ’ਚੋਂ ਚੱਲ ਰਹੀ ਜੁਰਮ ਦੀ ਦੁਨੀਆ ਸਮਾਜ ਲਈ ਘਾਤਕ ਬਣ ਜਾਵੇਗੀ।

ਇਹ ਵੀ ਪੜ੍ਹੋ : ਆਸਟ੍ਰੇਲੀਆ ਦਾ ਵਰਕ ਵੀਜ਼ਾ ਲਵਾਉਣ ਵਾਲੇ ਚਾਹਵਾਨ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ

ਜੇਲ੍ਹ ’ਚ ਬੰਦ ਕੈਦੀਆਂ ਤੋਂ ਮੋਬਾਇਲ ਫ਼ੋਨ ਅਤੇ ਨਸ਼ੀਲੇ ਪਦਾਰਥ ਦਾ ਲਗਾਤਾਰ ਮਿਲਣਾ ਚਿੰਤਾ ਦਾ ਵਿਸ਼ਾ
ਕੇਂਦਰੀ ਜੇਲ੍ਹ ਵਿਚ ਹੀ ਟਾਰਗੈੱਟ ਕਿਲਿੰਗ, ਫਿਰੌਤੀ ਅਤੇ ਅੱਤਵਾਦੀ ਗਤੀਵਿਧੀਆਂ ਵਰਗੇ ਗੰਭੀਰ ਅਪਰਾਧ ਕੀਤੇ ਜਾਂਦੇ ਹਨ। ਕਈ ਵਾਰ ਇਸ ਦੇ ਖੁਲਾਸੇ ਵੀ ਹੋ ਚੁੱਕੇ ਹਨ। ਇਸ ਦੇ ਬਾਵਜੂਦ ਲਗਾਤਾਰ ਬਰਾਮਦ ਕੀਤੇ ਜਾ ਰਹੇ ਮੋਬਾਇਲ ਪੰਜਾਬ ਸਰਕਾਰ ਅਤੇ ਜੇਲ ਪ੍ਰਸ਼ਾਸਨ ਦੀ ਗੈਰ-ਸੰਜੀਦਗੀ ਵੱਲ ਇਸ਼ਾਰਾ ਕਰ ਰਹੇ ਹਨ। ਪੁਲਸ ਨੂੰ ਕਈ ਵਾਰ ਇਸ ਗੱਲ ਦੇ ਸਬੂਤ ਵੀ ਮਿਲੇ ਹਨ ਕਿ ਬਾਹਰੋਂ ਮੰਗੀ ਗਈ ਫਿਰੌਤੀ ਅਤੇ ਗੈਂਗਸਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਜੇਲ੍ਹ ਨਾਲ ਜੁੜੀਆਂ ਹੋਈਆਂ ਹਨ। ਇਸ ਦਾ ਇੱਕੋ ਇੱਕ ਰਸਤਾ ਹੈ ਮੋਬਾਇਲ ਫ਼ੋਨ, ਜੋ 
ਜੇਲ੍ਹ ’ਚੋਂ ਚੱਲ ਰਹੀ ਜੁਰਮ ਦੀ ਦੁਨੀਆ ਨੂੰ ਕੱਟਣਾ ਹੈ ਤਾਂ ਮੋਬਾਇਲ ਫ਼ੋਨ ਕੱਟਣਾ ਹੀ ਇਸ ਦਾ ਇੱਕੋ ਇੱਕ ਵਿਕਲਪ ਹੋਵੇਗਾ। ਪੰਜਾਬ ਦੀ ਹਰ ਸਰਕਾਰ ਜੇਲ੍ਹ ’ਚੋਂ ਹੋਣ ਵਾਲੇ ਅਪਰਾਧ ’ਤੇ ਕਾਬੂ ਪਾਉਣ ਦਾ ਦਾਅਵਾ ਕਰਦੀ ਹੈ ਪਰ ਅੱਜ ਤੱਕ ਇਸ ’ਤੇ ਕਾਬੂ ਕਿਉਂ ਨਹੀਂ ਪਾਇਆ ਗਿਆ, ਇਹ ਪੰਜਾਬ ਸਰਕਾਰ ਅਤੇ ਜੇਲ ਪ੍ਰਸ਼ਾਸਨ ਦੀ ਮਾੜੀ ਨੀਅਤ ਵੱਲ ਇਸ਼ਾਰਾ ਕਰਦਾ ਵੱਡਾ ਸਵਾਲ ਹੈ। ਜੇਲ ਦੇ ਅੰਦਰ ਬੰਦ ਹਵਾਲਾਤੀਆਂ ਤੋਂ ਲਗਾਤਾਰ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਮਿਲਣਾ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦਾ ਰਹੇਗਾ ਮੌਸਮ 

ਜੇਲ੍ਹਾਂ ’ਚ ਤਿਆਰ ਹੁੰਦੇ ਹਨ ਗੈਂਗਸਟਰ ਅਤੇ ਨਸ਼ਾ ਸਮੱਗਲਰ
ਜੇਲ੍ਹਾਂ ’ਚ ਬੈਠੇ ਖਤਰਨਾਕ ਗੈਂਗਸਟਰ ਅਤੇ ਨਸ਼ਾ ਸਮੱਗਲਰ ਅੰਦਰ ਆਉਣ ਵਾਲੇ ਹਰ ਅਪਰਾਧੀ ’ਤੇ ਨਜ਼ਰ ਰੱਖਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਸ਼ਾਮਲ ਕਰ ਕੇ ਆਪਣੀ ਅਪਰਾਧਿਕ ਦੁਨੀਆ ਵਿਚ ਲੈ ਆਉਂਦੇ ਹਨ। ਜੇਲ੍ਹ ’ਚ ਬੈਠੇ ਆਪਣੇ ਆਕਾਵਾਂ ਦੇ ਕਹਿਣ ’ਤੇ ਕੰਮ ਕਰਦੇ ਹਨ। ਇਸ ’ਤੇ ਠੱਲ੍ਹ ਪਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਜ਼ਮਾਨਤ ’ਤੇ ਰਿਹਾਅ ਹੋਣ ਵਾਲਾ ਅਪਰਾਧੀ ਜੇਲ ਵਿਚ ਆਪਣੇ ਬੌਸ ਨਾਲ ਮੋਬਾਇਲ ਰਾਹੀਂ ਸੰਪਰਕ ਨਾ ਕਰ ਸਕੇ।

ਕੁਝ ਸੁਲਗਦੇ ਸਵਾਲ?
► ਕਿਹੜੇ-ਕਿਹੜੇ ਰਸਤਿਆਂ ਰਾਹੀਂ ਜਾ ਰਿਹਾ ਹੈ ਜੇਲ ਵਿਚ ਗੈਰ-ਕਾਨੂੰਨੀ ਸਾਮਾਨ?
► ਜੇਲ੍ਹਾਂ ’ਚ ਕੌਣ ਲੈ ਕੇ ਜਾ ਰਿਹਾ ਹੈ ਮੋਬਾਇਲ ਅਤੇ ਨਾਜਾਇਜ਼ ਸਾਮਾਨ?
► ਜੇਲ੍ਹ ਪ੍ਰਸ਼ਾਸਨ ਕਾਲੀਆਂ ਭੇਡਾਂ ਦੀ ਪਛਾਣ ਕਿਉਂ ਨਹੀਂ ਕਰ ਰਿਹਾ?
► ਕੀ ਭ੍ਰਿਸ਼ਟਾਚਾਰ ਕਾਰਨ ਇਨ੍ਹਾਂ ਨੂੰ ਰੋਕਿਆ ਨਹੀਂ ਜਾ ਰਿਹਾ?

ਇਹ ਕੁਝ ਭੱਖਦੇ ਸਵਾਲ ਹਨ, ਜੋ ਸਿੱਧੇ ਤੌਰ ’ਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਹੇ ਹਨ। ਜੇਕਰ ਇਨ੍ਹਾਂ ਅਣਸੁਲਝੇ ਸਵਾਲਾਂ ਦੇ ਜਵਾਬ ਸਮੇਂ ਸਿਰ ਨਾ ਮਿਲੇ ਤਾਂ ਜੇਲਾਂ ’ਚ ਬੈਠੇ ਖਤਰਨਾਕ ਅਪਰਾਧੀ ਸਮਾਜ ਨੂੰ ਆਪਣੇ ਜ਼ੋਰ ਨਾਲ ਚਲਾਉਣਗੇ।

ਕਾਲੀਆਂ ਭੇਡਾਂ ਨੂੰ ਫੜਨਾ ਸਮੇਂ ਦੀ ਲੋੜ
ਜੇਲ੍ਹ ’ਚ ਚੱਲ ਰਹੇ ਮੋਬਾਇਲਾਂ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਦੀ ਸਪਲਾਈ ਦੇ ਰੈਕੇਟ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਕਾਲੀਆਂ ਭੇਡਾਂ ਨੂੰ ਫੜਨਾ ਜ਼ਰੂਰੀ ਹੈ, ਜਿਨ੍ਹਾਂ ਦੀ ਮਿਲੀਭੁਗਤ ਨਾਲ ਇਹ ਸਾਮਾਨ ਹਵਾਲਾਤੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਕਈ ਸਾਲਾਂ ਤੋਂ ਲਗਾਤਾਰ ਮੋਬਾਈਲ ਮਿਲਣ ਦੀਆਂ ਘਟਨਾਵਾਂ ਇਹ ਸਾਬਤ ਕਰ ਰਹੀਆਂ ਹਨ ਕਿ ਜੇਲ ਪ੍ਰਸ਼ਾਸਨ ਕਿੰਨਾ ਕਮਜ਼ੋਰ ਅਤੇ ਬੇਵੱਸ ਹੈ ਕਿ ਅੱਜ ਤੱਕ ਉਹ ਉਨ੍ਹਾਂ ਲੋਕਾਂ ਨੂੰ ਫੜ ਨਹੀਂ ਸਕਿਆ, ਜੋ ਜੇਲ੍ਹ ਵਿਚ ਬੈਠ ਕੇ ਇਸ ਧੰਦੇ ਨੂੰ ਚਲਾ ਰਹੇ ਹਨ।

ਇਹ ਵੀ ਪੜ੍ਹੋ : ਹੜ੍ਹ ਪ੍ਰਭਾਵਿਤ ਖੇਤਰ 'ਚ ਵਿਭਾਗ ਦੀ ਵੱਡੀ ਪਹਿਲਕਦਮੀ, ਮੁੜ ਲੀਹ 'ਤੇ ਪਰਤਣ ਲੱਗੀ ਕਿਸਾਨੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

Anuradha

This news is Content Editor Anuradha