ਗੁਰੂ ਦੀ ਗੋਲਕ, ਅਕਾਲੀਆਂ ਦਾ ਮੂੰਹ : ਰੰਧਾਵਾ

08/17/2019 1:01:16 PM

ਰਈਆ (ਦਿਨੇਸ਼, ਹਰਜੀਪ੍ਰੀਤ, ਅਠੌਲਾ, ਰਾਕੇਸ਼) : ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਮੌਕੇ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਕਰਵਾਈ ਵਿਸ਼ਾਲ ਸਿਆਸੀ ਕਾਨਫਰੰਸ ਨੇ ਸਭ ਦਾ ਦਿਲ ਮੋਹ ਲਿਆ, ਜਿਸ ਵਿਚ 2 ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਅਤੇ ਗੁਰਜੀਤ ਸਿੰਘ ਔਜਲਾ ਤੇ 2 ਕੈਬਨਿਟ ਮੰਤਰੀਆਂ ਤੋਂ ਇਲਾਵਾ ਪੰਜਾਬ ਭਰ ਤੋਂ ਦਰਜਨ ਦੇ ਕਰੀਬ ਵਿਧਾਇਕਾਂ, ਜ਼ਿਲਾ ਪ੍ਰਧਾਨਾਂ ਅਤੇ ਹੋਰ ਆਗੂਆਂ ਨੇ ਸ਼ਿਰਕਤ ਕੀਤੀ। ਕਾਨਫਰੰਸ ਦੌਰਾਨ ਅਕਾਲੀਆਂ ਨੂੰ ਹਮੇਸ਼ਾ ਆੜੇ ਹੱਥੀਂ ਲੈਣ ਵਾਲੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੂੰ ਭੰਡਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1957 'ਚ ਪਹਿਲੀ ਵਾਰ ਵਿਧਾਇਕ ਹੀ ਕਾਂਗਰਸ ਪਾਰਟੀ ਵੱਲੋਂ ਬਣੇ ਸਨ। ਜਲਿਆਂਵਾਲਾ ਬਾਗ 'ਚ 1650 ਰੌਂਦ ਚਲਾ ਕੇ ਦੇਸ਼ਵਾਸੀਆਂ ਨੂੰ ਸ਼ਹੀਦ ਕਰਨ ਵਾਲੇ ਜਨਰਲ ਡਾਇਰ ਦੀ ਬਿਕਰਮ ਮਜੀਠੀਆ ਦੇ ਦਾਦੇ-ਪੜਦਾਦੇ ਨਾਲ ਸਾਂਝ ਸੀ। ਮਹਾਰਾਜਾ ਦਲੀਪ ਸਿੰਘ ਤੇ ਰਾਣੀ ਜਿੰਦਾਂ ਨੂੰ ਗ੍ਰਿਫਤਾਰ ਕਰਵਾਉਣ ਦੇ ਇਵਜ਼ 'ਚ ਅੰਗਰੇਜ਼ਾਂ ਵੱਲੋਂ ਸੁੰਦਰ ਸਿੰਘ ਮਜੀਠੀਆ ਨੂੰ ਸਰ ਸੁੰਦਰ ਸਿੰਘ ਤੇ ਰਾਏ ਬਹਾਦਰ ਦੇ ਖਿਤਾਬ ਤੱਕ ਦਿੱਤੇ ਗਏ ਸਨ। ਇਨਾਮ 'ਚ ਜ਼ਮੀਨ ਵੀ ਦਿੱਤੀ ਗਈ ਸੀ।

ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ 'ਚ ਘੱਟ ਗਿਣਤੀਆਂ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ 'ਗੁਰੂ ਦੀ ਗੋਲਕ, ਗਰੀਬ ਦਾ ਮੂੰਹ' ਕਿਹਾ ਜਾਂਦਾ ਸੀ, ਜਿਸ ਤਰ੍ਹਾਂ ਅਕਾਲੀ ਗੁਰਦੁਆਰਿਆਂ ਨੂੰ ਖਾ ਰਹੇ ਹਨ, ਹੁਣ ਤਾਂ 'ਗੁਰੂ ਦੀ ਗੋਲਕ, ਅਕਾਲੀਆਂ ਦਾ ਮੂੰਹ' ਬਣ ਕੇ ਰਹਿ ਗਿਆ ਹੈ। ਫਖਰ-ਏ-ਕੌਮ ਦਾ ਖਿਤਾਬ ਹਾਸਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਗੱਦਾਰ-ਏ-ਕੌਮ ਕਹਿੰਦੇ ਹਾਂ, ਜਿਨ੍ਹਾਂ ਨੇ ਦੇਸ਼-ਵਿਦੇਸ਼ 'ਚ ਸਿੱਖਾਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਉਨ੍ਹਾਂ ਬਾਬਾ ਬਕਾਲਾ ਸਾਹਿਬ ਦੇ ਵਿਕਾਸ ਲਈ 50 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।

ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਸੰਵਿਧਾਨ ਦੀ ਰਾਖੀ ਕਰਨ ਦੀ ਲੋੜ ਹੈ ਕਿਉਂਕਿ ਮੋਦੀ ਸਰਕਾਰ ਨੇ ਈ. ਡੀ., ਸੀ. ਬੀ. ਆਈ. ਆਦਿ ਦਾ ਵੀ ਘਾਣ ਕਰ ਕੇ ਰੱਖ ਦਿੱਤਾ ਹੈ। ਅਕਾਲੀਆਂ ਨੇ ਪੰਜਾਬ 'ਚ ਨਸ਼ਾ ਇੰਨਾ ਕੁ ਫੈਲਾ ਦਿੱਤਾ ਹੈ ਕਿ ਅੱਜ ਜਦੋਂ ਵੀ ਕੋਈ ਕੁੜੀ ਦਾ ਰਿਸ਼ਤਾ ਕਰਨ ਜਾਂਦਾ ਹੈ ਤਾਂ ਮੁੰਡੇ ਦੇ ਕਾਰੋਬਾਰ ਨਾਲੋਂ ਪਹਿਲਾਂ ਇਹ ਪੁੱਛਿਆ ਜਾਂਦਾ ਹੈ ਕਿ ਮੁੰਡਾ ਚਿੱਟਾ ਤਾਂ ਨਹੀਂ ਪੀਂਦਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਬਹੁਤ ਜਲਦ ਇਕ ਇੰਸ਼ੋਰੈਂਸ ਪਾਲਿਸੀ ਲੈ ਕੇ ਆ ਰਹੀ ਹੈ, ਜਿਸ ਤਹਿਤ ਪੰਜਾਬ ਦੇ 400 ਹਸਪਤਾਲਾਂ ਦੇ ਪੈਨਲ ਵੱਲੋਂ 43 ਲੱਖ ਪਰਿਵਾਰ ਕਵਰ ਕੀਤੇ ਜਾਣਗੇ, ਜਿਨ੍ਹਾਂ ਦਾ 1 ਰੁਪਏ ਤੋਂ ਲੈ ਕੇ 5 ਲੱਖ ਤੱਕ ਦਾ ਮੁਫਤ ਇਲਾਜ ਕੀਤਾ ਜਾਵੇਗਾ।

ਇਸ ਦੌਰਾਨ ਵਿਧਾਇਕ ਭਲਾਈਪੁਰ ਦੀ ਵਿਸ਼ੇਸ਼ ਮੰਗ 'ਤੇ ਉਨ੍ਹਾਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਨੂੰ ਅਪਗ੍ਰੇਡ ਕਰ ਕੇ ਉੱਚ ਤਕਨੀਕ ਦੀਆਂ ਐਕਸ-ਰੇ, ਅਲਟਰਾਸਾਊਂਡ ਅਤੇ ਹੋਰ ਮਸ਼ੀਨਾਂ ਭੇਜਣ ਦਾ ਵੀ ਐਲਾਨ ਕੀਤਾ। ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਅਕਾਲੀ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਿਰ ਛੱਡ ਕੇ ਗਏ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਕਰਜ਼ੇ 'ਚੋਂ ਕੱਢਦਿਆਂ 10 ਸਾਲ ਬਾਅਦ ਦੀਆਂ ਸੜਕਾਂ 'ਤੇ ਲੁੱਕ ਪੁਆ ਕੇ ਸੂਬੇ ਦਾ ਵਿਕਾਸ ਸ਼ੁਰੂ ਕੀਤਾ। ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਹਲਕੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਹਲਕੇ ਲਈ ਸਬ-ਹਸਪਤਾਲ, ਟੀਚਰ ਟ੍ਰੇਨਿੰਗ ਸੈਂਟਰ, ਇੰਜੀਨੀਅਰਿੰਗ ਕਾਲਜ ਆਦਿ ਮੰਗਾਂ ਰੱਖੀਆਂ। ਕਾਨਫਰੰਸ ਦੀ ਕਾਮਯਾਬੀ ਲਈ ਉਨ੍ਹਾਂ ਅੱਤ ਦੀ ਗਰਮੀ ਵਿਚ ਲੰਮਾ ਸਮਾਂ ਬੈਠਣ ਲਈ ਵਰਕਰਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।

Baljeet Kaur

This news is Content Editor Baljeet Kaur