ਬਿੱਟੂ ਦੇ ਨਜ਼ਦੀਕੀ ਗੁਰਦੀਪ ਰਾਏ ਚੱਕ ਸਰਬਣਨਾਥ ਦੇ ਸਰਬ ਸੰਮਤੀ ਨਾਲ ਸਰਪੰਚ ਬਣੇ

12/21/2018 12:46:21 PM

ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦੇ ਨਜ਼ਦੀਕੀ ਸਾਥੀ ਤੇ ਕਾਂਗਰਸੀ ਆਗੂ ਗੁਰਦੀਪ ਸਿੰਘ ਰਾਏ ਦੇ ਪਿੰਡ ਚੱਕ ਸਰਬਣ ਨਾਥ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਏ ਗਏ ਹਨ। ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੀ ਤਾਂ ਪਿੰਡ ਦੇ ਲੋਕਾਂ ਦੀ ਚਾਹਤ ਸੀ ਕਿ ਪਿੰਡ ਦਾ ਸਰਪੰਚ ਉਹ ਵਿਅਕਤੀ ਬਣੇ ਜਿਸ ਦੀ ਸਰਕਾਰੇ ਦਰਬਾਰੇ ਪਹੁੰਚ ਹੋਵੇ ਤਾਂ ਜੋ ਉਹ ਆਪਣੇ ਰਸੂਖ ਦੇ ਨਾਲ ਪਿੰਡ ਲਈ ਗ੍ਰਾਂਟਾ ਦੇ ਗੱਫੇ ਲਿਆ ਕੇ ਪਿੰਡ ਦੀ ਨੁਹਾਰ ਬਦਲ ਸਕੇ, ਜਿਸ ਕਰਕੇ ਪਿੰਡ ਦੇ ਲੋਕਾਂ ਦੀ ਭਾਲ ਗੁਰਦੀਪ ਸਿੰਘ ਰਾਏ 'ਤੇ ਆ ਕੇ ਖਤਮ ਹੋਈ ਅਤੇ ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਗੁਰਦੀਪ ਸਿੰਘ ਰਾਏ ਨੂੰ ਸਰਪੰਚ ਬਣਾਉਣ ਦਾ ਐਲਾਨ ਕਰ ਦਿੱਤਾ। 
ਗੁਰਦੀਪ ਸਿੰਘ ਰਾਏ ਪਹਿਲਾਂ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਇਸ ਵਾਰ ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਮਾਣ ਬਖ਼ਸ਼ਿਆ ਹੈ ਅਤੇ ਉਹ ਲੋਕਾਂ ਦੀਆਂ ਆਸਾਂ 'ਤੇ ਖ਼ਰਾ ਉਤਰਨਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਸਰਪੰਚ ਰਹਿੰਦਿਆਂ ਉਨ੍ਹਾਂ ਨੇ 50 ਲੱਖ ਰੁਪਏ ਪਿੰਡ ਦੇ ਵਿਕਾਸ 'ਤੇ ਖਰਚ ਕੀਤੇ ਇਸ ਵਾਰ ਵੀ ਉਹ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਯਤਨਾਂ ਸਦਕਾ ਪਿੰਡ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਨਵੇਂ ਚੁਣੇ ਗਏ ਸਰਪੰਚ ਗੁਰਦੀਪ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਪਿੰਡ ਦਾ ਸਰਵਪੱਖੀ ਵਿਕਾਸ ਤੇ ਲੋਕ ਸੇਵਾ ਹੈ ਜਿਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ।