ਦਰਜੀ ਦੇ ਖਾਤੇ ''ਚੋਂ 20 ਹਜ਼ਾਰ ਦੀ ਨਕਦੀ ਗਾਇਬ, ਆਰ. ਬੀ. ਆਈ. ਮੋੜੇਗਾ!

10/22/2018 11:20:40 AM

ਲੁਧਿਆਣਾ (ਤਰੁਣ) : ਲਗਭਗ 9 ਮਹੀਨੇ ਪਹਿਲਾਂ ਇਕ ਦਰਜੀ ਦੇ ਮੋਬਾਇਲ 'ਤੇ ਮੈਸੇਜ ਆਇਆ ਕਿ ਉਸ ਦੇ ਖਾਤੇ 'ਚੋਂ 20 ਹਜ਼ਾਰ ਦੀ ਨਕਦੀ ਕਢਵਾਈ ਗਈ ਹੈ। ਬੈਂਕ ਖਾਤੇ  'ਚੋਂ ਨਕਦੀ ਕੱਢਣ ਦੇ ਮੈਸੇਜ ਦੇਖ ਮਿਹਨਤ-ਮਜ਼ਦੂਰੀ ਕਰਨ ਵਾਲੇ ਜੋਧੇਵਾਲ ਵਾਸੀ ਦਰਜ਼ੀ ਮੁਸਤਾਕ  ਦੇ ਹੱਥ-ਪੈਰ ਫੁਲ ਗਏ। ਉਹ ਤੁਰੰਤ ਬੈਂਕ ਪੁੱਜਾ। ਉਸ ਨੂੰ ਪਤਾ ਲੱਗਾ ਕਿ ਕੈਂਸਰ ਹਸਪਤਾਲ ਸਥਿਤ ਏ. ਟੀ. ਐੱਮ. ਤੋਂ ਨਕਦੀ ਕਢਵਾਈ ਗਈ ਹੈ, ਜਦੋਂਕਿ ਏ.  ਟੀ. ਐੱਮ. ਕਾਰਡ ਉਸ ਦੇ ਕੋਲ ਸੀ। 

ਪੀੜਤ ਮੁਸਤਾਕ ਦਾ ਕਹਿਣਾ ਹੈ ਕਿ ਜਦ ਕਈ ਚੱਕਰ ਮਾਰਨ ਤੋਂ  ਬਾਅਦ ਵੀ ਪੁਲਸ ਕੋਲ ਉਸ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਸ ਨੇ ਆਰ. ਬੀ. ਆਈ. ਨੂੰ ਵੀ ਇਸ ਦੀ ਸ਼ਿਕਾਇਤ ਭੇਜੀ। ਉਸ  ਨੂੰ 3 ਮਹੀਨੇ ਪਹਿਲਾਂ ਆਰ. ਬੀ. ਆਈ. ਦਾ ਜਵਾਬ ਆਇਆ ਸੀ ਕਿ ਥਾਣੇ 'ਚ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਉਸ ਦੇ ਖਾਤੇ ਵਿਚ ਨਕਦੀ ਜਮ੍ਹਾ ਕਰਵਾ ਦਿੱਤੀ  ਜਾਵੇਗੀ। 

ਇਸ ਤੋਂ ਬਾਅਦ ਉਸ ਵਲੋਂ ਫਿਰ ਸਾਈਬਰ ਸੈੱਲ ਦੇ ਕਈ ਚੱਕਰ ਲਾਉਣ ਦੇ ਲਗਭਗ 9 ਮਹੀਨਿਆਂ ਬਾਅਦ ਥਾਣਾ ਦਰੇਸੀ 'ਚ ਅਣਪਛਾਤੇ ਵਿਅਕਤੀ ਖਿਲਾਫ ਧੋਖਾਦੇਹੀ ਦੇ ਦੋਸ਼ 'ਚ ਕੇਸ ਦਰਜ ਹੋਇਆ ਹੈ ਪਰ ਇਸ ਗੱਲ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਪੀੜਤ ਮੁਸਤਾਕ ਦੇ ਖਾਤੇ 'ਚੋਂ ਪੈਸੇ ਕਿਵੇਂ ਗਾਇਬ ਹੋਏ, ਇਸ ਬਾਰੇ ਜਾਂਚ ਅਧਿਕਾਰੀ ਅਮਰੀਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਕੇਸ  ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸਾਈਬਰ ਸੈੱਲ ਇਸ ਦੀ ਜਾਂਚ ਕਰ ਰਿਹਾ ਹੈ। ਫਿਲਹਾਲ ਥਾਣਾ ਦਰੇਸੀ ਵਿਚ ਕੇਸ ਦਰਜ ਹੋਇਆ ਹੈ।