ਲੁਧਿਆਣਾ 'ਚ ਵੱਡੀ ਲੀਡ ਨਾਲ ਜਿੱਤੇ 'ਰਵਨੀਤ ਬਿੱਟੂ', ਘਰ 'ਚ ਵਿਆਹ ਵਾਲਾ ਮਾਹੌਲ

05/23/2019 6:14:05 PM

ਲੁਧਿਆਣਾ (ਮਹੇਸ਼, ਹਿਤੇਸ਼, ਮਹਿੰਦਰੂ) : ਲੁਧਿਆਣਾ ਲੋਕ ਸਭਾ ਹਲਕੇ ਤੋਂ ਇਕ ਵਾਰ ਫਿਰ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ। ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬਾਕੀ ਉਮੀਦਵਾਰਾਂ ਨੂੰ ਪਿੱਛੇ ਛੱਡਦੇ ਹੋਏ 76498 ਵੋਟਾਂ ਦੇ ਫਰਕ ਨਾਲ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਰਵਨੀਤ ਬਿੱਟੂ ਨੇ 383284 ਵੋਟਾਂ ਹਾਸਲ ਕਰਕੇ ਪੀ. ਡੀ. ਏ. ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਹਰਾਇਆ ਹੈ। ਸਿਮਰਜੀਤ ਸਿੰਘ ਬੈਂਸ ਨੂੰ 306786 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਅਕਾਲੀ-ਭਾਜਪਾ ਦੇ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ 298963 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ ਹਨ। ਆਮ ਆਦਮੀ ਪਾਰਟੀ ਦੇ ਪ੍ਰੋ. ਤੇਜਪਾਲ ਸਿੰਘ ਗਿੱਲ ਨੂੰ ਸਿਰਫ 15794 ਵੋਟਾਂ ਹੀ ਹਾਸਲ ਹੋ ਸਕੀਆਂ ਹਨ। 


ਮਾਂ ਨੇ ਕੀਤਾ ਰੱਬ ਦਾ ਧੰਨਵਾਦ
ਬਿੱਟੂ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਮਾਤਾ ਨੇ ਰੱਬ ਦਾ ਧੰਨਵਾਦ ਕੀਤਾ ਹੈ। ਜਿੱਥੇ ਇਸ ਜਿੱਤ 'ਤੇ ਕਾਂਗਰਸੀਆਂ ਵਲੋਂ ਭੰਗੜੇ ਪਾ ਕੇ ਜਸ਼ਨ ਮਨਾਏ ਜਾ ਰਹੇ ਹਨ ਅਤੇ ਹਰ ਪਾਸੇ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਰਵਨੀਤ ਬਿੱਟੂ ਦੇ ਘਰ ਵੀ ਵਿਆਹ ਵਾਲਾ ਮਾਹੌਲ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। 

ਰਵਨੀਤ ਬਿੱਟੂ ਨਾਲ ਕਾਂਗਰਸ ਨੇ ਲਾਈ ਹੈਟਰਿਕ
ਇਸ ਵਾਰ ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਜਿੱਥੇ ਰਵਨੀਤ ਬਿੱਟੂ ਨੇ ਹੈਟਰਿਕ ਬਣਾ ਲਈ ਹੈ, ਉੱਥੇ ਹੀ ਕਾਂਗਰਸ ਨੂੰ ਵੀ ਇਹ ਸੀਟ ਦੁਬਾਰਾ ਮਿਲ ਗਈ ਹੈ। ਕਾਂਗਰਸ ਨੇ ਲੁਧਿਆਣਾ 'ਚ ਸਾਲ 2009, 2014 ਅਤੇ ਹੁਣ 2019 'ਚ ਜਿੱਤ ਦਰਜ ਕੀਤੀ ਸੀ। ਰਵਨੀਤ ਬਿੱਟੂ ਨੇ ਇਕ ਵਾਰ ਲੁਧਿਆਣਾ ਅਤੇ ਇਕ ਵਾਰ ਸ੍ਰੀ ਆਨੰਦਪੁਰ ਸਾਹਿਬ ਸੀਟ 'ਤੇ ਜਿੱਤ ਹਾਸਲ ਕੀਤੀ ਹੈ। 

Babita

This news is Content Editor Babita