ਬਿੱਟੂ ਦੀਆਂ ਵਧੀਆਂ ਮੁਸ਼ਕਲਾਂ, ਰਾਕੇਸ਼ ਪਾਂਡੇ ਨੇ ਖੋਲ੍ਹਿਆ ਮੋਰਚਾ

03/25/2019 4:48:25 PM

ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਹਿਲਾਂ ਕਾਂਗਰਸ ਦੀ ਅੰਦਰਖਾਤੇ ਧੜੇਬਾਜ਼ੀ ਸੀ ਪਰ ਹੁਣ ਕਾਂਗਰਸ ਦੇ ਸੀਨੀਅਰ ਵਿਧਾਇਕ ਰਾਕੇਸ਼ ਪਾਂਡੇ ਨੇ ਖੁੱਲ੍ਹ ਕੇ ਬਿੱਟੂ ਖਿਲਾਫ ਆਵਾਜ਼ ਬੁਲੰਦ ਕਰ ਦਿੱਤੀ ਹੈ। ਲੰਬੇ ਸਮੇਂ ਤੋਂ ਬਿੱਟੂ ਨਾਲ ਨਾਰਾਜ਼ ਚੱਲ ਰਹੇ ਵਿਧਾਇਕ ਰਾਕੇਸ਼ ਪਾਂਡੇ ਨੇ ਆਪਣੀ ਪਾਰਟੀ ਦੇ ਲੋਕ ਸਭਾ ਮੈਂਬਰ 'ਤੇ ਦੋਸ਼ ਲਾਏ ਹਨ ਕਿ ਉਹ 5 ਸਾਲਾਂ 'ਚ ਲੁਧਿਆਣਾ ਦੇ ਲੋਕਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ।

 ਉਨ੍ਹਾਂ ਕਿਹਾ ਕਿ 2014 'ਚ ਆਨੰਦਪੁਰ ਸਾਹਿਬ ਤੋਂ ਲੁਧਿਆਣਾ ਪੁੱਜਣ 'ਤੇ ਲੁਧਿਆਣਵੀਆਂ ਨੇ ਜੋ ਸੋਚ ਕੇ ਬਿੱਟੂ ਨੂੰ ਲੋਕ ਸਭਾ 'ਚ ਭੇਜਿਆ ਸੀ, ਉਸ 'ਚ ਸ਼ਹਿਰ ਵਾਸੀਆਂ ਨੂੰ ਨਿਰਾਸ਼ਾ ਹੀ ਹਾਸਲ ਹੋਈ ਹੈ। ਰਾਕੇਸ਼ ਪਾਂਡੇ ਨੇ ਕਿਹਾ ਕਿ ਪਾਰਟੀ 'ਚ ਕੋਈ ਵੀ ਟਿਕਟ ਦੀ ਦਾਅਵੇਦਾਰੀ ਕਰ ਸਕਦਾ ਹੈ। ਲੁਧਿਆਣਾ 'ਚੋਂ ਸੀਨੀਅਰ ਹੋਣ ਕਾਰਨ ਉਨ੍ਹਾਂ ਨੇ ਲੋਕ ਸਭਾ ਦੀ ਟਿਕਟ ਮੰਗੀ ਹੈ, ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਇਸ ਬਾਰੇ ਚਰਚਾ ਕੀਤੀ ਹੈ। ਲੁਧਿਆਣਾ ਲੋਕ ਸਭਾ ਹਲਕੇ 'ਚ ਸ਼ਹਿਰੀ ਵੋਟ ਜ਼ਿਆਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਇਸ ਵਾਰ ਇਕ ਹਿੰਦੂ ਚਿਹਰਾ ਪਾਰਟੀ ਅੱਗੇ ਲੈ ਕੇ ਆਵੇ। ਵਿਧਾਇਕ ਪਾਂਡੇ ਨੇ ਕਿਹਾ ਕਿ ਸ਼ਹਿਰ ਦੇ ਬਾਕੀ ਵਿਧਾਇਕ ਵੀ ਬਿੱਟੂ ਤੋਂ ਪਰੇਸ਼ਾਨ ਹਨ ਪਰ ਉਹ ਕਿਸੇ ਕਾਰਨ ਕੁਝ ਬੋਲ ਨਹੀਂ ਰਹੇ। ਉਨਾਂ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ 1989 'ਚ ਪਾਰਟੀ ਤੋਂ ਟਿਕਟ ਮੰਗੀ ਸੀ, ਉਦੋਂ ਪਾਰਟੀ ਨੇ ਗੁਰਚਰਨ ਸਿੰਘ ਗਾਲਿਬ ਨੂੰ ਟਿਕਟ ਦੇ ਦਿੱਤੀ ਸੀ। ਇਸ ਵਾਰ ਫਿਰ ਟਿਕਟ ਮੰਗੀ ਹੈ, ਬਾਕੀ ਪਾਰਟੀ ਹਾਈਕਮਾਨ ਜੋ ਫੈਸਲਾ ਕਰੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।

Babita

This news is Content Editor Babita