ਝੂਠੇ ਜਬਰ-ਜ਼ਨਾਹ ਦੇ ਦੋਸ਼ ਲਾ ਕੇ ਬਲੈਕਮੇਲ ਕਰਨ ਦੇ ਮਾਮਲੇ ''ਚ 2 ਨਾਮਜ਼ਦ

09/15/2017 1:01:17 AM

ਜ਼ੀਰਾ(ਗੁਰਮੇਲ)-ਝੂਠੇ ਜਬਰ-ਜ਼ਨਾਹ ਦੇ ਕੇਸ 'ਚ ਫਸਾਉਣ ਦਾ ਡਰਾਵਾ ਦੇ ਕੇ ਬਲੈਕ ਮੇਲ ਕਰਕੇ 10 ਲੱਖ ਦੀ ਮੰਗ ਕਰਨ ਵਾਲੇ ਇਕ ਔਰਤ ਤੇ ਉਸਦੇ ਸਾਥੀ ਵਿਰੁੱਧ ਜ਼ੀਰਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਦਾ ਸਾਹਮਣਾ ਕਰ ਰਹੇ ਵਿਅਕਤੀ ਨੇ ਸ਼ਰਮ ਦੇ ਮਾਰੇ ਕੀਟਨਾਸ਼ਕ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਮ੍ਰਿਤਕ ਸੁਖਵਿੰਦਰ ਸਿੰਘ ਉਰਫ਼ ਸ਼ਿੰਦਾ ਵਾਸੀ ਸ਼ਾਹਵਾਲਾ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਸੁਖਦੇਵ ਸਿੰਘ ਵਾਸੀ ਮੱਲੇਵਾਲਾ ਉਸਦੇ ਪਿਤਾ ਦਾ ਜਾਣਕਾਰ ਹੈ ਅਤੇ ਕਿਸੇ ਆਪਸੀ ਰੰਜਿਸ਼ ਕਾਰਨ ਉਸਨੇ ਜੋਤੀ ਜੋ ਫਿਰੋਜ਼ਪੁਰ ਦੀ ਵਸਨੀਕ ਹੈ ਨਾਲ ਮਿਲ ਕੇ ਉਸਦੇ ਪਿਤਾ ਖਿਲਾਫ਼ ਫਿਰੋਜ਼ਪੁਰ ਵਿਖੇ ਜਬਰ-ਜ਼ਨਾਹ ਸਬੰਧੀ ਝੂਠੀ ਦਰਖ਼ਾਸਤ ਦੇ ਦਿੱਤੀ ਸੀ ਅਤੇ ਉਕਤ ਵਿਅਕਤੀ ਰਾਜ਼ੀਨਾਮੇ ਲਈ 10 ਲੱਖ਼ ਦੀ ਮੰਗ ਕਰਦੇ ਸਨ।  ਝੂਠੇ ਦੋਸ਼ 'ਚ ਸ਼ਰਮਸਾਰ ਹੁੰਦੇ ਉਸ ਦੇ ਪਿਤਾ ਨੇ ਕੀਟਨਾਸ਼ਕ ਪੀ ਕੇ ਆਤਮ ਹੱਤਿਆ ਕਰ ਲਈ । ਜਿਸਦੀ ਮੌਤ ਲਈ ਉਕਤ ਔਰਤ ਤੇ ਵਿਅਕਤੀ ਜ਼ਿੰਮੇਵਾਰ ਹਨ। ਪੁਲਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸੁਖਦੇਵ ਸਿੰਘ ਉਰਫ਼ ਸੁੱਖ਼ਾ ਵਾਸੀ ਮੱਲੇਵਾਲਾ ਅਤੇ ਜੋਤੀ ਵਾਸੀ ਫਿਰੋਜ਼ਪੁਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਪੜਤਾਲ ਏ.ਐੱਸ.ਆਈ. ਅਮਰਜੀਤ ਸਿੰਘ ਕਰ ਰਹੇ ਹਨ।