ਭਾਖਡ਼ਾ ਨਹਿਰ ’ਚ ਰੁਡ਼੍ਹੇ ਅਧਿਆਪਕ ਦੀ ਲਾਸ਼ ਬਰਾਮਦ

07/16/2018 12:54:20 AM

ਨੂਰਪੁਰਬੇਦੀ, (ਭੰਡਾਰੀ)- ਕਸਬਾ ਬੁੰਗਾ ਸਾਹਿਬ ਦੇ ਨੇਡ਼ਿਓਂ ਗੁਜ਼ਰਦੀ ਭਾਖਡ਼ਾ ਨਹਿਰ ’ਚ 5 ਦਿਨ ਪਹਿਲਾਂ ਅਚਾਨਕ ਪੈਰ ਫਿਸਲਣ ’ਤੇ ਰੁਡ਼ੇ ਅਧਿਆਪਕ ਦੀ ਦੇਰ ਸ਼ਾਮ ਲਾਸ਼ ਬਰਾਮਦ ਹੋਈ ਹੈ। 
ਜ਼ਿਕਰਯੋਗ ਹੈ ਕਿ ਨੂਰਪੁਰਬੇਦੀ ਨਿਵਾਸੀ ਅਧਿਆਪਕ ਕੇਤਨ ਸ਼ਰਮਾ (44) ਪੁੱਤਰ ਪੰਡਤ ਵਿਨੋਦ ਕੁਮਾਰ ਸ਼ਰਮਾ, ਜੋ ਸਰਕਾਰੀ ਐਲੀਮੈਂਟਰੀ ਸਕੂਲ ਸਰਥਲੀ (ਨੂਰਪੁਰਬੇਦੀ) ਵਿਖੇ ਅਧਿਆਪਕ ਤੈਨਾਤ ਸੀ ਤੇ ਤਖ਼ਤਗਡ਼੍ਹ ਸਿੱਖਿਆ ਬਲਾਕ ’ਚ ਬਤੌਰ ਕਲੱਸਟਰ ਮਾਸਟਰ ਟ੍ਰੇਨਰ (ਸੀ.ਐੱਮ.ਟੀ.) ਵਜੋਂ ਸੇਵਾ ਨਿਭਾਅ ਰਿਹਾ ਸੀ। ਉਹ ਬੀਤੀ 10 ਜੁਲਾਈ ਨੂੰ ਜਦੋਂ ਨਹਿਰ ’ਚ ਮੱਛੀਆਂ ਨੂੰ ਆਟਾ ਪਾ ਰਿਹਾ ਸੀ ਤਾਂ ਅਚਾਨਕ ਪੈਰ ਫਿਸਲਣ ਕਾਰਨ ਉਹ ਭਾਖਡ਼ਾ ਨਹਿਰ ’ਚ ਰੁਡ਼ ਗਿਆ।  
ਉਦੋਂ ਤੋਂ ਹੀ ਵੱਖ-ਵੱਖ ਸਥਾਨਾਂ ’ਤੇ ਗੋਤਾਖੋਰਾਂ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ ਪਰ ਬੀਤੀ ਦੇਰ ਸ਼ਾਮ 5ਵੇਂ ਦਿਨ ਉਕਤ ਅਧਿਆਪਕ ਦੀ ਲਾਸ਼ ਪਟਿਆਲਾ ਲਾਗਿਓਂ ਗੁਜ਼ਰਦੇ ਇਕ ਸੂਏ ’ਚੋਂ ਬਰਾਮਦ ਹੋਈ। ਉਕਤ ਅਧਿਆਪਕ ਜੋ ਅਪਣੇ ਪਿੱਛੇ 2 ਨੰਨ੍ਹੇ ਬੱਚੇ ਤੇ ਪਤਨੀ ਛੱਡ ਗਿਆ ਹੈ, ਦਾ ਅੱਜ ਗਮਗੀਨ ਮਾਹੌਲ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਰਾਜ ਮੰਤਰੀ ਡਾ. ਰਮੇਸ਼ ਦੱਤ ਸ਼ਰਮਾ, ਪੰਜਾਬ ਭਾਜਪਾ ਦੇ ਸਕੱਤਰ ਵਿਜੇ ਪੁਰੀ ਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਾ. ਜਗਨ ਨਾਥ ਭੰਡਾਰੀ ਨੇ ਨੌਜਵਾਨ ਅਧਿਆਪਕ ਦੀ ਮੌਤ ’ਤੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ।